ਦੋਸਤ ਦੇ ਵਿਆਹ ‘ਚ ਪਹੁੰਚੇ ਡੋਨਾਲਡ ਟਰੰਪ, ਰੋਣ ਲੱਗੇ ਆਪਣੇ ਦੁੱਖੜਾ

108
Share

ਵਾਸ਼ਿੰਗਟਨ, 1 ਅਪ੍ਰੈਲ  (ਪੰਜਾਬ ਮੇਲ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਸ਼ਨੀਵਾਰ ਇਕ ਵਿਆਹ ਦੇ ਪ੍ਰੋਗਰਾਮ ਵਿਚ ਜੋੜੇ ਨੂੰ ਵਧਾਈ ਦੇਣ ਪਹੁੰਚੇ ਪਰ ਇਥੇ ਵੀ ਉਹ ਆਪਣੇ ਅਤੇ ਆਪਣੇ ਸਿਆਸੀ ਉੱਤਰਾਧਿਕਾਰੀ ਜੋ ਬਾਈਡੇਨ ਸਬੰਧੀ ਗੱਲ ਕਰਨ ਲੱਗੇ। ਟਰੰਪ ਵ੍ਹਾਈਟ ਹਾਊਸ ਛੱਡਣ ਤੋਂ ਬਾਅਦ ਫਲੋਰੀਡਾ ਦੇ ਮਾਰ-ਏ-ਲਾਗੋ ਰਿਜ਼ਾਰਟ ਵਿਚ ਰਹਿ ਰਹੇ ਹਨ। ਇਸ ਰਿਜ਼ਾਰਟ ਵਿਚ ਉਹ ਇਕ ਵਿਆਹ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਏ। ਵਿਆਹ ਵਿਚ ਪਹੁੰਚੇ ਟਰੰਪ ਨੇ ਸਵਾਲ ਕਿ ਕੀ ਤੁਸੀਂ ਲੋਕ ਮੈਨੂੰ ਯਾਦ ਕਰਦੇ ਹੋ?  ਰਿਪੋਰਟ ਮੁਤਾਬਕ ਟਰੰਪ ਆਪਣੇ ਪੁਰਾਣੇ ਦੋਸਤ ਮੇਗਨ ਨੋਡਰਰ ਅਤੇ ਜਾਨ ਐਰੀਗੋ ਦੇ ਵਿਆਹ ਵਿਚ ਪਹੁੰਚੇ ਸਨ।

ਟਰੰਪ ਨੇ ਆਪਣੇ ਵਧਾਈ ਵਾਲੇ ਭਾਸ਼ਣ ਦੀ ਵਰਤੋਂ ਆਪਣੇ ਉਤਰਾਧਿਕਾਰੀ ਜੋ ਬਾਈਡੇਨ ‘ਤੇ ਨਿਸ਼ਾਨਾ ਵਿੰਨ੍ਹਣ ਵਿਚ ਕੀਤੀ। ਟਰੰਪ ਨੇ ਭਾਸ਼ਣ ਵਿਚ ਅਮਰੀਕੀ-ਮੈਕਸੀਕੋ ਸਰਹੱਦ, ਚੀਨ ਅਤੇ ਈਰਾਨ ਸਣੇ ਤਮਾਮ ਮੁੱਦਿਆਂ ‘ਤੇ ਬਾਈਡੇਨ ਨੂੰ ਘੇਰਿਆ। ਟਰੰਪ ਨੇ ਸਰਹੱਦ ‘ਤੇ ਮੁਕਾਬਲੇ ਨੂੰ ਲੈ ਕੇ ਆਖਿਆ ਕਿ ਸਾਡੇ ਬੱਚਿਆਂ ਨਾਲ ਕੀ ਹੋ ਰਿਹਾ ਹੈ? ਉਹ ਬਹੁਤ ਹੀ ਭਿਆਨਕ ਹਾਲਾਤਾਂ ਵਿਚ ਰਹਿ ਰਹੇ ਹਨ, ਅਜਿਹਾ ਪਹਿਲਾਂ ਕਦੇ ਦੇਖਣ ਨੂੰ ਨਹੀਂ ਮਿਲਿਆ। ਬਾਈਡੇਨ ਦੇ ਆਉਣ ਤੋਂ ਬਾਅਦ ਵੱਡੀ ਗਿਣਤੀ ਵਿਚ ਰਫਿਊਜ਼ੀਆਂ ਨੇ ਅਮਰੀਕਾ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਟਰੰਪ ਦੀ ਇਸ ਗੱਲ ਨੂੰ ਲੈ ਕੇ ਆਲੋਚਨਾ ਹੁੰਦੀ ਰਹੀ ਹੈ ਕਿ ਰਫਿਊਜ਼ੀਆਂ ‘ਤੇ ਉਨ੍ਹਾਂ ਦੀ ਨੀਤੀ ਨਾਲ ਸਰਹੱਦ ‘ਤੇ ਕਈ ਪਰਿਵਾਰਾਂ ਦੇ ਮੈਂਬਰ ਇਕ-ਦੂਜੇ ਤੋਂ ਵਿੱਛੜ ਗਏ ਅਤੇ ਬੱਚਿਆਂ ਨੂੰ ਪਿੰਜਰਿਆਂ ਵਿਚ ਰੱਖਿਆ ਗਿਆ।

ਟਰੰਪ ਨੇ ਨਵੰਬਰ ਮਹੀਨੇ ਵਿਚ ਚੋਣਾਂ ‘ਤੇ ਇਕ ਵਾਰ ਤੋਂ ਸਵਾਲ ਖੜ੍ਹੇ ਕੀਤੇ ਅਤੇ ਆਖਿਆ ਕਿ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਵਿਚ ਹੇਰਫੇਰ ਹੋਈ ਸੀ। ਹਾਲਾਂਕਿ ਰਾਸ਼ਟਰਪਤੀ ਚੋਣਾਂ ਵਿਚ ਟਰੰਪ ਬਾਈਡੇਨ ਤੋਂ 70 ਲੱਖ ਵੋਟਾਂ ਘੱਟ ਹੋਣ ਕਰ ਕੇ ਹਾਰ ਗਏ ਸਨ ਅਤੇ ਚੋਣਾਂ ਦੇ ਨਤੀਜਿਆਂ ਨੂੰ ਗੈਰ-ਕਾਨੂੰਨੀ ਸਾਬਿਤ ਕਰਨ ਦੀ ਉਨ੍ਹਾਂ ਦੀ ਹਰ ਕੋਸ਼ਿਸ਼ ਨਾਕਾਮ ਰਹੀ ਸੀ। ਭਾਸ਼ਣ ਦੇ ਆਖਿਰ ਵਿਚ ਸਾਬਕਾ ਰਾਸ਼ਟਰਪਤੀ ਟਰੰਪ ਨੇ ਨਵੇਂ ਵਿਆਹੇ ਜੋੜੇ ਨੂੰ ਵਧਾਈ ਦਿੱਤੀ। ਟਰੰਪ ਨੇ ਆਖਿਆ ਕਿ ਤੁਸੀਂ ਬੇਹੱਦ ਸ਼ਾਨਦਾਰ ਅਤੇ ਖੂਬਸੂਰਤ ਕੱਪਲ ਹੋ।


Share