ਦੇਸ਼ ਦੇ ਰਾਸ਼ਟਰੀ ਗੀਤ ‘ਚ ਆਜ਼ਾਦ ਧਰਤੀ ਦੀ ਰੱਖਿਆ ਲਈ ਅਰਦਾਸ ਹੈ ‘ਗੌਡ ਡਿਫੈਂਡ ਨਿਊਜ਼ੀਲੈਂਡ’

752

ਨਿਊਜ਼ੀਲੈਂਡ ਵਾਸੀਓ! ਚਿੰਤਾ ਨਾ ਕਰੋ
-ਇਕ ਪੱਤਰਕਾਰ ਤੇ ਕਵੀ ਨੇ ਲਿਖਿਆ ਸੀ ਇਹ ਰਾਸ਼ਟਰੀ ਗੀਤ
ਔਕਲੈਂਡ, 7 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ/ ਪੰਜਾਬ ਮੇਲ)- ਕਹਿੰਦੇ ਨੇ ਜੇਕਰ ਤੁਸੀਂ ਸੂਰਜ ਵੱਲ ਮੂੰਹ ਰੱਖੋਗੇ ਤਾਂ ਪਰਛਾਵਾਂ ਕਦੀ ਨਜ਼ਰ ਨਹੀਂ ਆਏਗਾ। ਦੂਜੇ ਸ਼ਬਦਾਂ ‘ਚ ਇਕ ਅੰਗਰੇਜ ਵਿਦਵਾਨ ਦਾ ਕਹਿਣਾ ਹੈ ਕਿ ”ਕੁਝ ਵੀ ਸਕਾਰਾਤਮਕ ਸੋਚਣਾ ਕੁਝ ਵੀ ਨਕਾਰਾਤਮਕ ਨਾ ਸੋਚਣ ਨਾਲੋਂ ਬਿਹਤਰ ਹੈ। “Positive anything is better than negative nothing”।  ਅੱਜ ਕਰੋਨਾ ਵਾਇਰਸ ਨੇ ਵਿਸ਼ਵ ਨੂੰ ਮੌਤ ਦੇ ਪਰਛਾਂਵੇਂ ਥੱਲੇ ਰਹਿਣ ਲਈ ਮਜ਼ਬੂਰ ਕੀਤਾ ਹੋਇਆ ਹੈ। ਡਾਕਟਰਾਂ ਦੀ ਸਲਾਹ ਵੀ ਹੈ ਕਿ ਅਜਿਹੇ ਸਮੇਂ ਤੁਹਾਡਾ ਮਨੋਬਲ ਹੇਠਾਂ ਡਿਗੇਗਾ ਤਾਂ ਤੁਸੀਂ ਢਹਿੰਦੀ ਕਲਾ ਵਿਚ ਜਾਵੋਗੇ ਅਤੇ ਠੀਕ ਹੋਣ ਦੇ ਮੌਕੇ ਘਟਣਗੇ। ਅਕਸਰ ਔਖੇ ਸਮੇਂ ਲੋਕ ਆਪਣੇ ਇਸ਼ਟ ਨੂੰ ਅਤੇ ਕੁਦਰਤ ਦੇ ਰਚਣਹਾਰੇ ਨੂੰ ਯਾਦ ਕਰਦੇ ਹਨ। ਡਾਕਟਰਾਂ ਦੇ ਕਮਰਿਆਂ ਵਿਚ ਵੀ ਗੁਰੂਆਂ ਪੀਰਾਂ ਦੀਆਂ ਤਸਵੀਰਾਂ ਜਾਂ ਧਾਰਮਿਕ ਤੁਕਾਂ ਲਿਖੀਆਂ ਹੁੰਦੀਆਂ ਹਨ ਜਿਹੜੀਆਂ ਦਰਸਾਉਂਦੀਆਂ ਹਨ ਕਿ ਕਿਤੇ ਨਾ ਕਿਤੇ ਕੋਈ ਅਦਿੱਥ ਸ਼ਕਤੀ ਹੈ ਜਿਹੜੀ ਤੁਹਾਡੇ ਮਨੋਬਲ ਨੂੰ ਉਚਾ ਚੁੱਕਦੀ ਹੈ। ਨਿਊਜ਼ੀਲੈਂਡ ਦੇਸ਼ ਦੇ ਰਾਸ਼ਟਰੀ ਗੀਤ ‘ਗੌਡ ਡਿਫੈਂਡ ਨਿਊਜ਼ੀਲੈਂਡ’ ਦੇ ਵਿਚ ਵੀ ਅਜਿਹੀ ਝਲਕ ਪੈਂਦੀ ਹੈ ਜਿਸ ਕਰਕੇ ਨਿਊਜ਼ੀਲੈਂਡ ਵਾਸੀਆਂ ਨੂੰ ਚਿੰਤਾ ਮੁਕਤ ਹੋਣ ਲਈ ਪ੍ਰੇਰਨਾ ਮਿਲਦੀ ਰਹਿੰਦੀ ਹੈ। ਨਿਊਜ਼ੀਲੈਂਡ ਦੇ ਦੋ ਰਾਸ਼ਟਰੀ ਗੀਤ ਹਨ ਅਤੇ ਜਿਨ੍ਹਾਂ ਵਿਚੋਂ ਇਹ ਰਾਸ਼ਟਰੀ ਗੀਤ ਹੀ ਜਿਆਦਾ ਗਾਇਆ ਜਾਂਦਾ ਹੈ। ਮੁੱਢਲੇ ਰੂਪ ਵਿਚ ਇਹ ਇਕ ਕਵਿਤਾ ਸੀ ਅਤੇ 1876 ਦੇ ਵਿਚ ਇਸਨੂੰ ਸੰਗੀਤਬੱਧ ਕੀਤਾ ਗਿਆ ਸੀ। ਇਸ ਗੀਤ ਦਾ ਰਚਣਹਾਰਾ ਇਰਿਸ਼ ਦਾ ਜੰਮਪਲ, ਵਿਕਟੋਰੀਆ ‘ਚ ਪਲਿਆ ਅਤੇ ਨਿਊਜ਼ੀਲੈਂਡ ਵਸਿਆ ਸਵ. ਥਾਮਸ ਬ੍ਰੈਕਨ ਸੀ। ਜੋ ਪੱਤਰਕਾਰ ਤੇ ਕਵੀ ਸੀ। ਉਹ ਡੁਨੀਡਨ ਸ਼ਹਿਰ ਵਿਖੇ ਰਹਿੰਦੇ ਸਨ। 1870 ਦੇ ਵਿਚ ਇਹ ਕਵਿਤਾ ਉਸਨੇ ਲਿਖੀ ਸੀ। 1878 ਦੇ ਵਿਚ ਇਸਦਾ ਮਾਓਰੀ ਸੰਗੀਤਕ ਰੂਪ ਵੀ ਜਾਰੀ ਕੀਤਾ ਗਿਆ। 1940 ਤੱਕ ਇਹ ਸੰਗੀਤ ਬੱਧ ਕਵਿਤਾ ਬਹੁਤ ਹੀ ਮਸ਼ਹੂਰ ਹੋ ਗਈ ਸੀ ਅਤੇ ਸਰਕਾਰ ਨੇ ਇਸਦੇ ਰਾਖਵੇਂ ਹੱਕ ਲੈ ਕੇ ਇਸ ਨੂੰ ਦੂਜੇ ਰਾਸ਼ਟਰ ਉਸਤਿਤ ਗੀਤ (ਰਾਸ਼ਟਰੀ ਗੀਤ) ਦੇ ਰੂਪ ਵਿਚ ਬ੍ਰਿਟਿਸ਼ ਇੰਪਾਇਰ ਖੇਡਾਂ-1950 ਅਤੇ ਓਲੰਪਿਕਸ 1972 ਵਿਚ ਵਰਤਿਆ । ਉਂਝ 1970 ਤੱਕ ‘ਗੌਡ ਸੇਵ ਦਾ ਕੁਈਨ’ ਰਾਸ਼ਟਰੀ ਗੀਤ ਇਕੋ-ਇਕ ਰਾਸ਼ਟਰੀ ਗੀਤ ਸੀ, ਜਿਸ ਦੀ ਵਰਤੋਂ ਆਮ ਹੁੰਦੀ ਸੀ। 1973 ਦੇ ਵਿਚ ਦੇਸ਼ ਦੇ ਰਾਸ਼ਟਰੀ ਝੰਡੇ ਦੇ ਬਦਲਾਅ, ਨਿਊਜ਼ੀਲੈਂਡ ਨੂੰ ਗਣਰਾਜ ਅਤੇ ਰਾਸ਼ਟਰੀ ਗੀਤ ਨੂੰ ਬਦਲਣ ਲਈ ਵੋਟਾਂ ਪਈਆਂ ਪਰ ਗੱਲ ਨਾ ਬਣੀ। 1976 ਦੇ ਵਿਚ ਪਾਰਲੀਮੈਂਟ ਦੇ ਵਿਚ ਪਟੀਸ਼ਨ ਪਈ ਕਿ ਇਸਨੂੰ ਰਾਸ਼ਟਰੀ ਗੀਤ ਦੇ ਰੂਪ ਵਜੋਂ ਪੱਕੀ ਮਾਨਤਾ ਦਿੱਤੀ ਜਾਵੇ। ਰਾਣੀ ਏਲਿਜ਼ਾਬੇਥ-2 ਦੀ ਆਗਿਆ ਨਾਲ 21 ਨਵੰਬਰ 1977 ਨੂੰ ਇਸ ਨੂੰ ਦੇਸ਼ ਦਾ ਦੂਜਾ ਪੱਕਾ ਰਾਸ਼ਟਰੀ ਗੀਤ ਮੰਨ ਲਿਆ ਗਿਆ ਅਤੇ ਇਹ ਅੱਜ ਜਿਆਦਾ ਵਰਤੋਂ ਵਿਚ ਹੈ। ਰਗਬੀ ਵਰਲਡ ਕੱਪ ਦੇ ਵਿਚ ਇੰਗਲਿਸ਼ ਦਾ ਇਹ ਗੀਤ ਅਤੇ ਮਾਓਰੀ ਭਾਸ਼ਾ ਦਾ ਰਾਸ਼ਟਰੀ ਗੀਤ ਗਾਇਆ ਜਾਂਦਾ ਹੈ। ਇਨ੍ਹਾਂ ਗੀਤਾਂ ਦੇ ਪੰਜ-ਪੰਜ ਛੰਦ ਹਨ। ਇਨ੍ਹਾਂ ਰਾਸ਼ਟਰੀ ਗੀਤਾਂ ਦੇ ਵਿਚ ਭਿੰਨਭੇਦ ਤੋਂ ਬਿਨਾਂ ਸਾਰੇ ਲੋਕਾਂ ਦੀ ਭਲਾਈ ਮੰਗੀ ਗਈ ਹੈ।