ਦੂਜੇ ਰਾਜਾਂ ਦੇ ਕਿਸਾਨਾਂ ਨੇ ਵੀ ਟਰੈਕਟਰ-ਟਰਾਲੀਆਂ ਨਾਲ ਦਿੱਲੀ ਵੱਲ ਬੋਲਿਆ ਧਾਵਾ

293
Share

ਨਵੀਂ ਦਿੱਲੀ, 4 ਦਸੰਬਰ (ਪੰਜਾਬ ਮੇਲ)- ਤਿੰਨ ਨਵੇਂ ਕੇਂਦਰੀ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਪੰਜਾਬ, ਹਰਿਆਣਾ ਸਮੇਤ ਕਈ ਰਾਜਾਂ ਦੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ 8ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਦਿੱਲੀ-ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਲਗਪਗ ਦਰਜਨਾਂ ਬਾਰਡਰ ਸੀਲ ਹਨ, ਜਿਸ ਕਾਰਨ ਆਮ ਲੋਕਾਂ ਨੂੰ ਆਵਾਜਾਈ ’ਚ ਡਾਢੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੋਦੀ ਸਰਕਾਰ ਲਈ ਮੁਸੀਬਤ ਵਧਦੀ ਜਾ ਰਹੀ ਹੈ ਕਿਉਂਕਿ ਦੂਜੇ ਰਾਜਾਂ ਦੇ ਕਿਸਾਨਾਂ ਨੇ ਵੀ ਟਰੈਕਟਰ-ਟਰਾਲੀਆਂ ਨਾਲ ਦਿੱਲੀ ‘ਤੇ ਧਾਵਾ ਬੋਲ ਦਿੱਤਾ ਹੈ। ਯੂਪੀ, ਰਾਜਸਥਾਨ ਤੇ ਮੱਧ ਪ੍ਰਦੇਸ਼ ਤੋਂ ਵੱਡੀ ਗਿਣਤੀ ਕਿਸਾਨ ਦਿੱਲੀ ਵੱਲ ਚੱਲ ਪਏ ਹਨ।
ਦਿੱਲੀ ਵੱਲ ਜਾ ਰਹੇ ਮੱਧ ਪ੍ਰਦੇਸ਼ ਦੇ ਕਿਸਾਨਾਂ ਨੇ ਅੱਜ ਸ਼ੁੱਕਰਵਾਰ ਸਵੇਰ ਤੋਂ ਰਾਸ਼ਟਰੀ ਰਾਜਮਾਰਗ-19 ਉੱਤੇ ਡੇਰੇ ਲਾ ਦਿੱਤੇ ਹਨ ਕਿਉਂਕਿ ਪਲਵਲ ਪੁਲਿਸ ਨੇ ਕੇਐਮਪੀ ਐਕਸਪ੍ਰੈਸ ਤੋਂ ਪਹਿਲਾਂ ਕਿਸਾਨਾਂ ਨੂੰ ਰੋਕ ਲਿਆ ਹੈ। ਟ੍ਰੈਕਟਰਾਂ-ਟ੍ਰਾਲੀਆਂ ਉੱਤੇ ਸਵਾਰ ਸੈਂਕੜੇ ਕਿਸਾਨ ਹਾਈਵੇਅ ਉੱਤੇ ਜਮ੍ਹਾ ਹਨ। ਉੱਧਰ ਪੁਲਿਸ ਵੀ ਆਪਣੀਆਂ ਪਾਣੀ ਦੀਆਂ ਬੁਛਾੜਾਂ ਲੈ ਕੇ ਤਿਆਰ ਖੜ੍ਹੀ ਹੈ।
ਇਸ ਤੋਂ ਪਹਿਲਾਂ ਕਿਸਾਨ ਅੰਦੋਲਨ ਦੇ 7ਵੇਂ ਦਿਨ ਵੀਰਵਾਰ ਨੂੰ ਵੀ ਦਿੱਲੀ ਨਾਲ ਲੱਗਦੇ ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਬਾਰਡਰ ਬੰਦ ਰਹੇ। ਗ਼ਾਜ਼ੀਆਬਾਦ ਤੋਂ ਦਿੱਲੀ ਵੱਲ ਆਉਣ ਵਾਲੇ ਮੇਰਠ-ਦਿੱਲੀ ਐਸਪ੍ਰੈੱਸਵੇਅ ਨੂੰ ਕਿਸਾਨਾਂ ਨੇ ਵੀਰਵਾਰ ਸਵੇਰੇ ਹੀ ਬੰਦ ਕਰ ਦਿੱਤਾ ਸੀ ਪਰ ਉਨ੍ਹਾਂ ਮਰੀਜ਼ਾਂ ਨੂੰ ਲਿਜਾ ਰਹੀ ਐਂਬੂਲੈਂਸ ਨੂੰ ਨਹੀਂ ਰੋਕਿਆ।
ਅੱਜ ਸ਼ੁੱਕਰਵਾਰ ਨੂੰ 8ਵੇਂ ਦਿਨ ਲਗਾਤਾਰ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ ਦੇ ਵਾਹਨ ਚਾਲਕਾਂ ਨੂੰ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਉਂਝ ਭਾਵੇਂ ਦਿੱਲੀ-ਐਨਸੀਆਰ ਵਿੱਚ ਆਵਾਜਾਈ ਕੁਝ ਬਦਲਵੇਂ ਰਸਤੇ ਹਨ ਪਰ ਉੱਥੇ ਵੱਡੇ-ਵੱਡੇ ਜਾਮ ਲੱਗਣ ਕਾਰਨ ਆਮ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


Share