ਦੁੱਬਈ ਦੀ ਸ਼ਹਿਜਾਦੀ ਹੇਂਦ ਅਲ ਕਾਸਿਮੀ ਦਾ ਬਿਆਨ ਮਨੁੱਖਤਾ ਪੱਖੀ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਰਪ

773
Share

ਪੈਰਿਸ, 22 ਅਪ੍ਰੈਲ (ਪੰਜਾਬ ਮੇਲ)- ਦੁੱਬਈ ਦੀ ਸ਼ਹਿਜ਼ਾਦੀ ਹੇਂਦ ਅਲ ਕਾਸਿਮੀ ਨੇ ਕੋਰੋਨਾਵਾਇਰਸ ਦੇ ਚੱਲਦੇ ਭਾਰਤ ‘ਚ ਤਬਲੀਗੀ ਜਮਾਤ ਦੇ ਲੋਕਾਂ ਵਿਰੁੱਧ ਨਫਰਤ ਫੈਲਾਉਣ ਦੇ ਕੋਝੇ ਯਤਨਾਂ ਨੂੰ ਸਖਤੀ ਨਾਲ ਖਤਮ ਕਰਨ ਦੇ ਸੰਕੇਤ ਦਿੱਤੇ ਹਨ। ਦੁਬਈ ਵਿਚ ਜਿੱਥੇ ਅਜਿਹੇ ਲੋਕਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਉਥੇ ਉਨ੍ਹਾਂ ਨੂੰ ਉਨ੍ਹਾਂ ਦੇ ਮੁਲਕਾਂ ਵਿਚ ਵਾਪਸ ਭੇਜਿਆ ਜਾਵੇਗਾ। ਯਾਦ ਰਹੇ ਪਿਛਲੇ ਦਿਨੀਂ ਮੁਸਲਮਾਨਾਂ ਦੇ ਇਕ ਵਰਗ ਦੇ ਦਿੱਲੀ ‘ਚ ਹੋਏ ਧਾਰਮਿਕ ਸਮਾਗਮ ਵਿਚ ਦੁਨੀਆਂ ਤੋਂ ਸ਼ਾਮਲ ਹੋਣ ਆਏ ਲੋਕਾਂ ਦੇ ਸਮੂਹ ਵਿਚੋਂ ਕੋਰੋਨਾਵਾਇਰਸ ਦੇ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਸੀ। ਜੋ ਇਲਾਜ ਲਈ ਹਸਪਤਾਲਾਂ ‘ਚ ਦਾਖਲ ਨਹੀਂ ਹੋਏ। ਜਿਸ ਨਾਲ ਬਹੁ ਭਾਰਤੀ ਮੀਡੀਆ ਵਲੋਂ ਧਰਮ ਦੇ ਆਧਾਰ ਨੂੰ ਲੈ ਕੇ ਨਫਰਤ ਫੈਲਾਈ ਜਾ ਰਹੀ ਹੈ। ਇਕ ਖਾਸ ਵਰਗ ਵਲੋਂ ਭਾਰਤ ਵਿਚ ਸਾਰੀਆਂ ਘੱਟ ਗਿਣਤੀਆਂ ਵਿਰੁੱਧ ਕੋਰੋਨਾਵਾਇਰਸ ਦੀ ਆੜ ਵਿਚ ਸੋਸ਼ਲ ਮੀਡੀਆ ਅਤੇ ਟੀ.ਵੀ. ਚੈਨਲਾਂ ਉਪਰ ਧਾਰਮਿਕ ਪਹਿਚਾਣ ਦੇ ਕੇ ਨਫਰਤ ਪੈਦਾ ਕਰਨ ਦੇ ਯਤਨ ਜਾਰੀ ਹਨ। ਇਸੇ ਤਰ੍ਹਾਂ ਹੀ ਪੰਜਾਬ ‘ਚ ਵੀ ਇਕ ਐੱਨ.ਆਰ.ਆਈਜ਼ ਨੂੰ ਕੋਰੋਨਾਵਾਇਰਸ ਪਾਜ਼ੀਟਿਵ ਮਰੀਜ਼ ਦੇ ਨਾਂ ਹੇਠ ਬਦਨਾਮ ਕਰਨ ਵਿਚ ਕੇਂਦਰੀ ਮੀਡੀਆ ਨੇ ਵੱਡਾ ਰੋਲ ਅਦਾ ਕੀਤਾ, ਜਿਸ ਨਾਲ ਵਿਦੇਸ਼ਾਂ ਵਿਚ ਵਸਦੇ ਲੋਕਾਂ ਵਿਚ ਸਰਕਾਰ ਅਤੇ ਮੀਡੀਆ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਰਪ ਵਲੋਂ ਸ. ਜਸਪਾਲ ਸਿੰਘ ਪੰਨੂੰ, ਸ. ਜਗਜੀਤ ਸਿੰਘ ਚੀਮਾ, ਸ. ਤਲਵਿੰਦਰ ਸਿੰਘ ਮਾਵੀ, ਸ. ਹਰਜਾਪ ਸਿੰਘ ਸੰਘਾ, ਸ. ਰਾਜਬੀਰ ਸਿੰਘ ਡਾ, ਸ. ਬਲਦੇਵ ਸਿੰਘ ਸ਼ਾਹਕੋਟ, ਸ. ਜਗਦੀਸ਼ ਸਿੰਘ ਫਤਹਿਗੜ੍ਹ ਸਾਹਿਬ, ਸ. ਨਿਹਾਲ ਸਿੰਘ ਸੁਭਾਨਪੁਰ, ਸ. ਹਰਜਾਪ ਸਿੰਘ ਸਰੋਆ ਅਤੇ ਸ. ਦਲਵਿੰਦਰ ਸਿੰਘ ਘੁੰਮਣ ਵਲੋਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਦੁਨੀਆਂ ਉਪਰ ਆਈ ਭਿਆਨਕ ਮਹਾਂਮਾਰੀ ਨਾਲ ਰੋਜ਼ਾਨਾ ਹਜ਼ਾਰਾਂ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਹਨ। ਰੱਬ ਰੂਪੀ ਡਾਕਟਰਾਂ ਦੀਆਂ ਸਿਹਤ ਸੇਵਾਵਾਂ ਦਿੰਦਿਆਂ ਮੌਤਾਂ ਹੋ ਰਹੀਆਂ ਹਨ। ਸਾਰੀ ਲੋਕਾਈ ਦਾ ਧਿਆਨ ਇਸ ਬਿਮਾਰੀ ਨਾਲ ਨਜਿੱਠਣ ਲਈ ਲੱਗਾ ਹੋਇਆ ਹੈ। ਇਨ੍ਹਾਂ ਹਾਲਤਾਂ ਵਿਚ ਮਨੁੱਖਤਾ ਦੀ ਭਲਾਈ ਲਈ ਆਵਾਜ਼ ਉੱਠਣੀ ਚਾਹੀਦੀ ਹੈ। ਭਾਰਤ ਦੀ ਪਹਿਲਾਂ ਤੋਂ ਹੀ ਡਿੱਗ ਰਹੀ ਆਰਥਿਕ ਹਾਲਤ ਬੜੀ ਮਾੜੀ ਹਾਲਤ ਵਿਚ ਪਹੁੰਚ ਗਈ ਹੈ। ਅਗਰ ਇਸ ਸਮੇਂ ਦੁਬਈ ਸਰਕਾਰ ਵਲੋਂ ਕੋਈ ਸਖਤ ਕਦਮ ਚੁੱਕਦਿਆਂ ਉਥੇ ਰਹਿੰਦੇ ਭਾਰਤੀ ਬਸ਼ਿੰਦਿਆਂ ਨੂੰ ਵਾਪਸ ਭਾਰਤ ਨੂੰ ਭੇਜਣੇ ਸ਼ੁਰੂ ਕਰ ਦਿੱਤੇ, ਤਾਂ ਭਾਰਤ ਵਿਚ ਵਧੀ ਬੇਰੁਜ਼ਗਾਰੀ ਵਿਚ ਹੋਰ ਵਾਧਾ ਹੋਣ ਦੇ ਨਾਲ-ਨਾਲ ਦੋਵਾਂ ਦੇਸ਼ਾਂ ਦੇ ਆਪਸੀ ਸਬੰਧਾਂ ਉਪਰ ਵੀ ਬੁਰੇ ਅਸਰ ਪੈਣ ਦੀ ਸੰਭਾਵਨਾ ਹੈ। ਇਸ ਤੋਂ ਵੀ ਪਹਿਲਾਂ ਦਿੱਲੀ ਵਿਚ ਮੁਸਲਮਾਨਾਂ ਦੀ ਹੋਈ ਨਸਲਕੁਸ਼ੀ ਲਈ ਇਰਾਨ ਦੀ ਸਰਕਾਰ ਦੇ ਵਿਦੇਸ਼ ਮੰਤਰੀ ਜ਼ਰੀਫ ਨੇ ਕਿਹਾ ਸੀ ਕਿ ”ਇਰਾਨ ਭਾਰਤੀ ਮੁਸਲਮਾਨਾਂ ਦੇ ਖਿਲਾਫ ਸੰਗਠਿਤ ਲਹਿਰ ਦੀ ਨਿੰਦਾ ਕਰਦਾ ਹੈ। ਸਦੀਆਂ ਤੋਂ ਇਰਾਨ ਭਾਰਤ ਦਾ ਮਿੱਤਰ ਰਿਹਾ ਹੈ। ਅਸੀਂ ਭਾਰਤੀ ਅਧਿਕਾਰੀਆਂ ਤੋਂ ਸਾਰੇ ਭਾਰਤੀਆ ਲਈ ਰੱਖਿਆ ਦੇ ਸਖਤ ਪ੍ਰਬੰਧਾਂ ਦੀ ਵਚਨਬੱਧਤਾ ਚਾਹੁੰਦੇ ਹਾਂ”। ਵਿਦੇਸ਼ਾਂ ਵਿਚ ਰਹਿੰਦੇ ਕਰੋੜਾਂ ਭਾਰਤੀਆਂ ਨੂੰ ਸਨਮਾਨਪੂਰਵਕ ਜੀਵਨ ਮਿਲਿਆ ਹੈ। ਭਾਰਤ ‘ਚ ਨਫਰਤ ਦਾ ਅਸਰ ਵਿਦੇਸ਼ਾਂ ਵਿਚ ਰਹਿੰਦੇ ਭਾਰਤੀਆਂ ਉਪਰ ਵੀ ਪੈ ਸਕਦਾ ਹੈ। ਧਾਰਮਿਕ ਮੁੱਦੇ ਬਹੁਤ ਸੰਵੇਦਨਸ਼ੀਲਤਾਂ ਮੰਗਦੇ ਹਨ। ਭਾਰਤ ਸਰਕਾਰ ਨੂੰ ਪਹਿਲ ਦੇ ਆਧਾਰ ‘ਤੇ ਘੱਟ ਗਿਣਤੀਆਂ ਖਿਲਾਫ ਹੋ ਰਹੀਆਂ ਕੋਝੀਆਂ ਹਰਕਤਾਂ ਅਤੇ ਨਫਰਤਾਂ ਨੂੰ ਪਹਿਲ ਦੇ ਆਧਾਰ ‘ਤੇ ਖਤਮ ਕਰਨ ਲਈ ਸਖਤ ਕਦਮ ਚੁੱਕਣ ਦੀ ਫੌਰੀ ਕਾਰਵਾਈ ਕਰਨੀ ਚਾਹੀਦੀ ਹੈ, ਤਾਂ ਕਿ ਨਫਰਤ ਫੈਲਾਉਣ ਵਾਲਿਆਂ ਲਈ ਮਿਸਾਲ ਬਣੇ।


Share