ਦੁਸ਼ਯੰਤ ਚੌਟਾਲਾ ਦੇ ਘਰ ਦਾ ਘਿਰਾਓ ਕਰਨ ਲਈ ਧਰਨਾ ਦੇ ਰਹੇ ਕਿਸਾਨਾਂ ‘ਤੇ ਪੁਲਿਸ ਨੇ ਵਰ੍ਹਾਏ ਅੱਥਰੂ ਗੈਸ ਦੇ ਗੋਲੇ

654
Share

ਸਿਰਸਾ, 6 ਅਕਤੂਬਰ (ਪੰਜਾਬ ਮੇਲ)- ਖੇਤੀ ਕਾਨੂੰਨਾਂ ਖ਼ਿਲਾਫ਼ ਕਰੀਬ ਡੇਢ ਦਰਜਨ ਕਿਸਾਨ ਜਥੇਬੰਦੀਆਂ ਵੱਲੋਂ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਘਰ ਦਾ ਘਿਰਾਓ ਕਰਨ ਲਈ ਧਰਨਾ ਦੇ ਰਹੇ ਕਿਸਾਨਾਂ ‘ਤੇ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਬਰਸਾਏ। ਕਿਸਾਨਾਂ ਨੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਦੇ ਘਰ ਦਾ ਘਿਰਾਓ ਕੀਤਾ। ਪੁਲਿਸ ਨੇ ਕਿਸਾਨਾਂ ਨੂੰ ਚੌਟਾਲਾ ਦੇ ਘਰ ਤੋਂ ਦੋ ਸੌ ਮੀਟਰ ਪਹਿਲਾਂ ਹੀ ਰੋਕ ਲਿਆ। ਕਿਸਾਨ ਘਰ ਤੱਕ ਜਾਣ ਲਈ ਬਾਜ਼ਿੱਦ ਹਨ ਪਰ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਜਾਣ ਤੋਂ ਰੋਕਿਆ ਤਾਂ ਗੁੱਸੇ ਵਿਚ ਆਏ ਕਿਸਾਨ ਬਾਬਾ ਭੂਮਣ ਸ਼ਾਹ ਚੌਕ ‘ਤੇ ਧਰਨਾ ਲਾ ਕੇ ਬੈਠ ਗਏ। ਨਵੇਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਡੇਢ ਦਰਜਨ ਕਿਸਾਨ ਜਥੇਬੰਦੀਆਂ ਨਾਲ ਜੁੜੇ ਕਿਸਾਨ ਅੱਜ ਸਿਰਸਾ ਦੇ ਦੁਸ਼ਹਿਰਾ ਗਰਾਊਂਡ ਇਕੱਠੇ ਹੋਏ, ਜਿਥੇ ਉਨ੍ਹਾਂ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਦੇ ਸਮਾਜ ਸੇਵੀ ਸੰਸਥਵਾਂ ਦੇ ਆਗੂਆਂ ਨੇ ਸੰਬੋਧਨ ਕੀਤਾ।
ਸਵਰਾਜ ਇੰਡੀਆ ਦੇ ਰਾਸ਼ਟਰੀ ਕਨਵੀਨਰ ਜੋਗਿੰਦਰ ਸਿੰਘ ਯਾਦਵ, ਰਾਜੀਵ ਗੋਦਾਰਾ, ਕਿਸਾਨ ਸਭਾ ਦੇ ਆਗੂ ਸਵਰਨ ਸਿੰਘ ਵਿਰਕ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਬਲਜੀਤ ਸਿੰਘ ਦਾਦੂ, ਗੁਰਮੀਤ ਸਿੰਘ ਤ੍ਰਿਲੋਕੇਵਾਲਾ, ਰੋਸ਼ਨ ਸੁਚਾਨ ਸਮੇਤ ਅਨੇਕ ਆਗੂਆਂ ਨੇ ਸੰਬੋਧਨ ਕੀਤਾ। ਪੰਜਾਬੀ ਗਾਇਕ ਜੱਸ ਬਾਜਵਾ, ਹਰਫ਼ ਚੀਮਾ ਤੇ ਜਗਦੀਪ ਰੰਧਾਵਾ ਨੇ ਵੀ ਆਪਣੀ ਹਾਜ਼ਰੀ ਲੁਵਾਈ। ਕਿਸਾਨ ਵੱਡੀ ਗਿਣਤੀ ‘ਚ ਇਕੱਠੇ ਹੋ ਕੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਤੇ ਚੌਧਰੀ ਰਣਜੀਤ ਸਿੰਘ ਦੀ ਕੋਠੀ ਵੱਲ ਵੱਧ ਪਰ ਪੁਲਿਸ ਨੇ ਦੋ ਸੌ ਮੀਟਰ ਪਹਿਲਾਂ ਹੀ ਉਨ੍ਹਾਂ ਨੂੰ ਰੋਕ ਲਿਆ। ਪੁਲਿਸ ਵੱਲੋਂ ਕਿਸਾਨਾਂ ਨੂੰ ਅੱਗੇ ਨਾ ਜਾਣ ਲਈ ਪੁਖਤਾ ਇੰਤਜ਼ਾਮ ਕੀਤੇ ਹੋਏ ਸਨ। ਪੁਲਿਸ ਵੱਲੋਂ ਕਰੀਬ 12 ਕੰਪਨੀਆਂ ਦੇ ਮੁਲਾਜ਼ਮ ਲਾਏ ਗਏ ਸਨ, ਜਿਨ੍ਹਾਂ ਵਿਚ ਦਸ ਡੀ.ਐੱਸ.ਪੀ., 30 ਇੰਸਪੈਕਟਰ ਤੇ ਕਰੀਬ 1500 ਪੁਲਿਸ ਮੁਲਾਜ਼ਮ ਤਾਇਨਾਤ ਸਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 12 ਡਿਊਟੀ ਮੈਜਿਸਟਰੇਟ ਤਾਇਨਾਤ ਕੀਤੇ ਹੋਏ ਸਨ।


Share