ਦੁਬੇ ਮਾਮਲਾ: ਸੁਪਰੀਮ ਕੋਰਟ ਵਲੋਂ ਜਾਂਚ ਕਮਿਸ਼ਨ ਦੇ ਮੈਂਬਰਾਂ ਨੂੰ ਹਟਾਉਣ ਦੀ ਮੰਗ ਸਬੰਧੀ ਪਟੀਸ਼ਨਾਂ ਖ਼ਾਰਜ

555
Share

ਨਵੀਂ ਦਿੱਲੀ, 29 ਜੁਲਾਈ (ਪੰਜਾਬ ਮੇਲ)-ਪੁਲਿਸ ਮੁਕਾਬਲੇ ‘ਚ ਮਾਰੇ ਗਏ ਗੈਂਗਸਟਰ ਵਿਕਾਸ ਦੁਬੇ ਦੀ ਮੌਤ ਦੀ ਜਾਂਚ ਲਈ ਬਣਾਏ ਗਏ 3 ਮੈਂਬਰੀ ਜਾਂਚ ਕਮਿਸ਼ਨ ‘ਚੋਂ ਸਾਬਕਾ ਹਾਈਕੋਰਟ ਜੱਜ ਜਸਟਿਸ (ਸੇਵਾਮੁਕਤ) ਸਸ਼ੀਕਾਂਤ ਅਗਰਵਾਲ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਡੀ.ਜੀ.ਪੀ. ਕੇ.ਐੱਲ. ਗੁਪਤਾ ਦਾ ਨਾਂਅ ਹਟਾਉਣ ਦੀ ਮੰਗ ਸਬੰਧੀ ਪਟੀਸ਼ਨਾਂ ਨੂੰ ਸੁਪਰੀਮ ਕੋਰਟ ਨੇ ਖ਼ਾਰਜ ਕਰ ਦਿੱਤਾ। ਚੀਫ਼ ਜਸਟਿਸ ਐੱਸ.ਏ. ਬੋਬੜੇ ਦੀ ਅਗਵਾਈ ਵਾਲੇ ਇਕ ਬੈਂਚ ਨੇ ਕਿਹਾ ਕਿ ਉਹ ਉਕਤ ਅਧਿਕਾਰੀਆਂ ਨੂੰ ਜਾਂਚ ਕਮਿਸ਼ਨ ਤੋਂ ਹਟਾਉਣ ਸਬੰਧੀ ਅਰਜ਼ੀਆਂ ਦੀ ਇਜਾਜ਼ਤ ਨਹੀਂ ਦੇਣਗੇ। ਬੈਂਚ ਜਿਸ ‘ਚ ਜਸਟਿਸ ਏ.ਐੱਸ. ਬੋਪੰਨਾ ਅਤੇ ਵੀ. ਰਾਮਸੁਬਰਾਮਨੀਅਮ ਵੀ ਸ਼ਾਮਿਲ ਹਨ, ਨੇ ਕਿਹਾ ਕਿ ਗੁਪਤਾ ਦੀ ਇੰਟਰਵਿਊ ਨਾਲ ਸਬੰਧਿਤ ਮੀਡੀਆ ਰਿਪੋਰਟਾਂ ਨੂੰ ਵੇਖਦਿਆਂ ਜਾਂਚ ਨੂੰ ਬੰਦ ਨਹੀਂ ਕੀਤਾ ਜਾ ਸਕਦਾ ਕਿਉਂਕਿ ਸੁਪਰੀਮ ਕੋਰਟ ਤੇ ਹਾਈਕੋਰਟ ਦੇ ਸਾਬਕਾ ਜੱਜ ਕਮਿਸ਼ਨ ਦਾ ਹਿੱਸਾ ਹਨ। ਪਟੀਸ਼ਨਕਰਤਾ ਘਨਸ਼ਿਆਮ ਉਪਾਧਿਆਏ ਅਤੇ ਅਨੂਪ ਪ੍ਰਕਾਸ਼ ਅਸਵਥੀ ਵਲੋਂ ਕਮਿਸ਼ਨ ਮੈਂਬਰਾਂ ਨੂੰ ਹਟਾਉਣ ਦੀ ਮੰਗ ਸਬੰਧੀ ਦਾਇਰ ਕੀਤੀਆਂ ਪਟੀਸ਼ਨਾਂ ‘ਤੇ ਸੁਪਰੀਮ ਕੋਰਟ ਸੁਣਵਾਈ ਕਰ ਰਹੀ ਸੀ। ਸੁਪਰੀਮ ਕੋਰਟ ਨੇ 22 ਜੁਲਾਈ ਨੂੰ ਤਿੰਨ ਮੈਂਬਰੀ ਜਾਂਚ ਕਮਿਸ਼ਨ ਲਈ ਸਾਬਕਾ ਜੱਜ ਬੀ.ਐੱਸ. ਚੌਹਾਨ ਨੂੰ ਚੇਅਰਮੈਨ ਵਜੋਂ ਨਿਯੁਕਤ ਕਰਨ ਲਈ ਉੱਤਰ ਪ੍ਰਦੇਸ਼ ਸਰਕਾਰ ਦੇ ਖ਼ਰੜਾ ਨੋਟੀਫਿਕੇਸ਼ਨ ਨੂੰ ਪ੍ਰਵਾਨਗੀ ਦੇ ਦਿੱਤੀ ਸੀ।


Share