ਦੁਬਾਰਾ ਸਰਕਾਰ ਬਣਨ ’ਤੇ ਕਾਰੋਬਾਰੀਆਂ, ਕਾਮਿਆਂ ਲਈ ਨਵੀਂ ਐਮਰਜੈਂਸੀ ਸਹਾਇਤਾ ਵਧਾਵਾਂਗੇ : ਟਰੂਡੋ

630
Share

ਸਰੀ, 17 ਅਗਸਤ (ਹਰਦਮ ਮਾਨ/ਪੰਜਾਬ ਮੇਲ)- ਲਿਬਰਲ ਪਾਰਟੀ ਨੇ ਐਲਾਨ ਕੀਤਾ ਹੈ ਕਿ ਦੁਬਾਰਾ ਚੁਣੀ ਗਈ ਲਿਬਰਲ ਸਰਕਾਰ ਕਾਰੋਬਾਰੀਆਂ ਅਤੇ ਕਾਮਿਆਂ ਲਈ ਨਵੀਂ ਐਮਰਜੈਂਸੀ ਸਹਾਇਤਾ ਵਧਾਏਗੀ ਅਤੇ ਯਕੀਨੀ ਤੌਰ ’ਤੇ ਸਾਰੇ ਕੈਨੇਡੀਅਨਾਂ ਦੀ ਤਰੱਕੀ ਅਤੇ ਬਿਹਤਰ ਵਾਪਸੀ ਲਿਆਏਗੀ।
ਲਿਬਰਲ ਪਾਰਟੀ ਆਫ਼ ਕੈਨੇਡਾ ਦੇ ਆਗੂ ਜਸਟਿਨ ਟਰੂਡੋ ਨੇ ਕਿਹਾ ਕਿ ਕਾਰੋਬਾਰਾਂ ਅਤੇ ਉਨ੍ਹਾਂ ਦੇ ਕਾਮਿਆਂ ਦਾ ਸਮਰਥਨ ਨੌਕਰੀਆਂ ਪੈਦਾ ਕਰਨ, ਮੱਧ ਵਰਗ ਨੂੰ ਮਜ਼ਬੂਤ ਕਰਨ ਅਤੇ ਅਰਥ ਵਿਵਸਥਾ ਨੂੰ ਵਧਾਉਣ ਦੀ ਸਾਡੀ ਯੋਜਨਾ ਦਾ ਧੁਰਾ ਹੈ। ਅਸੀਂ ਹਮੇਸ਼ਾ ਆਪਣੇ ਲੋਕਾਂ ਨਾਲ ਖੜ੍ਹੇ ਹਾਂ ਅਤੇ ਭਾਈਚਾਰਿਆਂ ਨੂੰ ਸੁਰੱਖਿਅਤ ਰੱਖਣ ਲਈ ਸਹਾਇਤਾ ਕੀਤੀ ਹੈ ਅਤੇ ਜਿੰਨਾ ਚਿਰ ਇਹ ਮਦਦ ਕਰਨੀ ਪਈ, ਅਸੀਂ ਕਰਦੇ ਰਹਾਂਗੇ।
ਉਨ੍ਹਾਂ ਕਿਹਾ ਕਿ ਜੇਕਰ ਸਾਡੀ ਸਰਕਾਰ ਮੁੜ ਬਣਨ ’ਤੇ ਕੋਵਿਡ-19 ਮਹਾਂਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਤ ਹੋਏ ਕਾਰੋਬਾਰਾਂ ਨੂੰ ਪੈਰਾਂ ਸਿਰ ਕਰਨ ਅਤੇ 10 ਲੱਖ ਨੌਕਰੀਆਂ ਦੇ ਨਿਰਮਾਣ ਲਈ ਵਧੇਰੇ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ, ਕੈਨੇਡਾ ਰਿਕਵਰੀ ਹਾਇਰਿੰਗ ਪ੍ਰੋਗਰਾਮ ਨੂੰ 31 ਮਾਰਚ, 2022 ਤੱਕ ਵਧਾਇਆ ਜਾਵੇਗਾ, ਤਾਂ ਜੋ ਕਾਰੋਬਾਰੀ ਵਧੇਰੇ ਕਰਮਚਾਰੀਆਂ ਦੀ ਨਿਯੁਕਤੀ ਕਰ ਸਕਣ ਅਤੇ ਲੋਕ ਨੌਕਰੀਆਂ ’ਤੇ ਵਾਪਸ ਆ ਸਕਣ, ਕੈਨੇਡਾ ਦੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਸੈਰ-ਸਪਾਟਾ ਉਦਯੋਗ ਨੂੰ ਉਨ੍ਹਾਂ ਦੇ ਖਰਚਿਆਂ ਦੇ 75% ਤੱਕ ਦੀ ਅਸਥਾਈ ਤਨਖਾਹ ਅਤੇ ਕਿਰਾਏ ਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ, ਕਲਾ ਅਤੇ ਸੱਭਿਆਚਾਰ ਰਿਕਵਰੀ ਪ੍ਰੋਗਰਾਮ ਲਾਂਚ ਕੀਤਾ ਜਾਵੇਗਾ, ਤਾਂ ਪ੍ਰਦਰਸ਼ਨ ਕਲਾਵਾਂ, ਲਾਈਵ ਥੀਏਟਰਾਂ ਅਤੇ ਹੋਰ ਸੱਭਿਆਚਾਰਕ ਸਥਾਨਾਂ ਨੂੰ ਲੱਗੇ ਖੋਰੇ ਨੂੰ ਪੂਰਿਆ ਜਾ ਸਕੇ, 150,000 ਕੈਨੇਡੀਅਨ ਨੌਕਰੀਆਂ ਦਾ ਸਮਰਥਨ ਕਰਨ ਲਈ ਮੀਡੀਆ ਉਤਪਾਦਨ ਦੇ ਰੁਕਾਵਟਾਂ ਲਈ ਕੋਵਿਡ ਨਾਲ ਸਬੰਧਤ ਬੀਮਾ ਕਵਰੇਜ ਵਧਾਈ ਜਾਵੇਗੀ।
ਟਰੂਡੋ ਨੇ ਕਿਹਾ ਕਿ ਜਦੋਂ ਅਸੀਂ ਕੈਨੇਡਾ ਦੇ ਕਾਰੋਬਾਰਾਂ ਦਾ ਸਮਰਥਨ ਕਰਦੇ ਹਾਂ, ਤਾਂ ਇਹ ਅਸਲ ‘ਚ ਉਨ੍ਹਾਂ ਕਾਮਿਆਂ, ਪਰਿਵਾਰਾਂ ਅਤੇ ਭਾਈਚਾਰਿਆਂ ਦਾ ਸਮਰਥਨ ਹੈ, ਜੋ ਇਨ੍ਹਾਂ ਕਾਰੋਬਾਰਾਂ ਉੱਤੇ ਨਿਰਭਰ ਕਰਦੇ ਹਨ। ਅਸੀਂ ਕੋਵਿਡ ਦੇ ਮੁਸ਼ਕਲ ਸਮੇਂ ਦੌਰਾਨ ਕੈਨੇਡੀਅਨ ਕਾਰੋਬਾਰਾਂ ਦੇ ਨਾਲ ਖੜ੍ਹੇ ਹਾਂ ਪਰ ਏਰਿਨ ਓਟੂਲ ਦੇ ਕੰਜ਼ਰਵੇਟਿਵ ਲੀਡਰਾਂ ਨੇ ਸਾਡੇ ਰਾਹ ਵਿਚ ਰੋੜੇ ਅਟਕਾਉਣ ਦੀ ਕੋਸ਼ਿਸ਼ ਕੀਤੀ ਹੈ।

Share