ਦੁਬਈ , 7 ਮਾਰਚ (ਪੰਜਾਬ ਮੇਲ)- ਦੁਬਈ ਵਿਚ ਇਕ ਸੜਕੀ ਹਾਦਸੇ ਵਿਚ 19 ਸਾਲਾ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਹੈ ਤੇ ਇਕ ਹੋਰ ਵਿਅਕਤੀ ਇਸ ਦੌਰਾਨ ਜ਼ਖਮੀ ਹੋ ਗਿਆ ਹੈ। ਮੀਡੀਆ ਵਿਚ ਆਈਆਂ ਖਬਰਾਂ ਮੁਤਾਬਕ ਇਹ ਘਟਨਾ ਉਸ ਵੇਲੇ ਹੋਈ ਜਦੋਂ ਉਹਨਾਂ ਦੀ ਗੱਡੀ ਨੇ ਇਕ ਹੋਰ ਵਾਹਨ ਨੂੰ ਟੱਕਰ ਮਾਰ ਦਿੱਤੀ।
ਦੁਬਈ ਪੁਲਿਸ ਦੇ ਇਕ ਅਧਿਕਾਰੀ ਨੇ ‘ਗਲਫ ਨਿਊਜ਼’ ਨੂੰ ਦੱਸਿਆ ਕਿ ਇਹ ਹਾਦਸਾ ਦੁਬਈ ਵਿਚ ਸ਼ੇਖ ਜ਼ਾਇਦ ਸੜਕ ‘ਤੇ ਸ਼ੁੱਕਰਵਾਰ ਸਵੇਰੇ 5:27 ਵਜੇ ਹੋਇਆ। ਜਿਸ ਵੈਨ ਵਿਚ ਉਹ ਯਾਤਰਾ ਕਰ ਰਹੇ ਸਨ, ਉਹ ਖੜ੍ਹੇ ਟਰੱਕ ਨਾਲ ਟਕਰਾ ਗਈ। ਗਲਫ ਨਿਊਜ਼ ਨੇ ਦੱਸਿਆ ਕਿ ਕੇਰਲ ਦੇ ਮੱਲਪੁਰਮ ਦੇ ਰਹਿਣ ਵਾਲੇ ਮੁਹੰਮਦ ਸਵਦ ਯਾਤਰੀ ਸੀਟ ‘ਤੇ ਬੈਠੇ ਸਨ ਤੇ ਹਾਦਸੇ ਵਿਚ ਉਹਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਖਬਰ ਮੁਤਾਬਕ ਘਟਨਾ ਵਿਚ ਜ਼ਖਮੀ 42 ਸਾਲਾ ਮੁਹੰਮਦ ਅਬਦੁੱਲ ਬਾਰੀ ਗੱਡੀ ਚਲਾ ਰਹੇ ਸਨ। ਉਹ ਵੀ ਕੇਰਲ ਤੋਂ ਹਨ। ਉਹਨਾਂ ਨੂੰ ਦੁਬਈ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਖਬਰ ਵਿਚ ਕਿਹਾ ਗਿਆ ਹੈ ਕਿ ਦੋਵੇਂ ਆਬੂ ਧਾਬੀ ਦੇ ਰਹਿਣ ਵਾਲੇ ਸਨ। ਉਹ ਦੁਬਈ ਮੱਛੀ ਖਰੀਦਣ ਆਏ ਸਨ। ਜਦੋਂ ਉਹ ਰਾਜਧਾਨੀ ਵਾਪਸ ਜਾ ਰਹੇ ਸਨ ਤਾਂ ਇਹ ਹਾਦਸਾ ਵਾਪਰਿਆ।