ਦੁਬਈ ਦੀ ਅਮੀਰਾਤ ਏਅਰਲਾਈਜ਼ ਵੱਲੋਂ 23 ਜੂਨ ਤੋਂ ਭਾਰਤ ਤੋਂ ਉਡਾਣਾਂ ਸ਼ੁਰੂ ਕਰਨ ਦਾ ਐਲਾਨ

188
Share

ਦੁਬਈ, 21 ਜੂਨ (ਪੰਜਾਬ ਮੇਲ)- ਸੰਯੁਕਤ ਅਰਬ ਅਮੀਰਾਤ ’ਚ ਕੰਮ ਕਰਨ ਵਾਲੇ ਲੱਖਾਂ ਭਾਰਤੀਆਂ ਲਈ ਚੰਗੀ ਖ਼ਬਰ ਹੈ। ਦੁਬਈ ਦੀ ਹਵਾਈ ਸੇਵਾਵਾਂ ਪ੍ਰਦਾਨ ਕਰਨ ਵਾਲੀ ਕੰਪਨੀ ਅਮੀਰਾਤ ਏਅਰਲਾਈਨਜ਼ ਨੇ 23 ਜੂਨ ਤੋਂ ਭਾਰਤ ਤੋਂ ਉਡਾਣਾਂ ਫਿਰ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਉਡਾਣਾਂ ਵਿਚ ਨਿਯਮਾਂ ’ਚ ਬਦਲਾਅ ਮਗਰੋਂ ਦੁਬਈ ਦੀ ਆਫ਼ਤ ਪ੍ਰਬੰਧਨ ਕਮੇਟੀ ਨੇ ਕੋਰੋਨਾ ਵੈਕਸੀਨ ਲਗਵਾ ਚੁੱਕੇ ਭਾਰਤੀਆਂ ਨੂੰ ਯੂ.ਏ.ਈ. ਵਿਚ ਆਪਣੇ ਘਰ ਆਉਣ ਦੀ ਆਗਿਆ ਦੇ ਦਿੱਤੀ ਹੈ।
ਭਾਰਤ ਤੋਂ ਇਲਾਵਾ ਦੱਖਣੀ ਅਫ਼ਰੀਕਾ ਅਤੇ ਨਾਈਜੀਰੀਆ ਦੇ ਲੋਕਾਂ ਨੂੰ ਇਸ ਦੀ ਮਨਜ਼ੂਰੀ ਦਿੱਤੀ ਗਈ ਹੈ। ਅਮੀਰਾਤ ਏਅਰਲਾਈਨਜ਼ ਨੇ ਇੱਕ ਬਿਆਨ ਵਿਚ ਕਿਹਾ ਕਿ ਉਹ ਭਾਰਤ ਤੋਂ ਯਾਤਰੀਆਂ ਨੂੰ ਆਗਿਆ ਦਿੱਤੇ ਜਾਣ ਦੇ ਫ਼ੈਸਲੇ ਦਾ ਸਵਾਗਤ ਕਰਦੀ ਹੈ। ਕੰਪਨੀ ਨੇ ਕਿਹਾ ਕਿ ਪ੍ਰੋਟੋਕਾਲ ਦਾ ਪਾਲਣ ਕਰਦੇ ਹੋਏ 23 ਜੂਨ ਤੋਂ ਯਾਤਰੀ ਉਡਾਣਾਂ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਇਸ ਤੋਂ ਪਹਿਲਾਂ ਯੂ.ਏ.ਈ. ਨੇ ਬੀਤੀ 24 ਅਪ੍ਰੈਲ ਨੂੰ ਕੋਰੋਨਾ ਮਹਾਂਮਾਰੀ ਨੂੰ ਦੇਖਦੇ ਹੋਏ ਭਾਰਤ ਤੋਂ ਯਾਤਰੀਆਂ ਦੇ ਆਉਣ ’ਤੇ ਰੋਕ ਲਗਾ ਦਿੱਤੀ ਸੀ।
ਇਸ ਤਾਜ਼ਾ ਘਟਨਾਕ੍ਰਮ ਨਾਲ ਯੂ.ਏ.ਈ. ਵਿਚ ਕੰਮ ਕਰ ਰਹੇ ਲੱਖਾਂ ਭਾਰਤੀਆਂ ਨੂੰ ਵੱਡੀ ਰਾਹਤ ਮਿਲੀ ਹੈ। ਇਸ ਪਾਬੰਦੀ ਕਾਰਨ ਵੱਡੀ ਗਿਣਤੀ ਵਿਚ ਕਾਮੇ, ਖਾਸ ਕਰ ਹੈਲਥ ਸੈਕਟਰ ਵਿਚ ਕੰਮ ਕਰਨ ਵਾਲੇ ਲੋਕ ਭਾਰਤ ਵਿਚ ਫਸੇ ਹੋਏ ਸਨ। ਅਜਿਹੇ ਭਾਰਤੀ ਕਾਮੇ ਹੁਣ ਯੂ.ਏ.ਈ. ਵਾਪਸ ਆ ਸਕਣਗੇ। ਹਾਲਾਂਕਿ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਲਈ ਕੁਝ ਨਿਯਮ ਬਣਾਏ ਗਏ ਹਨ। ਸਿਰਫ਼ ਉਨ੍ਹਾਂ ਹੀ ਭਾਰਤੀਆਂ ਨੂੰ ਆਉਣ ਦੀ ਆਗਿਆ ਦਿੱਤੀ ਜਾਵੇਗੀ, ਜਿਨ੍ਹਾਂ ਨੇ ਯੂ.ਏ.ਈ. ਵਿਚ ਮਾਨਤਾ ਪ੍ਰਾਪਤ ਕੋਰੋਨਾ ਵੈਕਸੀਨ ਲਗਵਾਈ ਹੈ।
ਭਾਰਤੀ ਨਾਗਰਿਕਾਂ ਨੂੰ ਜਹਾਜ਼ ਚੜ੍ਹਨ ਤੋਂ 48 ਘੰਟੇ ਪਹਿਲਾਂ ਕਰਵਾਈ ਗਈ ਨੈਗੇਟਿਵ ਕੋਵਿਡ ਰਿਪੋਰਟ ਦਿਖਾਉਣੀ ਹੋਵੇਗੀ। ਇਸ ਵਿਚ ਯੂ.ਏ.ਈ. ਦੇ ਨਾਗਰਿਕਾਂ ਨੂੰ ਛੋਟ ਦਿੱਤੀ ਗਈ ਹੈ। ਸਿਰਫ਼ ਕਿਊਆਰ ਕੋਡ ਵਾਲੇ ਪੀ.ਸੀ.ਆਰ. ਟੈਸਟ ਰਿਜ਼ਲਟ ਸਰਟੀਫਿਕੇਟ ਹੀ ਸਵੀਕਾਰ ਕੀਤੇ ਜਾਣਗੇ। ਸਾਰੇ ਯਾਤਰੀਆਂ ਨੂੰ ਯਾਤਰਾ ਤੋਂ 4 ਘੰਟੇ ਪਹਿਲਾਂ ਰੈਪਿਡ ਪੀ.ਸੀ.ਆਰ. ਟੈਸਟ ਕਰਾਉਣਾ ਹੋਵੇਗਾ। ਦੁਬਈ ਏਅਰਪੋਰਟ ’ਤੇ ਉਤਰਨ ਮਗਰੋਂ ਸਾਰੇ ਯਾਤਰੀਆਂ ਨੂੰ ਲਾਜ਼ਮੀ ਤੌਰ ’ਤੇ ਪੀ.ਸੀ.ਆਰ. ਟੈਸਟ ਕਰਾਉਣਾ ਹੋਵੇਗਾ। ਯਾਤਰੀਆਂ ਨੂੰ ਪੀ.ਸੀ.ਆਰ. ਟੈਸਟ ਦਾ ਰਿਜ਼ਲਟ ਆਉਣ ਤੱਕ ਸੰਸਥਾਗਤ ਕੁਆਰੰਟੀਨ ’ਚ ਜਾਣਾ ਹੋਵੇਗਾ। ਇਸ ਵਿਚ ਲਗਭਗ 24 ਘੰਟੇ ਦਾ ਸਮਾਂ ਲੱਗ ਸਕਦਾ ਹੈ।

Share