ਦੁਬਈ ਦਾ 10 ਸਾਲਾ ਗੋਲਡਨ ਵੀਜ਼ਾ ਹਾਸਲ ਕਰਨ ਵਾਲਾ ਪਹਿਲਾ ਪੇਸ਼ੇਵਰ ਗੋਲਫਰ ਬਣਿਆ ਜੀਵ ਮਿਲਖਾ ਸਿੰਘ

1126
Share

ਦੁਬਈ, 9 ਸਤੰਬਰ (ਪੰਜਾਬ ਮੇਲ)- ਭਾਰਤੀ ਗੋਲਫਰ ਖਿਡਾਰੀ ਜੀਵ ਮਿਲਖਾ ਦੇ ਨਾਲ ਕਈ ਪ੍ਰਾਪਤੀਆਂ ਜੁੜੀਆਂ ਹਨ ਅਤੇ ਹੁਣ ਦੁਨੀਆਂ ਵਿਚ ਉਹ ਅਜਿਹਾ ਪਹਿਲਾ ਗੋਲਫਰ ਬਣ ਗਿਆ ਹੈ ਜਿਸ ਨੂੰ ਦੁਬਈ ਦਾ ਗੋਲਡਨ ਵੀਜ਼ਾ ਮਿਲਿਆ ਹੈ।
ਬੇਮਿਸਾਲ ਪ੍ਰਾਪਤੀਆਂ ਲਈ ਲਈ ਜਾਣੇ ਜਾਂਦੇ ਜੀਵ ਮਿਲਖਾ ਸਿੰਘ (49) ਨੂੰ ਦੁਬਈ ਦਾ ਵੱਕਾਰੀ 10 ਸਾਲਾ ਗੋਲਡਨ ਵੀਜ਼ਾ ਮਿਲਿਆ ਹੈ ਅਤੇ ਉਹ ਇਹ ਮਾਣ ਹਾਸਲ ਕਰਨ ਵਾਲਾ ਦੁਨੀਆਂ ਦਾ ਪਹਿਲਾ ਪੇਸ਼ੇਵਰ ਗੋਲਫਰ ਬਣ ਗਿਆ ਹੈ। ਇਹ ਪ੍ਰਾਪਤੀ ਕਰਨ ਨਾਲ ਉਹ ਹੁਣ ਕੁਝ ਖਾਸ ਖਿਡਾਰੀਆਂ ਦੀ ਸੂਚੀ, ਜਿਸ ਵਿਚ ਫੁੱਟਬਾਲਰ ਕਿ੍ਰਸਟਿਆਨੋ ਰੋਨਾਲਡੋ, ਪੌਲ ਪੋਗਬਾ, ਰੋਬਰਟੋ ਕਾਰਲੋਸ, ਲੁਇਸ ਫਿਗੋ ਅਤੇ ਰੋਮੇਲ ਲੁਕਾਕੂ, ਟੈਨਿਸ ਖਿਡਾਰੀ ਨੋਵਾਕ ਜੋਕੋਵਿਚ, ਸਾਨੀਆ ਮਿਰਜ਼ਾ ਤੇ ਉਸ ਦੇ ਪਾਕਿਸਤਾਨੀ ਪਤੀ ਕਿ੍ਰਕਟਰ ਸ਼ੋਏਬ ਮਲਿਕ ਸ਼ਾਮਲ ਹਨ, ਵਿਚ ਸ਼ੁਮਾਰ ਹੋ ਗਿਆ ਹੈ। ਇਸ ਸੂਚੀ ’ਚ ਬੌਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਅਤੇ ਸੰਜੇ ਦੱਤ ਵੀ ਸ਼ਾਮਲ ਹਨ। ਜੀਵ ਦੁਬਈ ਨਾਲ ਲੰਬੇ ਸਮੇਂ ਤੋਂ ਜੁੜਿਆ ਹੋਇਆ ਹੈ ਅਤੇ ਉੱਥੇ ਕਈ ਟੂਰਨਾਮੈਂਟ ਵੀ ਖੇਡ ਚੁੱਕਾ ਹੈ। ਇਸ ਤੋਂ ਪਹਿਲਾਂ ਪੇਸ਼ੇਵਰ ਅਥਲੀਟ ਵਜੋਂ ਉਸ ਨੂੰ ‘ਗੋਲਡ ਕਾਰਡ’ ਵੀ ਮਿਲ ਚੁੱਕਾ ਹੈ। ਪਦਮ ਸ੍ਰੀ ਐਵਾਰਡੀ ਗੋਲਫਰ ਜੀਵ ਮਿਲਖਾ ਸਿੰਘ ਨੇ ਕਿਹਾ, ‘ਇਹ ਬਹੁਤ ਵੱਡਾ ਮਾਣ ਹੈ। ਮੇਰੇ ਖਿਆਲ ’ਚ ਮੈਂ ਪਹਿਲੀ ਵਾਰ 1993 ’ਚ ਦੁਬਈ ਆਇਆ ਸੀ ਅਤੇ ਇੱਥੇ ਰਹਿੰਦਿਆਂ ਮੈਂ ਆਪਣੇ ਹਰ ਪਲ ਦਾ ਆਨੰਦ ਮਾਣਿਆ। ਮੈਂ ਇਸ ਮਨਮੋਹਕ ਸ਼ਹਿਰ ਦੀ ਪ੍ਰਸ਼ੰਸਾ ਕਰਦਾ ਹਾਂ।’ ਜ਼ਿਕਰਯੋਗ ਹੈ ਕਿ ਦੁਬਈ ਸਰਕਾਰ ਵੱਲੋਂ ਦਸ ਸਾਲਾ ਗੋਲਡਨ ਵੀਜ਼ਾ 2019 ਵਿਚ ਨਿਵੇਸ਼ਕਾਂ ਅਤੇ ਉੱਦਮੀਆਂ ਲਈ ਸ਼ੁਰੂ ਕੀਤਾ ਗਿਆ ਸੀ। ਇਸ ’ਚ ਪੇਸ਼ੇਵਰ ਅਤੇ ਖਾਸ ਹੁਨਰ ਵਾਲੇ (ਸਾਇੰਸ, ਗਿਆਨ ਅਤੇ ਖੇਡਾਂ ਆਦਿ) ਖੇਤਰ ਦੇ ਲੋਕ ਵੀ ਅਪਲਾਈ ਕਰ ਸਕਦੇ ਹਨ।

Share