ਖਡੂਰ ਸਾਹਿਬ, 16 ਮਈ (ਪੰਜਾਬ ਮੇਲ)- ਬੀਤੇ ਦਿਨੀਂ ਦੁਬਈ ਤੋਂ ਪਰਤੇ 18 ਵਿਅਕਤੀ, ਜਿਨ੍ਹਾਂ ਵਿਚ 3 ਔਰਤਾਂ ਅਤੇ ਤਿੰਨ ਬੱਚੇ ਵੀ ਸ਼ਾਮਲ ਹਨ, ਕਾਰਸੇਵਾ ਖਡੂਰ ਸਾਹਿਬ ਦੀ ਸੇਵਾ ਅਧੀਨ ਬੀਬੀ ਅਮਰੋ ਹੋਸਟਲ ਵਿਚ ਆਈਸੋਲੇਟ ਕੀਤੇ ਗਏ ਹਨ। ਇਨ੍ਹਾਂ ਸਾਰੇ ਸਿੰਘਾਂ, ਸਿੰਘਣੀਆਂ ਅਤੇ ਬੱਚਿਆਂ ਦੀ ਰਿਹਾਇਸ਼ ਤੋਂ ਇਲਾਵਾ ਪ੍ਰਸ਼ਾਦਾ ਪਾਣੀ ਅਤੇ ਹੋਰ ਸੇਵਾ ਸੰਭਾਲ ਕਾਰਸੇਵਾ ਖਡੂਰ ਸਾਹਿਬ ਵਲੋਂ ਕੀਤੀ ਜਾ ਰਹੀ ਹੈ।
ਇਸ ਸੰਬੰਧ ਵਿਚ ਗਲਬਾਤ ਕਰਦਿਆਂ ਕਾਰਸੇਵਾ ਖਡੂਰ ਸਾਹਿਬ ਦੇ ਮੁਖੀ ਬਾਬਾ ਸੇਵਾ ਸਿੰਘ ਨੇ ਦੱਸਿਆ ਕਿ ਦੁਬਈ ਦੀ ਇਹ ਸੰਗਤ 13 ਮਈ ਨੂੰ ਅਮ੍ਰਿਤਸਰ ਏਅਰਪੋਰਟ ‘ਤੇ ਉੱਤਰੀ ਸੀ ਅਤੇ ਅਗਲੇ ਦਿਨ ਪ੍ਰਸਾਸ਼ਨ ਨੇ ਇਨ੍ਹਾਂ ਨੂੰ ਖਡੂਰ ਸਾਹਿਬ ਵਿਖੇ ਆਸੋਲੇਟ ਕਰਨ ਲਈ ਲਿਆਂਦਾ।
ਉਨ੍ਹਾਂ ਕਿਹਾ ਕਿ ਜਿਨੀ ਵੀ ਸੰਗਤ ਅਸੋਲੇਸ਼ਨ ਲਈ ਖਡੂਰ ਸਾਹਿਬ ਆਵੇਗੀ ਉਨ੍ਹਾਂ ਦੀ ਤੰਨਦੇਹੀ ਨਾਲ ਸੇਵਾ ਸੰਭਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸਿੰਘ ਸਿੰਘਣੀਆਂ ਤੇ ਬੱਚੇ ਸਥਾਨਕ ਸਰਕਾਰੀ ਸਿਹਤ ਅਮਲੇ ਦੀ ਨਿਗਰਾਨੀ ਹੇਠ ਰੱਖੇ ਜਾ ਰਹੇ ਹਨ।
ਆਈਸੋਲੇਟ ਕੀਤੇ ਗਏ ਕਾਹਲਵਾਂ ਪਿੰਡ ਦੇ ਸ.ਜਸਵੰਤ ਸਿੰਘ ਨੇ ਇਸ ਮੌਕੇ ਗਲਬਾਤ ਕਰਦਿਆਂ ਕਿਹਾ ਕਿ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਧਰਮ ਦੀ ਉਦਾਹਰਨ ‘ਧੌਲੁ ਧਰਮੁ ਦਇਆ ਕਾ ਪੂਤ’ ਕਹਿ ਕੇ ਦਿੱਤੀ। ਇਸ ਕਿਸਮ ਦਾ ਧਰਮ ਅਸਾਂ ਇਥੇ ਸ਼ਖਸ਼ਾਤ ਵੇਖਿਆ।ਉਨ੍ਹਾਂ ਕਿਹਾ ਕਿ ਖਾਧ ਖੁਰਾਕ, ਰਿਹਾਇਸ਼ ਅਤੇ ਸਾਫ ਸਫਾਈ ਦੇ ਪੱਖੋਂ ਜਿਸ ਕਿਸਮ ਦੀ ਸੇਵਾ ਸਾਡੀ ਇਥੇ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਦੀ ਸਾਡੇ ਘਰਾਂ ਵਿਚ ਵੀ ਸੰਭਵ ਨਹੀਂ ਸੀ। ਤਰਨਤਾਰਨ ਜ਼ਿਲ੍ਹੇ ਨਾਲ ਹੀ ਸੰਬੰਧਤ ਸਰਹਾਨਾ ਪਿੰਡ ਦੇ ਸ.ਰਸਾਲ ਸਿੰਘ ਨੇ ਇਸ ਪੱਤਰਕਾਰ ਨਾਲ ਗਲਬਾਤ ਵਿਚ ਕਿਹਾ ਕਿ ਏਅਰਪੋਰਟ ‘ਤੇ ਉਤਰਨ ਵੇਲੇ ਪ੍ਰਸਾਸ਼ਨ ਵਲੋਂ ਸਾਡੇ ‘ਤੇ ਪ੍ਰਾਈਵੇਟ ਹੋਟਲਾਂ ਵਿਚ ਕੁਆਰਨਟਾਈਨ ਕੀਤੇ ਜਾਣ ਲਈ ਜ਼ੋਰ ਪਾਇਆ ਪਰ ਉਸ ਦਾ ਖਰਚਾ 2000 ਤੋਂ 5000 ਰੁਪਏ ਰੋਜਾਨਾ ਸੀ। ਪਰ ਅਸੀਂ ਕੰਮ ਕਾਰ ਗਵਾ ਕੇ ਆਏ ਸਾਂ, ਇਸ ਲਈ ਇਨਾ ਖਰਚਾ ਨਹੀਂ ਝੱਲ ਸਕਦੇ ਸਾਂ, ਇਸ ਲਈ ਅਸਾਂ ਇਨਕਾਰ ਕਰ ਦਿੱਤਾ। ਇਥੇ ਖਡੂਰ ਸਾਹਿਬ ਵਿਚ ਅਸੀਂ ਘਰ ਵਾਂਗ ਮਹਿਸੂਸ ਕਰ ਰਹੇ ਹਾਂ। ਇਥੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ‘ਮਜਨੂ ਕਾ ਟਿੱਲਾ’ ਦਿੱਲੀ ਤੋਂ ਆਏ 45 ਅਤੇ ਸ੍ਰੀ ਹਜ਼ੂਰ ਸਾਹਿਬ ਤੋਂ ਆਏ 155 ਵਿਅਕਤੀ ਵੀ ਕਾਰਸੇਵਾ ਖਡੂਰ ਸਾਹਿਬ ਅਧੀਨ ਆਈਸੋਲੇਟ ਕੀਤੇ ਗਏ ਸਨ। ਇਨ੍ਹਾਂ ਵਿਚ ਇਕ ਵਿਨੋਦ ਕੁਮਾਰ ਤੋਂ ਬਿਨਾ ਬਾਕੀ ਸਾਰੇ ਆਪੋ ਆਪਣੇ ਘਰੀਂ ਚਲੇ ਗਏ ਹਨ। ਇਨ੍ਹਾਂ ਸਾਰਿਆਂ ਦੀ ਵਾਇਰਸ ਟੈਸਟ ਰਿਪੋਰਟ ਨੈਗੇਟਿਵ ਪਾਈ ਗਈ ਸੀ।