ਦੁਬਈ ‘ਚ ਮਰੇ ਹਰਦੀਪ ਦੇ ਪਰਿਵਾਰ ਦੇ ਡਾ.ਓਬਰਾਏ ਨੇ ਪੂੰਝੇ ਅੱਥਰੂ; ਜਲਦ ਵਤਨ ਆਵੇਗੀ ਹਰਦੀਪ ਦੀ ਮ੍ਰਿਤਕ ਦੇਹ

445
ਮ੍ਰਿਤਕ ਹਰਦੀਪ ਸਿੰਘ ਦੇ ਪਰਿਵਾਰ ਨੂੰ ਪੈਨਸ਼ਨ ਤੇ ਕਰਜ਼ੇ ਦੀ ਕਿਸ਼ਤ ਦਾ ਚੈੱਕ ਦੇਣ ਸਮੇਂ ਸੁਖਜਿੰਦਰ ਸਿੰਘ ਹੇਰ, ਸੁਖਦੀਪ ਸਿੱਧੂ, ਨਵਜੀਤ ਘਈ,ਜਗਦੇਵ ਛੀਨਾ ਤੇ ਹੋਰ।
Share

ਪੀੜਤ ਪਰਿਵਾਰ ਸਿਰ ਚੜ੍ਹਿਆ ਕਰਜ਼ਾ ਵੀ ਲਾਹੇਗਾ ਸਰਬੱਤ ਦਾ ਭਲਾ ਟਰੱਸਟ
ਮਿ੍ਤਕ ਦੀ ਵਿਧਵਾ ਨੂੰ ਪੈਨਸ਼ਨ ਦੇ ਰੂਪ ‘ਚ ਟਰੱਸਟ ਦੇਵੇਗਾ 3 ਹਜ਼ਾਰ ਪ੍ਰਤੀ ਮਹੀਨਾ : ਹੇਰ,ਸਿੱਧੂ
ਪੀੜਤ ਪਰਿਵਾਰ ਨੇ ਕੀਤਾ ਡਾ. ਓਬਰਾਏ ਦਾ ਸ਼ੁਕਰਾਨਾ
ਅੰਮ੍ਰਿਤਸਰ, 16 ਮਈ (ਪੰਜਾਬ ਮੇਲ)- ਆਪਣੇ ਸੁਨਹਿਰੀ ਭਵਿੱਖ ਦੇ ਸੁਪਨੇ ਦਿਲ ‘ਚ ਸਜਾ ਕੇ ਦੁਬਈ ਗਏ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਚਾਟੀਵਿੰਡ ਲੇਲ੍ਹ ਦੇ 30 ਸਾਲਾ ਹਰਦੀਪ ਸਿੰਘ,ਜਿਸ ਦੀ ਬੀਤੀ 20 ਅਪ੍ਰੈਲ ਨੂੰ ਦੁਬਈ ‘ਚ ਅਚਾਨਕ ਮੌਤ ਹੋ ਗਈ ਸੀ,ਉਸ ਦੇ ਪਰਿਵਾਰ ਦੀ ਮਦਦ ਲਈ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਤੇ ਉੱਘੇ ਸਮਾਜ ਸੇਵਕ ਡਾ. ਐਸ.ਪੀ. ਸਿੰਘ ਓਬਰਾਏ ਨੇ ਅੱਗੇ ਆਉਂਦਿਆਂ ਜਿੱਥੇ ਉਸ ਦੀ ਮ੍ਰਿਤਕ ਦੇਹ ਭਾਰਤ ਉਸ ਦੇ ਵਾਰਸਾਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਚੁੱਕੀ ਹੈ ਉੱਥੇ ਹੀ ਉਨ੍ਹਾਂ ਪੀੜਤ ਪਰਿਵਾਰ ਸਿਰ ਚੜ੍ਹਿਆ ਕਰਜ਼ਾ ਲਾਹੁਣ ਦੇ ਨਾਲ-ਨਾਲ ਮਿ੍ਤਕ ਦੀ ਵਿਧਵਾ ਨੂੰ 3 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਫੈਸਲਾ ਵੀ ਲਿਆ ਹੈ।

ਮ੍ਰਿਤਕ ਦੀ ਫਾਈਲ ਫੋਟੋ ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਇਕਾਈ ਅੰਮ੍ਰਿਤਸਰ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਮਾਝਾ ਜੋਨ ਦੇ ਸਲਾਹਕਾਰ ਸੁਖਦੀਪ ਸਿੱਧੂ, ਜਨਰਲ ਸਕੱਤਰ ਮਨਪ੍ਰੀਤ ਸੰਧੂ,ਖ਼ਜ਼ਾਨਚੀ ਨਵਜੀਤ ਘਈ, ਅੈਕਸੀਅਨ ਜਗਦੇਵ ਸਿੰਘ ਛੀਨਾ, ਸ਼ਿਸ਼ਪਾਲ ਸਿੰਘ ਲਾਡੀ ਅਾਦਿ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਚਾਟੀਵਿੰਡ ਲੇਲ੍ਹ ਦਾ ਨੌਜਵਾਨ ਹਰਦੀਪ ਸਿੰਘ ਪੁੱਤਰ ਸਵ: ਲੁਕਾ ਸਿੰਘ ਬੀਤੀ 25 ਅਗਸਤ ਨੂੰ ਕਰਜ਼ਾ ਚੁੱਕ ਕੇ ਆਪਣੇ ਪਰਿਵਾਰ ਦੀ ਬਿਹਤਰੀ ਲਈ ਦੁਬਈ ਮਜ਼ਦੂਰੀ ਕਰਨ ਵਾਸਤੇ ਗਿਆ ਸੀ ਪਰ ਕੁਝ ਸਮਾਂ ਬਿਮਾਰ ਰਹਿਣ ਪਿੱਛੋਂ ਬੀਤੀ 20 ਅਪ੍ਰੈਲ ਨੂੰ ਉਸ ਦੀ ਮੌਤ ਹੋ ਗਈ ਸੀ। ਜਦ ਹਰਦੀਪ ਦੇ ਪਰਿਵਾਰ ਨੂੰ ਆਪਣੇ ‘ਤੇ ਟੁੱਟੇ ਇਸ ਕਹਿਰ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਡਾ.ਐੱਸ.ਪੀ. ਸਿੰਘ ਓਬਰਾਏ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਆਪਣੀ ਗਰੀਬੀ ਤੇ ਬੇਵਸੀ ਦਾ ਹਵਾਲਾ ਦਿੰਦਿਆਂ ਹਰਦੀਪ ਦੀ ਮ੍ਰਿਤਕ ਦੇ ਵਾਪਸ ਭਾਰਤ ਲੈ ਕੇ ਆਉਣ ਦੀ ਬੇਨਤੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਡਾ: ਓਬਰਾਏ ਵੱਲੋਂ ਤੁਰੰਤ ਇਸ ਕੇਸ ਦੀ ਪੈਰਵਾਈ ਕਰਦਿਆਂ ਜਿੱਥੇ ਦੁਬਈ ਅੰਦਰ ਮ੍ਰਿਤਕ ਦੇਹ ਵਾਪਸ ਲਿਆਉਣ ਲਈ ਸਾਰੀ ਜ਼ਰੂਰੀ ਕਾਗਜ਼ੀ ਕਾਰਵਾਈ ਮੁਕੰਮਲ ਕੀਤੀ ਜਾ ਰਹੇ ਹੈ ਉੱਥੇ ਹੀ ਉਨ੍ਹਾਂ ਆਪਣੀ ਟੀਮ ਮ੍ਰਿਤਕ ਦੇ ਪਿੰਡ ਭੇਜ ਕੇ ਉਸ ਦੇ ਪਰਿਵਾਰ ਦੀ ਸਥਿਤੀ ਜਾਨਣ ਉਪਰੰਤ ਪਰਿਵਾਰ ਨੂੰ ਭਰੋਸਾ ਦਿੱਤਾ ਹੈ ਕਿ ਟਰੱਸਟ ਵੱਲੋਂ ਬਹੁਤ ਹੀ ਜਲਦ ਮ੍ਰਿਤਕ ਦੇਹ ਭਾਰਤ ਲਿਆਂਦੀ ਜਾਵੇਗੀ। ਪਰਿਵਾਰ ਦੇ ਆਰਥਿਕ ਹਾਲਾਤ ਬਹੁਤੇ ਵਧੀਆ ਨਾ ਹੋਣ ਕਾਰਨ ਡਾ: ਓਬਰਾਏ ਵੱਲੋਂ ਪੀੜਤ ਪਰਿਵਾਰ ਸਿਰ ਚੜ੍ਹਿਆ ਸਾਰਾ ਕਰਜ਼ਾ ਲਾਹੁਣ ਤੋਂ ਇਲਾਵਾ ਮ੍ਰਿਤਕ ਦੀ ਪਤਨੀ ਨੂੰ ਟਰੱਸਟ ਵੱਲੋਂ ਮਹੀਨੇਵਾਰ 3 ਹਜ਼ਾਰ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਫੈਸਲਾ ਵੀ ਕੀਤਾ ਹੈ।ਜਿਸ ਤਹਿਤ ਅੱਜ ਹੀ ਮੌਕੇ ਤੇ ਟਰੱਸਟ ਵੱਲੋਂ ਪਰਿਵਾਰ ਨੂੰ ਪੈਨਸ਼ਨ ਦਾ ਚੈੱਕ ਦੇਣ ਤੋਂ ਇਲਾਵਾ ਕਰਜ਼ੇ ਦੀ ਬਣਦੀ ਰਕਮ ਦਾ ਚੈੱਕ ਵੀ ਸੌੰਪਣ ਤੋਂ ਇਲਾਵਾ ਪਰਿਵਾਰ ਨੂੰ ਸੁੱਕਾ ਰਾਸ਼ਨ ਵੀ ਦਿੱਤਾ ਗਿਅਾ ਹੈ।
ਇਸ ਦੌਰਾਨ ਮ੍ਰਿਤਕ ਹਰਦੀਪ ਸਿੰਘ ਦੇ ਚਾਚਾ ਜਗਰੂਪ ਸਿੰਘ, ਭੂਅਾ ਦੇ ਪੁੱਤਰ ਸਰਬਜੀਤ ਸਿੰਘ ਅਤੇ ਹੋਰਨਾਂ ਪਰਿਵਾਰਕ ਮੈਂਬਰ ਨੇ ਦੱਸਿਅਾ ਕਿ ਮ੍ਰਿਤਕ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਉਸਦੀ ਪਤਨੀ ਤੇ ਤਿੰਨ ਛੋਟੇ-ਛੋਟੇ ਬੱਚੇ ਉਸ ਦੀ ਬਜ਼ੁਰਗ ਵਿਧਵਾ ਮਾਂ ਨਾਲ ਰਹਿੰਦੇ ਹਨ। ਉਨ੍ਹਾਂ ਸ. ਓਬਰਾਏ ਦਾ ਇਸ ਵੱਡੇ ਪਰਉਪਕਾਰ ਲਈ ਧੰਨਵਾਦ ਕਰਦਿਆਂ ਕਿਹਾ ਉਨ੍ਹਾਂ ਉਨ੍ਹਾਂ ਦਾ ਸਮੁੱਚਾ ਪਰਿਵਾਰ ਹਮੇਸ਼ਾਂ ਹੀ ਉਨ੍ਹਾਂ ਦਾ ਰਿਣੀ ਰਹੇਗਾ।


Share