ਦੁਬਈ ’ਚ ਫਸੇ ਦੀਨਾਨਗਰ ਤੇ ਪਠਾਨਕੋਟ ਦੇ ਨੌਜਵਾਨਾਂ ਦੀ ਵਾਇਰਲ ਵੀਡੀਓ ਹੁਣ ਦੀ ਨਹੀਂ, ਸਗੋਂ ਪੁਰਾਣੀ : ਸੀਨੀਅਰ ਪੁਲਿਸ ਕਪਤਾਨ

111
Share

ਕਿਹਾ: ਉਕਤ ਨੌਜਵਾਨ ਸੁਰੱਖਿਅਤ ਘਰ ਵਾਪਸ ਆ ਚੁੱਕੇ ਹਨ
ਗੁਰਦਾਸਪੁਰ, 14 ਜੂਨ (ਪੰਜਾਬ ਮੇਲ) – ਦੁਬਈ ਰੁਜ਼ਗਾਰ ਦੀ ਭਾਲ ’ਚ ਗਏ ਦੀਨਾਨਗਰ ਤੇ ਪਠਾਨਕੋਟ ਨਾਲ ਸਬੰਧਤ ਨੌਜਵਾਨਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਦੁਬਈ ਗਏ ਨੌਜਵਾਨ ਦੱਸ ਰਹੇ ਹਨ ਕਿ ਉਨ੍ਹਾਂ ਨੂੰ ਇਥੇ ਨਾ ਤਾਂ ਰੁਜ਼ਗਾਰ ਮਿਲ ਰਿਹਾ ਤੇ ਨਾ ਹੀ ਭਾਰਤ ਵਾਪਿਸ ਭੇਜਿਆ ਜਾ ਰਿਹਾ। ਉਨ੍ਹਾਂ ਇਸ ਸਦਕਾ ਭਾਰਤ ਵਾਪਸ ਆਉਣ ਦੀ ਮੰਗ ਕੀਤੀ। ਵਾਇਰਲ ਵੀਡੀਓ ਦਾ ਸੱਚ ਉਸ ਸਮੇਂ ਸਾਹਮਣੇ ਆਇਆ, ਜਦੋਂ ਇਸ ਬਾਰੇ ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਡਾ. ਨਾਨਕ ਸਿੰਘ ਆਈ.ਪੀ.ਐੱਸ. ਨੇ ਦੱਸਿਆ ਕਿ ਇਹ ਵੀਡੀਓ ਹੁਣ ਦੀ ਨਹੀਂ ਹੈ, ਸਗੋਂ ਪੁਰਾਣੀ ਹੈ।
ਵਾਇਰਲ ਵੀਡੀਓ ਦੇ ਸਬੰਧ ’ਚ ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਡਾ. ਨਾਨਕ ਸਿੰਘ ਆਈ.ਪੀ.ਐੱਸ. ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਦੁਬਈ ’ਚ ਫਸੇ ਨੌਜਵਾਨਾਂ ਦੀ ਇਹ ਵੀਡੀਓ ਕਾਫ਼ੀ ਪੁਰਾਣੀ ਹੈ। ਉਕਤ ਸਾਰੇ ਨੌਜਵਾਨ ਦੁਬਈ ਤੋਂ ਸੁਰੱਖਿਅਤ ਘਰ ਵਾਪਸ ਆ ਚੁੱਕੇ ਹਨ, ਜਿਨ੍ਹਾਂ ਨੂੰ 20 ਤੋਂ ਵੱਧ ਦਿਨ ਹੋ ਗਏ ਹਨ। ਵਰਨਣਯੋਗ ਹੈ ਕਿ ਪਠਾਨਕੋਟ ਤੇ ਦੀਨਾਨਗਰ ਨਾਲ ਸਬੰਧਤ ਕੁਝ ਨੌਜਵਾਨ ਰੁਜ਼ਗਾਰ ਦੀ ਭਾਲ ’ਚ ਫਰਜੀ ਏਜੰਟਾਂ ਦੇ ਝਾਂਸੇ ਵਿਚ ਆ ਕੇ ਲੱਖਾਂ ਰੁਪਏ ਖ਼ਰਚ ਕਰਕੇ ਦੁਬਈ ਗਏ ਸਨ। ਪਿਛਲੇ ਤਿੰਨ ਮਹੀਨੇ ਤੋਂ ਉਨ੍ਹਾਂ ਨੂੰ ਕੋਈ ਕੰਮ ਨਹੀਂ ਮਿਲਿਆ, ਜਿਸ ਕਾਰਨ ਉਹ ਪ੍ਰੇਸ਼ਾਨ ਹਨ। ਉਨ੍ਹਾਂ ਕੋਲ ਬਚੇ ਹੋਏ ਪੈਸੇ ਵੀ ਖ਼ਤਮ ਹੋ ਗਏ, ਜਿਸ ਕਾਰਨ ਉਹ ਭੁੱਖੇ ਦਿਨ ਲੰਘਾ ਰਹੇ ਹਨ। ਹਾਲਾਂਕਿ ਕੁੱਝ ਨੌਜਵਾਨ ਬੀਮਾਰ ਵੀ ਹੋ ਗਏ ਸਨ।
ਦੱਸ ਦੇਈਏ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ’ਚ ਨੌਜਵਾਨਾਂ ਨੇ ਦੱਸਿਆ ਕਿ ਏਜੰਟਾਂ ਨੇ ਉਨ੍ਹਾਂ ਨੂੰ ਵਰਕ ਪਰਮਿਟ ਦਾ ਵੀਜਾ ਦੇ ਕੇ ਦੁਬਈ ਭੇਜਿਆ ਸੀ। ਜਿੱਥੇ ਉਨ੍ਹਾਂ ਨੂੰ ਤਿੰਨ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ ਪਰ ਹੁਣ ਤੱਕ ਨਾ ਕਿਸੇ ਕੰਪਨੀ ਦੇ ਅਧਿਕਾਰੀ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਨਾ ਹੀ ਕੋਈ ਕੰਮ ਮਿਲਿਆ। ਦੁਬਈ ਸਰਕਾਰ ਵੱਲੋਂ ਵੀਜਾ ਖ਼ਤਮ ਹੋਣ ਦੇ ਬਾਅਦ ਉਨ੍ਹਾਂ ਸਿਰ ਹਜ਼ਾਰਾਂ ਰੁਪਏ ਦਾ ਜੁਰਮਾਨਾ ਖੜ੍ਹਾ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਜਦੋਂ ਵੀ ਉਹ ਏਜੰਟਾਂ ਨੂੰ ਫੋਨ ਕਰਦੇ ਹਨ, ਤਾਂ ਅੱਗੋਂ ਏਜੰਟ ਫੋਨ ਨਹੀਂ ਉਠਾਉਂਦੇ ਹਨ।
ਉਨ੍ਹਾਂ ਕਿਹਾ ਕਿ ਉਹ ਗਰੀਬ ਪਰਿਵਾਰ ਨਾਲ ਸਬੰਧਤ ਹੋਣ ਕਾਰਣ ਇਹ ਸੋਚ ਕੇ ਆਏ ਸਨ ਕਿ ਉਹ ਇੱਥੇ ਆ ਕੇ ਚੰਗੇ ਪੈਸੇ ਕਮਾ ਕੇ ਘਰ ਦੀ ਹਾਲਤ ਸੁਧਾਰਨਗੇ ਪਰ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਇੱਥੇ ਵੀ ਆ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਹੋਣਾ ਪਵੇਗਾ। ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਸੀ ਕਿ ਜਲਦੀ ਤੋਂ ਜਲਦੀ ਉਨ੍ਹਾਂ ਨੂੰ ਭਾਰਤ ਲਿਆਉਣ ਲਈ ਪ੍ਰਬੰਧ ਕੀਤੇ ਜਾਣ।

Share