ਦੁਬਈ ‘ਚ ਪੰਜਾਬੀ ਨੌਜਵਾਨ ਦੀ ਹਾਦਸੇ ਦੌਰਾਨ ਮੌਤ

1046
Share

-ਕੰਪਨੀ ਵੱਲੋਂ ਲਾਸ਼ ਭਾਰਤ ਭੇਜਣ ਤੋਂ ਇਨਕਾਰ
ਮਾਛੀਵਾੜਾ ਸਾਹਿਬ, (ਪੰਜਾਬ ਮੇਲ)- ਦੁਬਈ ‘ਚ ਪੰਜਾਬੀ ਨੌਜਵਾਨ ਦੀ ਇਕ ਹਾਦਸੇ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਲਵਿੰਦਰ ਸਿੰਘ (37) ਵਜੋਂ ਹੋਈ ਹੈ। ਉਹ ਮਾਛੀਵਾੜਾ ਨੇੜਲੇ ਪਿੰਡ ਬਲੀਏਵਾਲ ਦਾ ਰਹਿਣ ਵਾਲਾ ਸੀ ਅਤੇ ਦੁਬਈ ਵਿਖੇ ਇਕ ਕੰਪਨੀ ‘ਚ ਕੰਮ ਕਰਦਾ ਸੀ। ਪਰ ਹਾਦਸੇ ਤੋਂ ਬਾਅਦ ਕੰਪਨੀ ਵਲੋਂ ਉਸਦੀ ਲਾਸ਼ ਭਾਰਤ ਭੇਜਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਪਿਛਲੇ 6 ਸਾਲਾਂ ਤੋਂ ਦੁਬਈ ਵਿਖੇ ਅਲ ਹਮਦ ਕੰਪਨੀ ‘ਚ ਕੰਮ ਕਰਦਾ ਸੀ ਅਤੇ ਬੀਤੀ 16 ਅਪ੍ਰੈਲ ਨੂੰ ਉਹ ਕਰੀਬ 100 ਫੁੱਟ ਤੋਂ ਵੱਧ ਉਚਾਈ ‘ਤੇ ਇਕ ਮਸ਼ੀਨ ਰਾਹੀਂ ਇਮਾਰਤ ‘ਚ ਕੰਮ ਕਰ ਰਿਹਾ ਸੀ ਕਿ ਅਚਾਨਕ ਮਸ਼ੀਨ ਦੀ ਤਾਰ ਟੁੱਟ ਗਈ ਅਤੇ ਉਹ ਜ਼ਮੀਨ ‘ਤੇ ਆ ਡਿੱਗਾ। ਇਸ ਹਾਦਸੇ ‘ਚ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਉਸਦੀ ਲਾਸ਼ ਨੂੰ ਭਾਰਤ ਭੇਜਣ ‘ਚ ਮੋਰਚਰੀ ‘ਚ ਰਖਵਾ ਦਿੱਤਾ ਗਿਆ।
ਮ੍ਰਿਤਕ ਬਲਵਿੰਦਰ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਹਿਲਾਂ ਤਾਂ ਕੰਪਨੀ ਵਲੋਂ ਇਹ ਕਿਹਾ ਜਾਂਦਾ ਰਿਹਾ ਕਿ ਉਸਦੀ ਲਾਸ਼ ਨੂੰ ਅੰਤਿਮ ਸਸਕਾਰ ਲਈ ਭਾਰਤ ਭੇਜ ਦਿੱਤਾ ਜਾਵੇਗਾ ਅਤੇ ਹੁਣ ਕੰਪਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਲਾਸ਼ ਦਾ ਕੋਰੋਨਾ ਟੈਸਟ ਕਰਵਾਇਆ ਗਿਆ, ਜੋ ਕਿ ਪਾਜ਼ੀਟਿਵ ਆਇਆ ਹੈ, ਜਿਸ ਕਾਰਨ ਉਸਦੀ ਲਾਸ਼ ਨੂੰ ਭਾਰਤ ਨਹੀਂ ਭੇਜਿਆ ਜਾ ਸਕਦਾ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਬਲਵਿੰਦਰ ਸਿੰਘ ਦੀ ਮੌਤ ਤਾਂ ਹਾਦਸੇ ‘ਚ ਹੋਈ ਹੈ, ਫਿਰ ਉਸਦਾ ਟੈਸਟ ਕੋਰੋਨਾ ਪਾਜ਼ੀਟਿਵ ਕਿਵੇਂ ਆ ਸਕਦਾ ਹੈ।
ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਬਲਵਿੰਦਰ ਸਿੰਘ ਦੀ ਲਾਸ਼ ਨੂੰ ਪਿੰਡ ਅੰਤਿਮ ਸਸਕਾਰ ਲਈ ਭੇਜਿਆ ਜਾਵੇ। ਇਸ ਸਬੰਧੀ ਪਰਿਵਾਰਕ ਮੈਂਬਰਾਂ ਵਲੋਂ ਬਲਵੰਤ ਸਿੰਘ ਰਾਮੂਵਾਲੀਆ ਨਾਲ ਲਾਸ਼ ਨੂੰ ਭਾਰਤ ਲਿਆਉਣ ਲਈ ਸੰਪਰਕ ਕੀਤਾ ਗਿਆ, ਜਿਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਪੂਰੀ ਕੋਸ਼ਿਸ਼ ਕਰਨਗੇ।


Share