ਦੁਬਈ ‘ਚ ਜੁਰਮਾਨੇ ‘ਚ ਛੋਟ ਮਿਲਣ ਉਪਰੰਤ ਭਾਰਤੀ ਨੌਜਵਾਨ 14 ਸਾਲਾਂ ਬਾਅਦ ਵਤਨ ਪਰਤੇਗਾ

596

ਦੁਬਈ, 27 ਸਤੰਬਰ (ਪੰਜਾਬ ਮੇਲ)- ਆਂਧਰਾ ਪ੍ਰਦੇਸ਼ ਦਾ ਰਹਿਣ ਵਾਲਾ ਬਾਸਕਰੀ ਰਾਘਵਲੂ 14 ਸਾਲਾਂ ਬਾਅਦ ਸੰਯੁਕਤ ਅਰਬ ਅਮੀਰਾਤ ਤੋਂ ਭਾਰਤ ਪਰਤ ਸਕੇਗਾ। ਉਹ 5,11,200 ਦਿਰਹਾਮ (1,39,177 ਡਾਲਰ) ਤੋਂ ਵੱਧ ਦੇ ਜੁਰਮਾਨੇ ਦੀ ਛੋਟ ਮਿਲਣ ਦੇ ਬਾਅਦ ਘਰ ਪਰਤ ਸਕੇਗਾ। ਇਕ ਖ਼ਬਰ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।
ਗਲਫ਼ ਨਿਊਜ਼ ਮੁਤਾਬਕ ਰਾਘਵਲੂ ਨੂੰ ਵਕੀਲ ਅਤੇ ਸਮਾਜਕ ਕਾਰਜਕਰਤਾ ਸ਼ੀਲਾ ਥਾਮਸ ਤੋਂ ਮਦਦ ਮਿਲੀ, ਜਿਨ੍ਹਾਂ ਨੇ ਉਸ ਦੀ ਘਰ ਵਾਪਸੀ ਲਈ ਟਿਕਟ ਦਾ ਪ੍ਰਬੰਧ ਵੀ ਕੀਤਾ। ਥਾਮਸ ਦੇ ਹਵਾਲੇ ਤੋਂ ਖ਼ਬਰ ਵਿਚ ਦੱਸਿਆ ਗਿਆ, ”ਉਹ ਰਹਿਣ ਲਈ ਸੰਘਰਸ਼ ਕਰ ਰਿਹਾ ਸੀ। ਉਹ ਕੁਝ ਹੋਰ ਕਾਮਿਆਂ ਦੇ ਰਹਿਮ ‘ਤੇ ਰਹਿ ਰਿਹਾ ਸੀ। ਉਹ ਭਾਰਤ ਵਾਪਸ ਜਾਣਾ ਚਾਹੁੰਦਾ ਸੀ ਅਤੇ ਜ਼ਿੰਦਗੀ ਵਿਚ ਪਹਿਲੀ ਵਾਰ ਆਪਣੀ ਧੀ ਨੂੰ ਦੇਖਣ ਲਈ ਤਰਸ ਰਿਹਾ ਸੀ। ਤਦ ਮੈਂ ਇਸ ਮਾਮਲੇ ਨੂੰ ਲਿਆ।” ਉਨ੍ਹਾਂ ਕਿਹਾ ਕਿ ਰਾਘਵਲੂ ਦੇ ਜ਼ਿਆਦਾ ਸਮੇਂ ਤੱਕ ਰੁਕਣ ਦੇ ਜੁਰਮਾਨੇ ਨੂੰ ਭਰ ਦਿੱਤਾ ਗਿਆ ਹੈ ਅਤੇ ਉਹ ਪਰਤਣ ਲਈ ਤਿਆਰ ਹੈ।
41 ਸਾਲਾ ਰਾਘਵਲੂ 2006 ‘ਚ ਸੰਯੁਕਤ ਅਰਬ ਅਮੀਰਾਤ ਆਇਆ ਸੀ ਅਤੇ ਆਪਣੀ ਕੰਪਨੀ ਦੀ ਗੱਡੀ ਰਾਹੀਂ ਜਾਂਦੇ ਸਮੇਂ ਇਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਖ਼ਬਰ ਮੁਤਾਬਕ ਉਸ ਨੇ ਕੰਪਨੀ ਤੋਂ ਮੁਆਵਜ਼ਾ ਪਾਉਣ ਦੀ ਕੋਸ਼ਿਸ਼ ਕੀਤੀ, ਜਿੱਥੇ ਉਹ ਇਕ ਵਕੀਲ ਰਾਹੀਂ ਕੰਮ ਕਰਦਾ ਸੀ। ਉਸ ਵਕੀਲ ਨੇ ਉਸ ਦਾ ਪਾਸਪੋਰਟ ਵੀ ਲੈ ਲਿਆ ਸੀ। ਰਾਘਵਲੂ ਨੇ ਦੱਸਿਆ ਕਿ ਉਸ ਨੇ ਖੁਦ ਲਈ ਅਤੇ ਘਰ ਵਿਚ ਆਪਣੇ ਪਰਿਵਾਰ ਦੇ ਗੁਜ਼ਾਰੇ ਲਈ ਕਈ ਤਰ੍ਹਾਂ ਦੀਆਂ ਨੌਕਰੀਆਂ ਅਤੇ ਕੰਮ ਕੀਤੇ। ਅਖਬਾਰ ਮੁਤਾਬਕ ਯੂ.ਏ.ਈ. ਸਰਕਾਰ ਦੇ ਇਕ ਰਿਆਇਤ ਪ੍ਰੋਗਰਾਮ ਦੌਰਾਨ ਉਸ ਨੂੰ ਦੇਸ਼ ਛੱਡਣ ਦੀ ਇਜਾਜ਼ਤ ਮਿਲ ਵੀ ਗਈ ਸੀ ਪਰ ਉਸ ਕੋਲ ਹਵਾਈ ਯਾਤਰਾ ਲਈ ਪੈਸਾ ਨਹੀਂ ਸੀ।