ਦੁਨੀਆ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 1 ਲੱਖ ਤੋਂ ਹੋਈ ਪਾਰ

896
Share

ਹੁਣ ਤੱਕ 3466 ਲੋਕਾਂ ਦੀ ਹੋਈ ਮੌਤ

ਨਵੀਂ ਦਿੱਲੀ, 7 ਮਾਰਚ (ਪੰਜਾਬ ਮੇਲ)- ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ। ਸ਼ੁੱਕਰਵਾਰ ਦੇਰ ਰਾਤ ਤੱਕ ਕੋਰੋਨਾ ਵਾਇਰਸ ਨਾਲ ਪੀੜਤਾਂ ਦੀ ਗਿਣਤੀ 1 ਲੱਖ ਦੇ ਪਾਰ ਪਹੁੰਚ ਗਈ। ਦੁਨੀਆ ਦੇ 96 ਦੇਸ਼ਾਂ ਦੀ ਲਪੇਟ ਵਿਚ ਲੈ ਚੁੱਕੀ ਇਸ ਬਿਮਾਰੀ ਕਾਰਨ ਹੁਣ ਤੱਕ 3466 ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ 56 ਹਜ਼ਾਰ ਲੋਕ ਇਸ ਬਿਮਾਰੀ ਨਾਲ ਜੰਗ ਜਿੱਤ ਕੇ ਠੀਕ ਵੀ ਹੋਏ ਹਨ। ਸ਼ੁੱਕਰਵਾਰ ਨੂੰ ਏਸ਼ੀਆਈ ਦੇਸ਼ ਭੂਟਾਨ ਵਿਚ ਵੀ ਕੋਰੋਨਾ  ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ। ਈਸਾਈਆਂ ਦੇ ਪਵਿੱਤਰ ਸ਼ਹਿਰ ਬੇਥਲੇਹਮ ਵਿਚ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਥੇ ਐਮਰਜੰਸੀ ਐਲਾਨ ਕਰ ਦਿੱਤੀ ਗਈ।
ਸੂਤਰਾਂ ਮੁਤਾਬਕ ਇਸ ਦਾ ਸਭ ਤੋਂ ਜ਼ਿਆਦਾ ਕਹਿਰ ਚੀਨ ਵਿਚ ਹੈ ਜਿੱਥੋਂ ਇਸ ਦੀ ਸ਼ੁਰੂਆਤ ਹੋਈ ਸੀ। ਦੇਰ ਰਾਤ ਤੱਕ ਚੀਨ ਵਿਚ 8 ਹਜ਼ਾਰ ਤੋਂ ਜ਼ਿਆਦਾ ਲੋਕ ਇਸ ਨਾਲ ਪੀੜਤ ਸਨ ਅਤੇ 3 ਹਜ਼ਾਰ 42 ਲੋਕਾਂ ਦੀ ਜਾਨ ਜਾ ਚੁੱਕੀ ਸੀ। ਚੀਨ ਦੇ ਬਾਹਰ ਵੀ 370 ਲੋਕਾਂ ਦੀ ਜਾਨ ਜਾ ਚੁੱਕੀ ਹੈ। ਚੀਨ ਤੋਂ ਬਾਅਦ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪੀੜਤ ਦੱਖਣੀ ਕੋਰੀਆ ਹੈ। ਜਿੱਥੇ ਸਾਢੇ ਛੇ ਹਜ਼ਾਰ ਲੋਕਾਂ ਵਿਚ ਇਸ ਦੀ ਪੁਸ਼ਟੀ ਹੋਈ ਹੈ ਅਤੇ 43 ਲੋਕਾਂ ਦੀ ਮੌਤ ਹੋਈ ਹੈ। Îਇਟਲੀ ਵਿਚ ਵੀ 197 ਲੋਕਾਂ ਦੀ ਜਾਨ ਜਾ ਚੁੱਕੀ ਹੈ।  ਈਰਾਨ ਵਿਚ ਵੀ 124 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਈਰਾਨ ਵਿਚ ਕੋਰੋਨਾ ਵਾਇਰਸ ਦੇ ਕਾਰਨ ਸਰਕਾਰ ਨੇ ਸਖ਼ਤੀ ਦਾ ਫ਼ੈਸਲਾ ਕੀਤਾ ਹੈ। ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਦੋ ਸ਼ਹਿਰਾਂ ਦੇ ਵਿਚ ਲੋਕਾਂ ਦੀ ਆਵਾਜਾਈ ਨੂੰ ਸੀਮਤ ਕਰਨ ਦੇ ਲਈ ਸਖ਼ਤੀ ਕੀਤੀ ਜਾ ਸਕਦੀ ਹੈ। ਈਰਾਨੀ ਸਿਹਤ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਦੇਸ਼ ਦੇ ਸਾਰੇ 31 ਸੂਬਿਆਂ ਵਿਚ ਕੋਰੋਨਾ ਦੇ ਮਰੀਜ਼ ਮਿਲ ਚੁੱਕੇ ਹਨ। ਇਸ ਦੇ ਮੱਦੇਨਜ਼ਰ ਲੋਕਾਂ ਦੀ ਆਵਾਜਾਈ ਸੀਮਤ ਕਰਨ ਦੀ ਸਲਾਹ ਦਿੱਤੀ ਹੈ।  ਈਰਾਨ ਵਿਚ ਵਿਦੇਸ਼ ਮੰਤਰੀ ਦੇ ਸਲਾਹਕਾਰ ਹੁਸੈਨ ਸ਼ੇਖੋਲੇਸਲਾਮ ਦੀ ਕੋਰੋਨਾ ਕਾਰਨ ਮੌਤ ਹੋ ਗਈ। ਉਨ੍ਹਾਂ ਨੇ 1979 ਦੇ ਅਮਰੀਕੀ ਦੂਤਘਰ ਬੰਦਕ ਸੰਕਟ ਵਿਚ ਵੀ ਹਿੱਸਾ ਲਿਆ ਸੀ।


Share