ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਬਣੀ ਐਪਲ

573
Share

ਵਾਸ਼ਿੰਗਟਨ,  20 ਅਗਸਤ (ਪੰਜਾਬ ਮੇਲ)- ਦੁਨੀਆ ਦੀ ਸਭ ਤੋਂ ਵੱਡੀ ਟੈਕਨਾਲੋਜੀ ਕੰਪਨੀ ਐਪਲ ਦਾ ਮਾਰਕਿਟ ਕੈਪ ਪਹਿਲੀ ਵਾਰ 2 ਟ੍ਰਿਲੀਅਨ ਡਾਲਰ (ਲਗਭਗ 150 ਲੱਖ ਕਰੋੜ ਰੁਪਏ) ਪਹੁੰਚ ਗਿਆ ਹੈ। ਇਹ ਮੁਕਾਮ ਹਾਸਲ ਕਰਨ ਵਾਲੀ ਇਹ ਪਹਿਲੀ ਅਮਰੀਕੀ ਕੰਪਨੀ ਹੈ। ਇਸ ਤੋਂ ਪਹਿਲਾਂ ਸਾਲ 2018 ਵਿੱਚ ਕੰਪਨੀ ਨੇ 1 ਟ੍ਰਿਲੀਅਨ ਡਾਲਰ (75 ਲੱਖ ਕਰੋੜ ਰੁਪਏ) ਦਾ ਮਾਰਕਿਟ ਕੈਪ ਹਾਸਲ ਕੀਤਾ ਸੀ। ਮੌਜੂਦਾ ਸਮੇਂ ਵਿੱਚ ਮਾਰਕਿਟ ਕੈਪ ਦੇ ਲਿਹਾਜ਼ ਨਾਲ ਐਪਲ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਹੈ। ਕੰਪਨੀ ਦੀ ਮਾਰਕਿਟ ਕੈਪ ਕਈ ਦੇਸ਼ਾਂ ਦੀ ਜੀਡੀਪੀ ਤੋਂ ਜ਼ਿਆਦਾ ਹੋ ਗਈ ਹੈ, ਜਿਨ•ਾਂ ਵਿੱਚ ਕੈਨੇਡਾ, ਰੂਸ, ਬ੍ਰਾਜ਼ੀਲ,  ਇਟਲੀ, ਸਾਊਥ ਕੋਰੀਆ, ਆਸਟਰੇਲੀਆ, ਸਪੇਨ, ਮੈਕਸਿਕੋ, ਤੁਰਕੀ, ਤਾਇਵਾਨ, ਯੂਏਈ ਅਤੇ ਨੌਰਵੇ ਸ਼ਾਮਲ ਹਨ।
ਅਮਰੀਕੀ ਸ਼ੇਅਰ ਬਾਜ਼ਾਰ ਦੀ ਮੁੱਖ ਸਟੌਕ ਐਕਸਚੇਂਜ ਨੈਸਡੈਕ ‘ਤੇ ਬੀਤੇ ਦਿਨ ਐਪਲ ਦਾ ਸ਼ੇਅਰ ਆਪਣੇ ਹੁਣ ਤੱਕ ਦੇ ਸਭ ਤੋਂ ਸਿਖ਼ਰਲੇ ਪੱਧਰ ‘ਤੇ ਪਹੁੰਚ ਗਿਆ। ਇਸ ਕਾਰਨ ਕੰਪਨੀ ਦੀ ਮਾਰਕਿਟ ਕੈਪ 2 ਟ੍ਰਿਲੀਅਨ ਡਾਲਰ (ਲਗਭਗ 150 ਲੱਖ ਕਰੋੜ ਰੁਪਏ) ਦੇ ਪਾਰ ਪਹੁੰਚ ਗਈ। ਦੱਸ ਦੇਈਏ ਕਿ ਆਈਫੋਨ ਬਣਾਉਣ ਵਾਲੀ ਇਹ ਕੰਪਨੀ 12 ਦਸੰਬਰ 1980 ਨੂੰ ਸ਼ੇਅਰ ਬਾਜ਼ਾਰ ਵਿੱਚ ਲਿਸਟ ਹੋਈ ਸੀ। ਤਦ ਤੋਂ ਹੁਣ ਤੱਕ ਕੰਪਨੀ ਦਾ ਸ਼ੇਅਰ 76 ਹਜ਼ਾਰ ਫੀਸਦੀ ਦਾ ਰਿਟਰਨ ਦੇ ਚੁੱਕਾ ਹੈ।
ਐਪਲ ਨੇ ਦੋ ਸਾਲ ਪਹਿਲਾਂ 1 ਟ੍ਰਿਲੀਅਨ ਡਾਲਰ ਦਾ ਮਾਰਕਿਟ ਕੈਪ ਹਾਸਲ ਕੀਤਾ ਸੀ। ਯੂਐਸ ਸਟੀਲ ਨੇ 1901 ਵਿੱਚ 1 ਬਿਲੀਅਨ ਡਾਲਰ ਦਾ ਮਾਰਕਿਟ ਕੈਪ ਹਾਸਲ ਕੀਤਾ ਸੀ। ਹਾਲਾਂਕਿ ਦੁਨੀਆ ਦੀ ਗੱਲ ਕਰੀਏ ਤਾਂ ਐਪਲ 2 ਟ੍ਰਿਲੀਅਨ ਡਾਲਰ ਦਾ ਮਾਰਕਿਟ ਕੈਪ ਹਾਸਲ ਕਰਨ ਵਾਲੀ ਪਹਿਲੀ ਕੰਪਨੀ ਨਹੀਂ ਹੈ। ਸਾਊਦੀ ਅਰਾਮਕੋ ਪਿਛਲੇ ਸਾਲ ਸਟੌਕ ਮਾਰਕਿਟ ਵਿੱਚ ਆਉਂਦੇ ਹੀ ਇਸ ਮੁਕਾਮ ‘ਤੇ ਪਹੁੰਚ ਗਈ ਸੀ। ਮਾਹਰਾਂ ਦਾ ਕਹਿਣਾ ਹੈ ਕਿ ਐਪਲ ਦੇ ਨਵੇਂ 5ਜੀ ਆਈਫੋਨ ਨੂੰ ਲੈ ਕੇ ਕਾਫ਼ੀ ਉਮੀਦਾਂ ਲਾਈਆਂ ਜਾ ਰਹੀਆਂ ਹਨ। ਇਸ ਲਈ ਸ਼ੇਅਰ ਬਾਜ਼ਾਰ ਵਿੱਚ ਤੇਜ਼ੀ ਜਾਰੀ ਹੈ।


Share