ਦੁਨੀਆਂ ਦੇ ਸਭ ਤੋਂ ਜ਼ਿਆਦਾ ਕਰੋੜਪਤੀ ਨਿਊਯਾਰਕ, ਟੋਕੀਓ ਤੇ ਸਾਨ ਫਰਾਂਸਿਸਕੋ ’ਚ

38
Share

– ਲੰਡਨ ’ਚ ਕਰੋੜਪਤੀਆਂ ਦੀ ਗਿਣਤੀ ’ਚ ਗਿਰਾਵਟ
– ਦੁਬਈ ’ਚ ਤੇਜ਼ੀ ਨਾਲ ਵਧ ਰਹੀ ਹੈ ਅਮੀਰਾਂ ਦੀ ਗਿਣਤੀ
ਵਾਸ਼ਿੰਗਟਨ, 21 ਸਤੰਬਰ (ਪੰਜਾਬ ਮੇਲ)- ਰੈਜ਼ੀਡੈਂਸੀ ਐਡਵਾਈਜ਼ਰੀ ਫਰਮ ਹੇਨਲੇ ਐਂਡ ਪਾਰਟਨਰਸ ਗਰੁੱਪ ਦੀ ਇਕ ਰਿਪੋਰਟ ਮੁਤਾਬਕ ਨਿਊਯਾਰਕ, ਟੋਕੀਓ ਅਤੇ ਸਾਨ ਫਰਾਂਸਿਸਕੋ ਖਾੜੀ ਖੇਤਰ ਅਜਿਹੇ ਸਥਾਨ ਹਨ, ਜਿਥੇ ਸਭ ਤੋਂ ਜ਼ਿਆਦਾ ਕਰੋੜਪਤੀ ਰਹਿੰਦੇ ਹਨ। ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ ਸਭ ਤੋਂ ਜ਼ਿਆਦਾ ਕਰੋੜਪਤੀ ਵਾਲੇ ਚੋਟੀ ਦੇ 10 ਸ਼ਹਿਰਾਂ ਵਿਚੋਂ ਅੱਧੇ ਸੰਯੁਕਤ ਰਾਜ ਅਮਰੀਕਾ ਵਿਚ ਹਨ। ਫਿਰ ਵੀ ਅੰਕੜਿਆਂ ’ਤੇ ਨੇੜਿਓਂ ਨਜ਼ਰ ਮਾਰਨ ਤੋਂ ਪਤਾ ਲੱਗਦਾ ਹੈ ਕਿ ਨਿਊਯਾਰਕ ਸ਼ਹਿਰ ’ਚ 2022 ਦੀ ਪਹਿਲੀ ਛਿਮਾਹੀ ਵਿਚ ਹਾਈ ਨੈੱਟਵਰਥ ਵਾਲੇ ਵਿਅਕਤੀਆਂ ਵਿਚ 12 ਫ਼ੀਸਦੀ ਦੀ ਕਮੀ ਆਈ ਹੈ, ਜਦਕਿ ਸਾਨ ਫਰਾਂਸਿਸਕੋ ਖਾੜੀ ਖੇਤਰ ’ਚ 4 ਫ਼ੀਸਦੀ ਦਾ ਵਾਧਾ ਦੇਖਿਆ ਗਿਆ ਹੈ।
ਚੌਥੇ ਸਥਾਨ ’ਤੇ ਕਾਬਿਜ਼ ਅਤੇ ਕਾਸਟ ਆਫ ਲਿਵਿੰਗ ਸੰਕਟ ਤੋਂ ਲੰਘ ਰਹੇ ਲੰਡਨ ਵਿਚ ਵੀ ਕਰੋੜਪਤੀਆਂ ਦੀ ਗਿਣਤੀ ਵਿਚ 9 ਫ਼ੀਸਦੀ ਦੀ ਗਿਰਾਵਟ ਦੇਖੀ ਗਈ ਹੈ। ਰਿਪੋਰਟ ’ਚ ਕਰੋੜਪਤੀਆਂ ਨੂੰ 1 ਮਿਲੀਅਨ ਡਾਲਰ ਜਾਂ ਉਸ ਤੋਂ ਜ਼ਿਆਦਾ ਦੀ ਨਿਵੇਸ਼ ਯੋਗ ਜਾਇਦਾਦ ਦੇ ਰੂਪ ’ਚ ਪਰਿਭਾਸ਼ਤ ਕੀਤਾ ਗਿਆ ਹੈ। ਉਥੇ, ਖੁਫੀਆ ਫਰਮ ਨਿਊ ਵਰਲਡ ਵੈਲਥ ਵਲੋਂ ਇਕੱਤਰ ਕੀਤੇ ਗਏ ਅੰਕੜੇ ਦੱਸਦੇ ਹਨ ਕਿ ਮਿਡਲ ਈਸਟ ’ਚ ਸਥਿਤ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਅਤੇ ਸੰਯੁਕਤ ਅਰਬ ਅਮੀਰਾਤ ਦਾ ਸ਼ਹਿਰ ਸ਼ਾਰਜਾਹ ਹੁਣ ਤੱਕ ਦੇ ਸਭ ਤੋਂ ਤੇਜ਼ੀ ਨਾਲ ਵਧਦੀ ਕਰੋੜਪਤੀਆਂ ਦੀ ਆਬਾਦੀ ਵਾਲੇ ਸ਼ਹਿਰ ਹਨ।
ਆਬੂਧਾਬੀ ਅਤੇ ਦੁਬਈ ਵੀ ਸਭ ਤੋਂ ਤੇਜ਼ੀ ਨਾਲ ਵਧਦੀ ਕਰੋੜਪਤੀ ਆਬਾਦੀ ਵਾਲੇ ਸ਼ਹਿਰਾਂ ਵਿਚੋਂ ਹਨ। ਯੂ.ਏ.ਈ. ਆਪਣੇ ਪ੍ਰਬੰਧ ਅਤੇ ਨਵੀਆਂ ਨਿਵਾਸ ਯੋਜਨਾਵਾਂ ਨਾਲ ਅਲਟਰਾ-ਰਿਚ ਲੋਕਾਂ ਨੂੰ ਲੁਭਾਉਂਦਾ ਹੈ। ਸੰਪੰਨ ਰੂਸੀਆਂ ਦੇ ਇਮੀਗ੍ਰੇਸ਼ਨ ਨੇ ਵੀ ਸੰਯੁਕਤ ਅਰਬ ਅਮੀਰਾਤ ਦੀ ਰੈਕਿੰਗ ਨੂੰ ਸੁਧਾਰਣ ’ਚ ਯੋਗਦਾਨ ਦਿੱਤਾ ਹੈ। ਬੀਜਿੰਗ ਅਤੇ ਸ਼ਿੰਘਾਈ, ਜੋ ਸਭ ਤੋਂ ਅਮੀਰ ਸ਼ਹਿਰਾਂ ਦੀ ਸੂਚੀ ਵਿਚ 9ਵੇਂ ਅਤੇ 10ਵੇਂ ਸਥਾਨ ’ਤੇ ਹਨ, ਨੇ ਵੀ ਨੁਕਸਾਨ ਦਰਜ ਕੀਤਾ ਹੈ। ਹੇਨਲੇ ਐਂਡ ਪਾਰਟਨਰਸ ਦਾ ਅਨੁਮਾਨ ਹੈ ਕਿ ਇਸ ਸਾਲ ਰੂਸ ਤੋਂ ਬਾਅਦ ਸਭ ਤੋਂ ਜ਼ਿਆਦਾ ਚੀਨੀ ਅਮੀਰ ਵਿਅਕਤੀ ਦੇਸ਼ ਛੱਡ ਕੇ ਜਾ ਰਹੇ ਹਨ। ਚੀਨ ਦੇ ਉਦਯੋਗ ’ਤੇ ਸਰਕਾਰ ਦਾ ਜ਼ਿਆਦਾ ਕੰਟਰੋਲ ਹੋਣਾ ਵੀ ਇਸਦਾ ਇਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ।

Share