ਦੁਨੀਆਂ ਦੇ ਮੁਕਾਬਲੇ ਭਾਰਤ ‘ਚ ਲਗਾਤਾਰ ਘੱਟ ਰਹੀ ਹੈ ਕੋਰੋਨਾ ਮੌਤ ਦਰ

553
Share

-5 ਸੂਬਿਆਂ ‘ਚ ਮੌਤ ਦਰ ਸਿਫ਼ਰ
ਨਵੀਂ ਦਿੱਲੀ, 23 ਜੁਲਾਈ (ਪੰਜਾਬ ਮੇਲ)-ਭਾਰਤ ‘ਚ ਕੋਰੋਨਾਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ ਲਗਾਤਾਰ ਘੱਟ ਰਹੀ ਹੈ ਅਤੇ ਇਹ ਹੁਣ 2.49 ਫ਼ੀਸਦੀ ਹੈ, ਜੋ ਕਿ ਦੁਨੀਆਂ ਭਰ ‘ਚ ਸਭ ਤੋਂ ਘੱਟ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਇਹ ਸਭ ਹਸਪਤਾਲ ਦਾਖ਼ਲ ਮਰੀਜ਼ਾਂ ਦੇ ਇਲਾਜ ਲਈ ਪ੍ਰਭਾਵਸ਼ਾਲੀ ਪ੍ਰਬੰਧਾਂ ਕਾਰਨ ਹੋਇਆ ਹੈ। ਸਿਹਤ ਮੰਤਰਾਲੇ ਨੇ ਦੱਸਿਆ ਕਿ 29 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਮੌਤ ਦਰ ਪੂਰੇ ਦੇਸ਼ ਨਾਲੋਂ ਘੱਟ ਹੈ, ਪੰਜ ਸੂਬਿਆਂ ‘ਚ ਮੌਤ ਦਰ ਸਿਫ਼ਰ ਹੈ ਤੇ 14 ਸੂਬਿਆਂ ‘ਚ ਮੌਤ ਦਰ ਇਕ ਫ਼ੀਸਦੀ ਤੋਂ ਵੀ ਘੱਟ ਹੈ। ਕੇਂਦਰ, ਸੂਬਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਦੀਆਂ ਕੋਸ਼ਿਸ਼ਾਂ ਸਦਕਾ ਹਸਪਤਾਲਾਂ ‘ਚ ਮਰੀਜ਼ਾਂ ਦੇ ਇਲਾਜ ਦਾ ਪ੍ਰਭਾਵਸ਼ਾਲੀ ਪ੍ਰਬੰਧ ਹੋਣ ਕਾਰਨ ਭਾਰਤ ‘ਚ ਮੌਤ ਦਰ ਘੱਟ ਕੇ 2.5 ਫ਼ੀਸਦੀ ਤੋਂ ਵੀ ਘੱਟ ਹੋ ਗਈ ਹੈ। ਇਸ ਨੇ ਕਿਹਾ ਕਿ ਪ੍ਰਭਾਵੀ ਕੰਟੋਨਮੈਂਟ ਰਣਨੀਤੀ , ਲਗਾਤਾਰ ਟੈਸਟ, ਕਲੀਨਿਕਲ ਮੈਨੇਜਮੈਂਟ ਪ੍ਰੋਟੋਕਾਲ ਅਤੇ ਦੇਖਭਾਲ ਸਬੰਧੀ ਸਮੁੱਚੇ ਪ੍ਰਬੰਧ ਕਾਰਨ ਮੌਤ ਦਰ ‘ਚ ਕਮੀ ਆ ਰਹੀ ਹੈ। ਇਸ ‘ਚ ਕਿਹਾ ਗਿਆ ਹੈ ਕਿ ਇਸ ਮਹੀਨੇ ਦੇਸ਼ ਵਿਚ ਕੋਰੋਨਾ ਮੌਤ ਦਰ ਪਹਿਲਾਂ 2.82 ਫ਼ੀਸਦੀ ਸੀ, ਜਦੋਂਕਿ 10 ਜੁਲਾਈ ਨੂੰ ਇਹ 2.72 ਫ਼ੀਸਦੀ ਹੋ ਗਈ ਅਤੇ ਹੁਣ ਇਹ 2.49 ਫ਼ੀਸਦੀ ‘ਤੇ ਆ ਗਈ ਹੈ। ਜ਼ਮੀਨੀ ਪੱਧਰ ‘ਤੇ ਆਸ਼ਾ ਵਰਕਰਾਂ ਅਤੇ ਏ.ਐੱਨ.ਐੱਮਜ਼ ਨੇ ਪ੍ਰਵਾਸੀ ਆਬਾਦੀ ਦੇ ਪ੍ਰਬੰਧਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼ਾਨਦਾਰ ਸੇਵਾਵਾਂ ਨਿਭਾਈਆਂ ਹਨ। ਜਿਵੇਂ ਕਿ 29 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਮੌਤ ਦਰ ਘੱਟ ਹੈ, ਜੋ ਦਰਸਾਉਂਦਾ ਹੈ ਕਿ ਜਨਤਕ ਸਿਹਤ ਕਾਮਿਆਂ ਵੱਲੋਂ ਸ਼ਾਨਦਾਰ ਕੰਮ ਕੀਤਾ ਗਿਆ ਹੈ। ਸਿਹਤ ਮੰਤਰਾਲੇ ਨੇ ਦੱਸਿਆ ਕਿ ਮਨੀਪੁਰ, ਨਾਗਾਲੈਂਡ, ਸਿੱਕਮ, ਮਿਜ਼ੋਰਮ, ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ‘ਚ ਮੌਤ ਦਰ ਸਿਫ਼ਰ ਹੈ। ਉਨ੍ਹਾਂ ਦੱਸਿਆ ਕਿ ਕਰੀਬ 7 ਲੱਖ ਲੋਕ ਠੀਕ ਹੋ ਚੁੱਕੇ ਹਨ, ਜਦੋਂਕਿ ਚਾਰ ਲੱਖ ਦੇ ਕਰੀਬ ਐਕਟਿਵ ਕੇਸ ਦੇਸ਼ ਵਿਚ ਹਨ। ਭਾਰਤੀ ਮੈਡੀਕਲ ਖੋਜ ਕੌਂਸਲ (ਆਈ.ਸੀ.ਐੱਮ.ਆਰ.) ਅਨੁਸਾਰ ਹੁਣ ਤੱਕ 1,37,91,869 ਟੈਸਟ ਕੀਤੇ ਗਏ ਹਨ।


Share