ਦੀਪ ਸਿੱਧੂ ਨਾਲ ਵਾਪਰੇ ਹਾਦਸੇ ਦੀ ਸੀ.ਬੀ.ਆਈ. ਜਾਂਚ ਕਰਵਾਉਣ ਦੀ ਮੰਗ

155
Share

ਲੁਧਿਆਣਾ, 16 ਫਰਵਰੀ (ਪੰਜਾਬ ਮੇਲ)- ਅਦਾਕਾਰ ਤੇ ਕਿਸਾਨ ਅੰਦੋਲਨ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਦੀਪ ਸਿੱਧੂ ਦਾ ਬੀਤੀ ਰਾਤ ਸੜਕ ਹਾਦਸੇ ’ਚ ਦਿਹਾਂਤ ਹੋ ਗਿਆ ਸੀ। ਅਦਾਕਾਰ ਦੀਪ ਸਿੱਧੂ ਦੇ ਭਰਾ ਐਡਵੋਕੇਟ ਮਨਦੀਪ ਸਿੰਘ ਸਿੱਧੂ, ਦੋਸਤ ਐਡਵੋਕੇਟ ਹਾਕਮ ਸਿੰਘ, ਹਰਪ੍ਰੀਤ ਦਿਉਗਣ ਤੇ ਦਲਜੀਤ ਸਿੰਘ ਕਲਸੀ ਨੇ ਕਿਹਾ ਕਿ ਦੀਪ ਸਿੱਧੂ ਨਾਲ ਵਾਪਰੇ ਹਾਦਸੇ ਦੀ ਸੀ.ਬੀ.ਆਈ. ਜਾਂਚ ਕਰਵਾਉਣੀ ਚਾਹੀਦੀ ਹੈ, ਤਾਂ ਜੋ ਇਸ ਬਾਰੇ ਸੱਚਾਈ ਸਾਹਮਣੇ ਆ ਸਕੇ। ਉਨ੍ਹਾਂ ਕਿਹਾ ਕਿ ਅਕਸਰ ਦੇਖਣ ਵਿਚ ਆਉਂਦਾ ਹੈ ਕਿ ਜਦੋਂ ਵੀ ਕੋਈ ਹਾਦਸਾ ਵਾਪਰਦਾ ਹੈ, ਤਾਂ ਸੜਕਾਂ ਤੋਂ ਕਈ ਦਿਨ ਵਾਹਨਾਂ ਨੂੰ ਨਹੀਂ ਹਟਾਇਆ ਜਾਂਦਾ। ਪਰ ਦੀਪ ਸਿੱਧੂ ਨਾਲ ਵਾਪਰੇ ਹਾਦਸੇ ਤੋਂ ਬਾਅਦ ਉਸ ਦੀ ਸਕਾਰਪੀਓ ਗੱਡੀ ਨੂੰ ਕੁੱਝ ਸਮੇਂ ਬਾਅਦ ਹਟਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਗੱਡੀ ਨੂੰ ਹਟਾਉਣ ਸਮੇਂ ਪੁਲਿਸ ਵਲੋਂ ਬਣਾਈ ਗਈ ਵੀਡੀਓ ਨੂੰ ਵੀ ਜਨਤਕ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੀਪ ਸਿੱਧੂ ਬਹੁਤ ਵਧੀਆ ਡਰਾਈਵਰ ਸੀ।
ਜ਼ਿਕਰਯੋਗ ਹੈ ਕਿ ਦੀਪ ਸਿੱਧੂ ਆਪਣੀ ਮਹਿਲਾ ਮਿੱਤਰ ਸਮੇਤ ਸਕਾਰਪੀਓ ਗੱਡੀ ’ਚ ਦਿੱਲੀ ਤੋਂ ਪੰਜਾਬ ਵੱਲ ਆ ਰਹੇ ਸਨ। ਜਾਣਕਾਰੀ ਅਨੁਸਾਰ ਅਦਾਕਾਰ ਸਿੱਧੂ ਤੇ ਉਨ੍ਹਾਂ ਦੀ ਮਹਿਲਾ ਮਿੱਤਰ ਰੀਨਾ ਰਾਏ, ਜੋ ਕਿ ਅਮਰੀਕਾ ਤੋਂ ਆਈ ਦੱਸੀ ਜਾ ਰਹੀ ਹੈ, ਦੇਰ ਸ਼ਾਮ ਦਿੱਲੀ ਤੋਂ ਪੰਜਾਬ ਵੱਲ ਆ ਰਹੇ ਸਨ, ਜਦੋਂ ਉਹ ਕੇ.ਐੱਮ.ਪੀ.ਐੱਲ. ਵਿਖੇ ਪੁੱਜੇ, ਤਾਂ ਉਨ੍ਹਾਂ ਦੀ ਗੱਡੀ ਦੀ ਸੜਕ ਕਿਨਾਰੇ ਖੜ੍ਹੇ ਟਰਾਲੇ ਨਾਲ ਟੱਕਰ ਹੋ ਗਈ, ਜਿਸ ਕਰਕੇ ਦੀਪ ਸਿੱਧੂ ਤੇ ਉਸ ਦੇ ਸਾਥੀ ਦੇ ਗੰਭੀਰ ਸੱਟਾਂ ਲੱਗੀਆਂ ਅਤੇ ਸੱਟਾਂ ਦੀ ਤਾਬ ਨਾ ਝੱਲਦੇ ਹੋਏ ਦੀਪ ਸਿੱਧੂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਅਦਾਕਾਰ ਦੀਪ ਸਿੱਧੂ ਆਪਣੀ ਸਕਾਰਪੀਓ ਗੱਡੀ ਜਿਸ ਦਾ ਨੰਬਰ ਪੀ.ਬੀ.10-ਜੀ.ਕੇ.-7047 ਸੀ, ਖੁਦ ਚਲਾ ਰਹੇ ਸਨ।
37 ਸਾਲਾ ਦੀਪ ਸਿੱਧੂ ਦਾ ਜਨਮ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਉਦੇਕਰਨ ਵਿਖੇ ਹੋਇਆ ਸੀ। ਉਹ ਅਦਾਕਾਰ, ਵਕੀਲ ਅਤੇ ਸਮਾਜ ਸੇਵੀ ਸਨ। ਉਨ੍ਹਾਂ ਨੂੰ ਕਿੰਗ ਫਿਸ਼ਰ ਮਾਡਲ ਹੰਟ ਪੁਰਸਕਾਰ, ਪ੍ਰੈਜ਼ੀਡੈਂਟਜ਼ ਸਕਾਊਟ ਅਤੇ ਪੰਜਾਬੀ ਫ਼ਿਲਮਾਂ ’ਚ ਸਰਬੋਤਮ ਅਦਾਕਾਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਆਪਣੀ ਪੰਜਾਬੀ ਫ਼ਿਲਮਾਂ ’ਚ ਅਦਾਕਾਰੀ ਦੀ ਸ਼ੁਰੂਆਤ ਪੰਜਾਬੀ ਫ਼ਿਲਮ ‘ਰਮਤਾ ਯੋਗੀ’ ਤੋਂ ਕੀਤੀ ਸੀ, ਜਿਸ ਨੂੰ ਬਾਲੀਵੁੱਡ ਅਦਾਕਾਰ ਧਰਮਿੰਦਰ ਵਲੋਂ ਵੀਜੈਤਾ ਫਿਲਮਜ਼ ਬੈਨਰ ਹੇਠ ਬਣਾਇਆ ਸੀ। ਦੀਪ ਸਿੱਧੂ ਨੇ ‘ਜ਼ੋਰਾ ਦਸ ਨੰਬਰੀਆ’, ‘ਰੰਗ ਪੰਜਾਬ’, ‘ਸਾਡੇ ਆਲੇ’, ‘ਦੇਸੀ’, ‘ਜ਼ੋਰਾ ਦਾ ਸੈਕਿੰਡ ਚੈਪਟਰ’ ਵਿਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ। ਦੀਪ ਸਿੱਧੂ ਨੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਤੇ ਅਦਾਕਾਰ ਸੰਨੀ ਦਿਓਲ ਨੂੰ ਜਿਤਾਉਣ ਲਈ ਦਿਨ-ਰਾਤ ਸਖ਼ਤ ਮਿਹਨਤ ਕੀਤੀ ਸੀ ਪਰ ਦਸੰਬਰ 2020 ’ਚ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਸਿੱਧੂ ਨੇ ਭਾਜਪਾ ਨੂੰ ਅਲਵਿਦਾ ਆਖ ਦਿੱਤੀ ਸੀ। ਉਹ ਵਕੀਲ ਵਜੋਂ ਸਹਾਰਾ ਇੰਡੀਆ ਪਰਿਵਾਰ ਦੇ ਕਾਨੂੰਨੀ ਸਲਾਹਕਾਰ ਵੀ ਰਹੇ। ਕਿਸਾਨੀ ਅੰਦੋਲਨ ਦੌਰਾਨ 26 ਜਨਵਰੀ, 2021 ਨੂੰ ਕਿਸਾਨਾਂ ਵਲੋਂ ਜੋ ਸਿੰਘੂ ਸਰਹੱਦ ਤੋਂ ਦਿੱਲੀ ਲਾਲ ਕਿਲ੍ਹੇ ਤੱਕ ਮਾਰਚ ਕੱਢਿਆ ਗਿਆ, ਉਸ ਵਿਚ ਵੀ ਦੀਪ ਸਿੱਧੂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਲਾਲ ਕਿਲ੍ਹੇ ’ਤੇ ਕੇਸਰੀ ਝੰਡਾ ਲਹਿਰਾਉਣ ਦੇ ਦੋਸ਼ ਤਹਿਤ ਦਿੱਲੀ ਪੁਲਿਸ ਵਲੋਂ ਦੀਪ ਸਿੱਧੂ ਸਮੇਤ ਤੇ ਹੋਰਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿਚ ਦੀਪ ਸਿੱਧੂ ਨੂੰ 9 ਫਰਵਰੀ 2021 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਬਾਲੀਵੁੱਡ, ਪਾਲੀਵੁੱਡ, ਪੰਜਾਬੀ ਫ਼ਿਲਮ ਜਗਤ, ਪੰਜਾਬੀ ਸੰਗੀਤ ਜਗਤ ਸਮੇਤ ਦੁਨੀਆਂ ਭਰ ’ਚ ਵਸਦੇ ਪੰਜਾਬੀਆਂ ਵਲੋਂ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
ਦੀਪ ਸਿੱਧੂ ਦੀ ਮੌਤ ’ਤੇ ਪੰਜਾਬੀ ਸਿਤਾਰਿਆਂ ਦੇ ਨਾਲ-ਨਾਲ ਰਾਜਨੀਤਿਕ ਆਗੂਆਂ ਵਲੋਂ ਵੀ ਸੋਸ਼ਲ ਮੀਡੀਆ ਰਾਹੀਂ ਦੁੱਖ ਪ੍ਰਗਟਾਇਆ ਜਾ ਰਿਹਾ ਹੈ। ਮੁੱਖ ਮੰਤਰੀ ਚਰਨਜੀਤ ਚੰਨੀ, ਸੰਨੀ ਦਿਓਲ, ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਵਲੋਂ ਵੀ ਦੀਪ ਸਿੱਧੂ ਦੇ ਦਿਹਾਂਤ ’ਤੇ ਦੁੱਖ ਪ੍ਰਗਟਾਇਆ ਗਿਆ ਹੈ।
ਪੰਜਾਬੀ ਅਦਾਕਾਰ ਦੀਪ ਸਿੱਧੂ ਦੇ ਦੇਹਾਂਤ ’ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਟਵੀਟ ਕਰਦਿਆਂ ਦੁੱਖ ਪ੍ਰਗਟਾਇਆ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਸਿੱਧ ਅਦਾਕਾਰ ਤੇ ਸਮਾਜਿਕ ਕਾਰਕੁਨ ਦੇ ਦੇਹਾਂਤ ਬਾਰੇ ਜਾਣ ਕੇ ਬਹੁਤ ਦੁੱਖ ਲੱਗਾ। ਉਨ੍ਹਾਂ ਕਿਹਾ ਕਿ ਮੇਰੇ ਵਿਚਾਰ ਤੇ ਪ੍ਰਾਰਥਨਾਵਾਂ ਦੁਖੀ ਪਰਿਵਾਰ ਅਤੇ ਪ੍ਰਸ਼ੰਸਕਾਂ ਦੇ ਨਾਲ ਹਨ।
ਸੰਨੀ ਦਿਓਲ ਨੇ ਟਵੀਟ ਕਰਦਿਆਂ ਲਿਖਿਆ, ‘ਦੀਪ ਸਿੱਧੂ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਹੈਰਾਨ ਹਾਂ। ਉਸ ਦੀ ਧੀ, ਪਤਨੀ ਤੇ ਪਰਿਵਾਰ ਨਾਲ ਮੇਰੀ ਹਮਦਰਦੀ ਹੈ। ਰੱਬ ਉਸ ਦੀ ਆਤਮਾ ਨੂੰ ਸ਼ਾਂਤੀ ਦੇਵੇ। ਓਮ ਸ਼ਾਂਤੀ।’

 


Share