ਦਿੱਲੀ ਹਿੰਸਾ ਖਿਲਾਫ ਅਮਰੀਕਾ ਦੀਆਂ 21 ਯੂਨੀਵਰਸਿਟੀਆਂ ‘ਚ ਰੋਸ ਪ੍ਰਦਰਸ਼ਨ ਦਾ ਸੱਦਾ

802

ਵਾਸ਼ਿੰਗਟਨ, 4 ਮਾਰਚ (ਪੰਜਾਬ ਮੇਲ)- ਯੇਲ ਯੂਨੀਵਰਸਿਟੀ ਦੀ ਵਿਦਿਆਰਥੀ ਜਥੇਬੰਦੀ ਨੇ ਦਿੱਲੀ ਹਿੰਸਾ ਖ਼ਿਲਾਫ਼ ਅਮਰੀਕਾ ਦੀਆਂ 21 ਯੂਨੀਵਰਸਿਟੀਆਂ ‘ਚ ਰੋਸ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਹੈ। ‘ਦਿ ਅਮੈਰੀਕਨ ਬਾਜ਼ਾਰ’ ਅਖ਼ਬਾਰ ਵਿਚ ਸੋਮਵਾਰ ਨੂੰ ਛਪੀ ਰਿਪੋਰਟ ਮੁਤਾਬਕ ਦੱਖਣੀ ਏਸ਼ਿਆਈ ਵਿਦਿਆਰਥੀ ਜਥੇਬੰਦੀ ਵੱਲੋਂ ‘ਹਿੰਦੂਤਵ ਖ਼ਿਲਾਫ਼ ਹੋਲੀ’ ਦੇ ਬੈਨਰ ਹੇਠ ਰੋਸ ਮੁਜ਼ਾਹਰੇ ਕੀਤੇ ਜਾਣਗੇ।
ਇਸ ਜਥੇਬੰਦੀ ਦੇ ਸੰਸਥਾਪਕ ਸ਼੍ਰੀਆ ਸਿੰਘ ਨੇ ਕਿਹਾ, ‘ਮੇਰਾ ਮੰਨਣਾ ਹੈ ਕਿ ਹਰ ਪ੍ਰਵਾਸੀ ਨੂੰ ਪ੍ਰਦਰਸ਼ਨਕਾਰੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨਾ ਚਾਹੀਦਾ ਹੈ, ਜੋ ਭਾਰਤ ਵਿਚ ਧਰਮ ਨਿਰਪੱਖਤਾ ਬਣਾਈ ਰੱਖਣ ਲਈ ਨਿੱਤ ਆਪਣੀ ਜਾਨ ਜ਼ੋਖ਼ਿਮ ਵਿਚ ਪਾ ਰਹੇ ਹਨ।’ ਪ੍ਰਦਰਸ਼ਨਾਂ ਦਾ ਸੱਦਾ ਦੇਣ ਵਾਲੇ ਪ੍ਰਬੰਧਕਾਂ ਨੇ ਪ੍ਰਦਰਸ਼ਨਾਂ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਕਾਲੇ ਕੱਪੜੇ ਪਾਉਣ ਦਾ ਸੱਦਾ ਦਿੱਤਾ, ਤਾਂ ਜੋ ਇਹ ਦੱਸਿਆ ਜਾ ਸਕੇ ਕਿ ਹੋਲੀ ਦਾ ਤਿਉਹਾਰ ਨਹੀਂ ਮਨਾਇਆ ਜਾ ਰਿਹਾ ਸਗੋਂ ਸ਼ੋਕ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਜਿਹੜੀਆਂ ਯੂਨੀਵਰਸਿਟੀਆਂ ਵਿੱਚ ਇਹ ਪ੍ਰਦਰਸ਼ਨ ਕੀਤੇ ਜਾਣੇ ਹਨ, ਉਨ੍ਹਾਂ ਵਿਚ ਯੇਲ ਯੂਨੀਵਰਸਿਟੀ, ਕੋਰਨੈੱਲ ‘ਵਰਸਿਟੀ, ਯੂ.ਸੀ.ਐੱਲ.ਏ., ਕਲੇਅਰਮੌਂਟ ਕਾਲਜਿਜ਼, ਯੂਸੀ ਡੈਵਿਸ, ਹਾਰਵਰਡ ‘ਵਰਸਿਟੀ, ਪ੍ਰਿੰਸਟਨ ‘ਵਰਸਿਟੀ, ਬਰਾਊਨ ‘ਵਰਸਿਟੀ, ਡਰਟਮਾਊਥ ‘ਵਰਸਿਟੀ, ਅਮੈਰੀਕਨ ‘ਵਰਸਿਟੀ, ਕੋਲੰਬੀਆ ‘ਵਰਸਿਟੀ, ਬਾਰਡ ਕਾਲਜ, ਯੂਨੀਵਰਸਿਟੀ ਆਫ ਪੈਨਸਿਲਵੇਨੀਆ, ਨੌਰਥਈਸਟਰਨ ਯੂਨੀਵਰਸਿਟੀ, ‘ਵਰਸਿਟੀ ਆਫ ਇਲੀਨੌਇ, ਸ਼ਿਕਾਗੋ, ਯੂ.ਸੀ. ਸਾਨ ਡਿਆਗੋ, ਮਿਸ਼ੀਗਨ ਸਟੇਟ ਤੇ ਡਿਊਕ ਆਦਿ ਸ਼ਾਮਲ ਹਨ।