ਦਿੱਲੀ ਹਾਈ ਕੋਰਟ ਵੱਲੋਂ ਫ਼ਰਜ਼ੀ ਖ਼ਬਰ ਚਲਾਉਣ ਦੇ ਮਾਮਲੇ ’ਚ ਆਜਤੱਕ ਚੈਨਲ ਨੂੰ ਨੋਟਿਸ ਜਾਰੀ

270
Share

-ਢੀਂਡਸਾ ਅਤੇ ਜੀ.ਕੇ. ਵੱਲੋਂ ਪਾਈ ਗਈ ਸੀ ਜਨਹਿਤ ਪਟੀਸ਼ਨ
-ਅਸੀਂ ਚੁੱਪਚਾਪ ਦਿੱਲੀ ਦੀ ਸ਼ਾਂਤੀ ਨੂੰ ਵਿਗੜਦਾ ਹੋਇਆ ਨਹੀਂ ਵੇਖਣਾ ਚਾਹੁੰਦੇ : ਜੀ.ਕੇ.
ਨਵੀਂ ਦਿੱਲੀ, 2 ਫਰਵਰੀ (ਪੰਜਾਬ ਮੇਲ)- ਦਿੱਲੀ ਹਾਈ ਕੋਰਟ ਨੇ ਫ਼ਰਜ਼ੀ ਖ਼ਬਰ ਚਲਾਉਣ ਦੇ ਮਾਮਲੇ ’ਚ ਆਜਤੱਕ ਚੈਨਲ ਨੂੰ ਨੋਟਿਸ ਜਾਰੀ ਕੀਤਾ ਹੈ। ਰਾਜ-ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਪਾਈ ਗਈ ਜਨਹਿਤ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਚੀਫ਼ ਜਸਟਿਸ ਡੀ.ਐੱਨ. ਪਟੇਲ ਦੀ ਬੈਂਚ ਨੇ ਆਜਤੱਕ ਦੇ ਨਾਲ ਹੀ ਨਿਊਜ਼ ਬਰਾਡਕਸਟਰ ਐਸੋਸੀਏਸ਼ਨ, ਸਕੱਤਰ ਪ੍ਰੈਸ ਕਾਉਂਸਿਲ ਆਫ਼ ਇੰਡੀਆ ਤੇ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰਾਲਾ ਨੂੰ ਨੋਟਿਸ ਜਾਰੀ ਕੀਤਾ ਹੈ। ਸੀਨੀਅਰ ਵਕੀਲ ਕੀਰਤੀ ਉੱਪਲ਼, ਇੰਦਰਬੀਰ ਸਿੰਘ ਅਲੱਗ ਅਤੇ ਵਕੀਲ ਨਰਿੰਦਰ ਬੈਨੀਪਾਲ ਤੇ ਬਲਵਿੰਦਰ ਸਿੰਘ ਬੱਗਾ ਨੇ ਕੋਰਟ ਦੇ ਸਾਹਮਣੇ ਦਲੀਲਾਂ ਰੱਖਦੇ ਹੋਏ ਦਾਅਵਾ ਕੀਤਾ ਕਿ ਆਜਤੱਕ ਸ਼ਾਤਿਰ ਅਤੇ ਮਨਘੜਤ ਖ਼ਬਰਾਂ ਚਲਾ ਕੇ ਸਿੱਖ ਭਾਈਚਾਰੇ ਦੇ ਖ਼ਿਲਾਫ਼ ਸਮਾਜ ਵਿਚ ਭੜਕਾਹਟ ਪੈਦਾ ਕਰ ਰਿਹਾ ਹੈ। ਇਸ ਲਈ ਆਜਤੱਕ ਨੂੰ ਨਫ਼ਰਤ ਭਰੇ ਇਸ ਪ੍ਰਚਾਰ ਨੂੰ ਰੋਕਣ ਦਾ ਆਦੇਸ਼ ਦਿੱਤਾ ਜਾਵੇ।¿;
ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਜੀ.ਕੇ. ਨੇ ਦੱਸਿਆ ਕਿ 26 ਜਨਵਰੀ ਦੀ ਪਰੇਡ ’ਚ ਸ਼ਾਮਲ ਹੋਈ ਰਾਮ ਮੰਦਿਰ ਅਤੇ ਕੇਦਾਰਨਾਥ ਮੰਦਿਰ ਦੀ ਝਾਕੀ ਨੂੰ ਸਿੱਖ ਅੰਦੋਲਨਕਾਰੀਆਂ ਵੱਲੋਂ ਲਾਲ ਕਿਲ੍ਹੇ ਵਿਖੇ ਤੋੜਨ ਦਾ ਦੋਸ਼ ਲਗਾਉਂਦੀ ਹੋਈ ਖ਼ਬਰ ਚਲਾਈ ਸੀ। ਜਦਕਿ ਇਸ ਬਾਰੇ ਆਜਤੱਕ ਕੋਲ ਕੋਈ ਵੀਡੀਓ ਮੌਜੂਦ ਨਹੀਂ ਸੀ। ਇਸ ਖ਼ਬਰ ਦੇ ਪ੍ਰਸਾਰਣ ਤੋਂ ਬਾਅਦ ਹਿੰਦੂ ਸਿੰਘ ਏਕਤਾ ਵਿਚ ਤਰੇੜ ਪੈਣ ਦਾ ਖ਼ਦਸ਼ਾ ਬਣ ਗਿਆ ਸੀ, ਜਿਸ ਕਰਕੇ ਸਿੱਖਾਂ ਦੇ ਜਾਨ-ਮਾਲ ਦੀ ਸੁਰੱਖਿਆ ਖ਼ਤਰੇ ਵਿਚ ਪੈ ਸਕਦੀ ਸੀ। ਆਜਤੱਕ ਵੱਲੋਂ ਚਲਾਈ ਗਈ ਖ਼ਬਰ ਕਰਕੇ ਦੰਗੇ ਆਦਿਕ ਹੋ ਸਕਦੇ ਹਨ, ਜਿਸ ਪਾਸੇ ਸਾਡੇ ਵਕੀਲਾਂ ਨੇ ਅਦਾਲਤ ਦਾ ਧਿਆਨ ਦਿਵਾਇਆ ਹੈ। ਜੀ.ਕੇ. ਨੇ ਕਿਹਾ ਕਿ ਜ਼ਿੰਮੇਵਾਰ ਪੱਤਰਕਾਰਤਾ ਤੋਂ ਮੂੰਹ ਮੋੜ ਕੇ ਆਜਤੱਕ ਵੱਲੋਂ ਚਲਾਇਆ ਗਿਆ ਏਜੰਡਾ ਪੱਤਰਕਾਰਤਾ ਦੇ ਪੈਮਾਨੇ ’ਤੇ ਖਰਾ ਨਹੀਂ ਉੱਤਰਦਾ। ਅਸੀਂ ਚੁੱਪਚਾਪ ਦਿੱਲੀ ਦੀ ਸ਼ਾਂਤੀ ਨੂੰ ਵਿਗੜਦਾ ਹੋਇਆ ਨਹੀਂ ਵੇਖਣਾ ਚਾਹੁੰਦੇ ਸੀ। ਇਸ ਲਈ ਅਦਾਲਤ ਦਾ ਅਸੀਂ ਇਸ ਪਾਸੇ ਧਿਆਨ ਦਿਵਾਇਆ ਹੈ। ਇਸ ਮੌਕੇ ਚਮਨ ਸਿੰਘ, ਪਰਮਜੀਤ ਸਿੰਘ ਰਾਣਾ, ਹਰਪ੍ਰੀਤ ਸਿੰਘ ਬੰਨੀ ਜੌਲੀ ਅਤੇ ਵਕੀਲਾਂ ਦੀ ਟੀਮ ਮੌਜੂਦ ਸੀ।

Share