ਦਿੱਲੀ ਹਾਈ ਕੋਰਟ ਵੱਲੋਂ ਭਾਜਪਾ ਸਾਂਸਦ ਗੌਤਮ ਗੰਭੀਰ ਤੇ ਡਰੱਗ ਕੰਟਰੋਲਰ ਦੀ ਖਿਚਾਈ

92
Share

-ਵੱਡੀ ਗਿਣਤੀ ਕਰੋਨਾ ਰੋਕੂ ਦਵਾਈ ਦਾ ਸਟਾਕ ਮਿਲਣ ਦਾ ਮਾਮਲਾ
ਨਵੀਂ ਦਿੱਲੀ, 31 ਮਈ (ਪੰਜਾਬ ਮੇਲ)- ਦਿੱਲੀ ਹਾਈ ਕੋਰਟ ਨੇ ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਕੋਲੋਂ ਵੱਡੀ ਗਿਣਤੀ ਵਿਚ ਕੋਵਿਡ-19 ਦਵਾਈ ਮਿਲਣ ਦੇ ਮਾਮਲੇ ਵਿਚ ਅੱਜ ਡਰੱਗ ਕੰਟਰੋਲਰ ਤੇੇ ਗੌਤਮ ਗੰਭੀਰ ਦੀ ਖਿਚਾਈ ਕੀਤੀ ਹੈ। ਅਦਾਲਤ ਨੇ ਡਰੱਗ ਕੰਟਰੋਲਰ ਨੂੰ ਪੁੱਛਿਆ ਕਿ ਇਸ ਸੰਸਦ ਮੈਂਬਰ ਨੂੰ ਇਹ ਦਵਾਈ ਵੱਡੀ ਗਿਣਤੀ ਵਿਚ ਕਿਵੇਂ ਮਿਲ ਗਈ, ਅਦਾਲਤ ਨੇ ਇਹ ਵੀ ਪੁੱਛਿਆ ਕਿ ਕੀ ਉਨ੍ਹਾਂ ਮਾਮਲੇ ਦੀ ਘੋਖ ਨਹੀਂ ਕੀਤੀ ਸੀ। ਅਦਾਲਤ ਨੇ ਸਵਾਲ ਕੀਤਾ ਕਿ ਇਸ ਮਾਮਲੇ ਦੀ ਜਾਂਚ ਵੀ ਸਹੀ ਢੰਗ ਨਾਲ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਡਰੱਗ ਕੰਟਰੋਲਰ ਨੇ ਆਪਣੀ ਰਿਪੋਰਟ ਵਿਚ ਕਿਹਾ ਸੀ ਕਿ ਇਸ ਦਵਾਈ ਦਾ ਡੀਲਰ ਕੋਲ ਵੱਡਾ ਸਟਾਕ ਸੀ ਜਿਸ ਕਾਰਨ ਭਾਜਪਾ ਸੰਸਦ ਮੈਂਬਰ ਨੂੰ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ। ਅਦਾਲਤ ਦੇ ਬੈਂਚ ਨੇ ਕਿਹਾ ਕਿ ਇਹ ਗੱਲ ਜੱਗ ਜ਼ਾਹਰ ਹੈ ਕਿ ਇਹ ਦਵਾਈ ਹਰ ਪਾਸੇ ਨਹੀਂ ਮਿਲ ਰਹੀ, ਇਸ ਕਰ ਕੇ ਅਦਾਲਤ ਨੂੰ ਗੁੰਮਰਾਹ ਨਾ ਕੀਤਾ ਜਾਵੇ। ਜਸਟਿਸ ਵਿਪਨ ਸਾਂਘੀ ਤੇ ਜਸਮੀਤ ਸਿੰਘ ਦੇ ਬੈਂਚ ਨੇ ਕਿਹਾ ਕਿ ਜੇ ਉਹ (ਡਰੱਗ ਕੰਟਰੋਲਰ) ਸਹੀ ਤਰੀਕੇ ਨਾਲ ਕੰਮ ਨਹੀਂ ਕਰ ਸਕਦੇ ਤਾਂ ਉਨ੍ਹਾਂ ਨੂੰ ਮੁਅੱਤਲ ਕਰ ਕੇ ਕਿਸੇ ਹੋਰ ਸਮਰੱਥ ਅਧਿਕਾਰੀ ਦੀ ਨਿਯੁਕਤੀ ਕਰ ਦਿੱਤੀ ਜਾਵੇਗੀ। ਅਦਾਲਤ ਨੇ ਗੰਭੀਰ ਦੀ ਵੀ ਖਿਚਾਈ ਕੀਤੀ ਕਿਉਂਕਿ ਉਸ ਨੇ ਕਿਹਾ ਸੀ ਕਿ ਉਹ ਅੱਗੇ ਤੋਂ ਵੀ ਅਜਿਹਾ ਕਰਦਾ ਰਹੇਗਾ।

Share