ਦਿੱਲੀ ਹਾਈਕੋਰਟ ਨੇ ’84 ਸਿੱਖ ਕਤਲੇਆਮ ਦੇ ਉਮਰ ਕੈਦੀ ਦੀ ਸਿਹਤ ਰਿਪੋਰਟ ਮੰਗੀ

373
Share

-ਉਮਰ ਕੈਦੀ ਨੇ ਮੈਡੀਕਲ ਆਧਾਰ ’ਤੇ ਸਜ਼ਾ ਮੁਅੱਤਲੀ ਦੀ ਕੀਤੀ ਸੀ ਮੰਗ
ਨਵੀਂ ਦਿੱਲੀ, 15 ਜੂਨ (ਪੰਜਾਬ ਮੇਲ)-ਦਿੱਲੀ ਹਾਈਕੋਰਟ ਨੇ ਸੋਮਵਾਰ ਨੂੰ 1984 ਦੇ ਸਿੱਖ ਕਤਲੇਆਮ ਦੇ ਇਕ ਮਾਮਲੇ ’ਚ ਇਕ ਉਮਰ ਕੈਦੀ ਦੀ ਸਿਹਤ ਬਾਰੇ ਪੁਲਿਸ ਤੋਂ ਰਿਪੋਰਟ ਮੰਗੀ ਹੈ, ਜਿਸ ਵਲੋਂ ਮੈਡੀਕਲ ਆਧਾਰ ’ਤੇ 90 ਦਿਨਾਂ ਦੀ ਅੰਤਿ੍ਰਮ ਮੁਅੱਤਲੀ ਦੀ ਮੰਗ ਕੀਤੀ ਗਈ ਹੈ। ਜਸਟਿਸ ਨਵੀਨ ਚਾਵਲਾ ਤੇ ਆਸ਼ਾ ਮੈਨਨ ਦੇ ਬੈਂਚ ਨੇ ਪੁਲਿਸ ਨੂੰ ਨਿਰਦੇਸ਼ ਦਿੱਤਾ ਹੈ ਕਿ ਦੋਸ਼ੀ ਨਰੇਸ਼ ਸਹਿਰਾਵਤ ਦੀ ਮੈਡੀਕਲ ਸਥਿਤੀ ਬਾਰੇ ਤਾਜ਼ਾ ਸਥਿਤੀ ਦੀ ਰਿਪੋਰਟ 5 ਜੁਲਾਈ ਨੂੰ ਹੋਣ ਵਾਲੀ ਅਗਲੀ ਸੁਣਵਾਈ ਦੀ ਤਰੀਕ ਤੋਂ ਪਹਿਲਾਂ ਦਾਇਰ ਕੀਤੀ ਜਾਵੇ। ਸਹਿਰਾਵਤ ਦੇ ਵਕੀਲ ਡੀ.ਆਰ. ਉਲਹਾਨ ਨੇ ਅਦਾਲਤ ਨੂੰ ਦੱਸਿਆ ਕਿ ਉਸ ਦਾ ਮੁਵੱਕਲ ਗੁਰਦੇ ਤੇ ਜਿਗਰ ਦੀਆਂ ਬਿਮਾਰੀਆਂ ਤੋਂ ਪੀੜਤ ਹੈ, ਜਿਸ ਲਈ ਟਰਾਂਸਪਲਾਂਟ ਕਰਨਾ ਇਕੋ-ਇਕ ਬਦਲ ਹੈ। ਉਸ ਦੀ ਜ਼ਮਾਨਤ ਦਾ ਵਿਰੋਧ ਕਰਦਿਆਂ ਸੀਨੀਅਰ ਵਕੀਲ ਆਰ.ਐੱਸ. ਚੀਮਾ ਨੇ ਬੈਂਚ ਨੂੰ ਦੱਸਿਆ ਕਿ ਸਹਿਰਾਵਤ ਨੂੰ ਕੋਵਿਡ ਖ਼ਿਲਾਫ਼ ਟੀਕੇ ਦੀਆਂ ਦੋਵੇਂ ਖੁਰਾਕਾਂ ਪਹਿਲਾਂ ਹੀ ਦਿੱਤੀਆਂ ਜਾ ਚੁੱਕੀਆਂ ਹਨ।

Share