ਦਿੱਲੀ ਹਵਾਈ ਅੱਡੇ ‘ਤੇ ਕੋਵਿਡ-19 ਜਾਂਚ ਸਹੂਲਤ ਦੀ ਸ਼ੁਰੂਆਤ

510
Share

-ਹੁਣ ਅੰਤਰਰਾਸ਼ਟਰੀ ਯਾਤਰੀ ਦਿੱਲੀ ਹਵਾਈ ਅੱਡੇ ‘ਤੇ ਕਰਵਾ ਸਕਣਗੇ ਜਾਂਚ
-ਜਾਂਚ ਲਈ ਦੇਣੇ ਹੋਣਗੇ 5 ਹਜ਼ਾਰ ਰੁਪਏ, 6 ਘੰਟਿਆਂ ਅੰਦਰ ਮਿਲੇਗੀ ਰਿਪੋਰਟ
ਨਵੀਂ ਦਿੱਲੀ, 12 ਸਤੰਬਰ (ਪੰਜਾਬ ਮੇਲ)- ਦਿੱਲੀ ਹਵਾਈ ਅੱਡੇ ‘ਤੇ ਸ਼ਨੀਵਾਰ ਨੂੰ ਆਵਾਜਾਈ ‘ਤੇ ਕੋਵਿਡ-19 ਜਾਂਚ ਸਹੂਲਤ ਦੀ ਸ਼ੁਰੂਆਤ ਕੀਤੀ ਗਈ, ਜਿਸ ਦੇ ਅਧੀਨ ਅੰਤਰਰਾਸ਼ਟਰੀ ਯਾਤਰੀਆਂ ਲਈ 7 ਦਿਨ ਦਾ ਕੁਆਰੰਟੀਨ ਜ਼ਰੂਰੀ ਨਹੀਂ ਹੋਵੇਗਾ, ਕਿਉਂਕਿ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਏਅਰਪੋਰਟ ‘ਤੇ ਹੀ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਦਾ ਕੋਰੋਨਾ ਦਾ ਆਰ.ਟੀ.-ਪੀ.ਸੀ.ਆਰ. ਟੈਸਟ ਕਰਵਾਇਆ ਜਾਵੇਗਾ। ਇਸ ਲਈ ਹੁਣ ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ ਏਅਰਪੋਰਟ ‘ਤੇ ਹੀ ਲੈਬ ਅਤੇ ਟੈਸਟਿੰਗ ਦਾ ਇੰਤਜ਼ਾਮ ਕਰ ਦਿੱਤਾ ਹੈ।
ਉੱਥੇ ਹੀ ਅੰਤਰਰਾਸ਼ਟਰੀ ਯਾਤਰੀਆਂ ਨੂੰ ਆਰ.ਟੀ.-ਪੀ.ਸੀ.ਆਰ. ਜਾਂਚ ਲਈ 5 ਹਜ਼ਾਰ ਰੁਪਏ ਦੇਣੇ ਹੋਣਗੇ। ਹਵਾਈ ਅੱਡੇ ਦਾ ਸੰਚਾਲਨ ਕਰਨ ਵਾਲੀ ਡੀ.ਆਈ.ਏ.ਐੱਲ. ਦੇ ਸੀਨੀਅਰ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ 2 ਸਤੰਬਰ ਨੂੰ ਕਿਹਾ ਸੀ ਕਿ ਕੌਮਾਂਤਰੀ ਯਾਤਰੀਆਂ, ਜਿਨ੍ਹਾਂ ਨੂੰ ਭਾਰਤ ‘ਚ ਉਤਰਨ ਤੋਂ ਬਾਅਦ ਘਰੇਲੂ ਉਡਾਣਾਂ ਚਾਹੀਦੀਆਂ ਹਨ, ਉਨ੍ਹਾਂ ਕੋਲ ਹਵਾਈ ਅੱਡੇ ‘ਤੇ ਕੋਵਿਡ-19 ਦੇ ਲਈ ਖ਼ੁਦ ਦੀ ਜਾਂਚ ਕਰਵਾਉਣ ਦਾ ਬਦਲ ਹੋਵੇਗਾ। ਦਿੱਲੀ ਕੌਮਾਂਤਰੀ ਹਵਾਈ ਅੱਡਾ ਲਿਮਟਿਡ (ਡੀ.ਆਈ.ਏ.ਐੱਲ.) ਦੇ ਇਕ ਅਧਿਕਾਰੀ ਨੇ ਦੱਸਿਆ, ”ਹਵਾਈ ਅੱਡੇ ‘ਤੇ ਕੋਵਿਡ-19 ਜਾਂਚ ਲਈ 2400 ਰੁਪਏ ਖਰਚ ਹੋਣਗੇ। ਉਡੀਕ ਕਮਰੇ ਦੀ ਫ਼ੀਸ 2600 ਰੁਪਏ ਹੈ।”
ਅਧਿਕਾਰੀ ਨੇ ਦੱਸਿਆ ਕਿ ਨਮੂਨੇ ਇਕੱਠੇ ਕੀਤੇ ਜਾਣ ਦੇ ਚਾਰ ਤੋਂ 6 ਘੰਟਿਆਂ ਅੰਦਰ ਆਰ.ਟੀ.-ਪੀ.ਸੀ.ਆਰ. ਜਾਂਚ ਦੀ ਰਿਪੋਰਟ ਦਿੱਤੀ ਜਾਵੇਗੀ। ਡੀ.ਆਈ.ਏ.ਐੱਲ. ਦੇ ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਮੌਜੂਦਾ ਸਮੇਂ ‘ਚ, ਦਿੱਲੀ ਹਵਾਈ ਅੱਡੇ ‘ਤੇ ਸਥਾਪਤ ਉਡੀਕ ਕਮਰੇ ‘ਚ ਇਕ ਸਮੇਂ 100 ਯਾਤਰੀਆਂ ਦੇ ਰੁਕਣ ਦੀ ਸਮਰੱਥਾ ਹੈ। ਉਨ੍ਹਾਂ ਨੇ ਦੱਸਿਆ ਕਿ ਸਮਾਜਿਕ ਦੂਰੀ ਦੇ ਨਿਯਮ ਨੂੰ ਧਿਆਨ ‘ਚ ਰੱਖਦੇ ਹੋਏ ਉਡੀਕ ਕਮਰੇ ‘ਚ ਸਾਰੀਆਂ ਸੀਟਾਂ ਦਾ ਪ੍ਰਬੰਧ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ, ”ਜੇਕਰ ਕੌਮਾਂਤਰੀ ਯਾਤਰੀਆਂ ਦੀ ਗਿਣਤੀ ਵਧਦੀ ਹੈ ਤਾਂ ਇਸ ਸਮਰੱਥਾ ਨੂੰ ਆਸਾਨੀ ਨਾਲ ਵਧਾਇਆ ਜਾ ਸਕਦਾ ਹੈ।” ਉਨ੍ਹਾਂ ਨੇ ਦੱਸਿਆ ਕਿ ਇਸ ਸਮੇਂ ਦਿੱਲੀ ਹਵਾਈ ਅੱਡੇ ‘ਤੇ ਹਰ ਦਿਨ 7 ਤੋਂ 8 ਹਜ਼ਾਰ ਕੌਮਾਂਤਰੀ ਯਾਤਰੀ ਆਉਂਦੇ ਹਨ। ਡੀ.ਆਈ.ਏ.ਐੱਲ. ਨੇ ਇਕ ਬਿਆਨ ‘ਚ ਕਿਹਾ ਕਿ ਦਿੱਲੀ ਹਵਾਈ ਅੱਡੇ ‘ਤੇ ਕੋਵਿਡ-19 ਜਾਂਚ ਲਈ ਆਪਣੇ ਆਨਲਾਈਨ ਐਪਲੀਕੇਸ਼ਨ ‘ਚ ਯਾਤਰੀਆਂ ਨੂੰ ਆਪਣਾ ਨਾਂ, ਸੰਪਰਕ ਦੀ ਜਾਣਕਾਰੀ ਅਤੇ ਜਾਇਜ਼ ਪਛਾਣ ਪ੍ਰਮਾਣ ਉਪਲੱਬਧ ਕਰਵਾਉਣੇ ਹੋਣਗੇ।


Share