ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 25 ਅਪ੍ਰੈਲ ਨੂੰ; ਨਤੀਜੇ 28 ਨੂੰ

202
Share

ਨਵੀਂ ਦਿੱਲੀ, 31 ਮਾਰਚ (ਪੰਜਾਬ ਮੇਲ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ 25 ਅਪ੍ਰੈਲ 2021 ਨੂੰ ਹੋਣਗੀਆਂ, ਜਦਕਿ ਚੋਣਾਂ ਦੇ ਨਤੀਜੇ 28 ਅਪ੍ਰੈਲ ਨੂੰ ਐਲਾਨੇ ਜਾਣਗੇ। ਫਿਲਹਾਲ ਗੁਰਦੁਆਰਾ ਚੋਣ ਡਾਇਰੈਕਟੋਰੇਟ ਵਲੋਂ ਅਧਿਕਾਰਤ ਤੌਰ ’ਤੇ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੈ ਪਰ ਸੂਤਰਾਂ ਮੁਤਾਬਿਕ ਇਸ ਸਬੰਧੀ ਤਿਆਰੀ ਮੁਕੰਮਲ ਹੋ ਚੁੱਕੀ ਹੈ ਅਤੇ ਪੂਰੀ ਸੰਭਾਵਨਾ ਹੈ ਕਿ ਗੁਰਦੁਆਰਾ ਚੋਣ ਡਾਇਰੈਕਟੋਰੇਟ ਵਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ ਅਤੇ ਨਾਲ ਹੀ ਚੋਣ ਜ਼ਾਬਤਾ ਵੀ ਤੁਰੰਤ ਪ੍ਰਭਾਵ ਤੋਂ ਲਾਗੂ ਹੋ ਜਾਏਗਾ। ਹਾਲਾਂਕਿ ਨੋਟੀਫਿਕੇਸ਼ਨ ਦੀ ਕਾਪੀ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋ ਚੁੱਕੀ ਹੈ। ਚੋਣ ਪ੍ਰੋਗਰਾਮ ਮੁਤਾਬਿਕ ਨਾਮਜ਼ਦਗੀ ਪਰਚੇ ਦਾਖਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਤੇ ਨਾਮਜ਼ਦਗੀ ਪਰਚੇ ਦਾਖਲ ਕਰਨ ਦੀ ਆਖਰੀ ਤਰੀਕ 7 ਅਪ੍ਰੈਲ ਹੋਵੇਗੀ। ਨਾਮਜ਼ਦਗੀ ਪਰਚਿਆਂ ਦੀ ਜਾਂਚ 8 ਅਪ੍ਰੈਲ ਨੂੰ ਹੋਏਗੀ ਤੇ 10 ਅਪ੍ਰੈਲ ਤੱਕ ਨਾਂਅ ਵਾਪਸ ਲਏ ਜਾ ਸਕਣਗੇ। 25 ਅਪ੍ਰੈਲ ਐਤਵਾਰ ਨੂੰ ਦਿੱਲੀ ਦੇ ਸਾਰੇ 46 ਚੋਣ ਹਲਕਿਆਂ ’ਚ ਵੋਟਾਂ ਪੈਣਗੀਆਂ ਤੇ ਗਿਣਤੀ 28 ਅਪ੍ਰੈਲ ਨੂੰ ਹੋਵੇਗੀ। ਇਸ ਵਾਰ ਚੋਣ ਮੁਕਾਬਲੇ ’ਚ ਸ਼੍ਰੋਮਣੀ ਅਕਾਲੀ ਦਲ (ਬ) ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੋਂ ਇਲਾਵਾ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਵਾਲੀ ਜਾਗੋ ਪਾਰਟੀ ਵੀ ਚੁਣੌਤੀ ਦੇਣ ਲਈ ਮੈਦਾਨ ’ਚ ਉਤਰੇਗੀ। ਨਾਲ ਹੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਜਥੇਬੰਦੀ, ਵਡਾਲਾ ਗਰੁੱਪ ਤੇ ਪੰਥਕ ਸੇਵਾ ਦਲ ਦੇ ਉਮੀਦਵਾਰ ਵੀ ਚੋਣ ਮੈਦਾਨ ’ਚ ਹੋਣਗੇ। ਪਿਛਲੀਆਂ 2 ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਸੀ ਪਰ ਇਸ ਵਾਰ ਗੁਰਦੁਆਰਾ ਐਕਟ ਦੇ ਸੋਧੇ ਹੋਏ ਨਿਯਮ ਮੁਤਾਬਿਕ ਚੋਣਾਂ ਕਰਵਾਏ ਜਾਣ ਕਾਰਨ ਬਾਦਲ ਦਲ ਦੀਆਂ ਦਿੱਕਤਾਂ ਵਧ ਸਕਦੀਆਂ ਹਨ। ਕਿਉਂਕਿ ਸੋਧੇ ਨਿਯਮ ਮੁਤਾਬਿਕ ਸਿਰਫ ਸੁਸਾਇਟੀ ਐਕਟ ਤਹਿਤ ਰਜਿਸਟਰਡ ਧਾਰਮਿਕ ਪਾਰਟੀਆਂ ਹੀ ਦਿੱਲੀ ਗੁਰਦੁਆਰਾ ਚੋਣਾਂ ਲੜ ਸਕਦੀਆਂ ਹਨ।

Share