ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਦਮ ਸਦਕਾ ਕਿਸਾਨ ਅੰਦੋਲਨ ਦੌਰਾਨ ਗਿ੍ਰਫ਼ਤਾਰ 15 ਹੋਰ ਲੋਕਾਂ ਨੂੰ ਮਿਲੀ ਜ਼ਮਾਨਤ

386
Share

ਜਲੰਧਰ, 2 ਮਾਰਚ (ਪੰਜਾਬ ਮੇਲ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਕਿਸਾਨ ਅੰਦੋਲਨ ਦੌਰਾਨ ਗਿ੍ਰਫ਼ਤਾਰ ਕੀਤੇ ਗਏ ਲੋਕਾਂ ਲਈ ਕਮੇਟੀ ਦੇ ਉਪਰਾਲੇ ਸਦਕਾ ਅੱਜ 15 ਹੋਰ ਲੋਕਾਂ ਨੂੰ ਜ਼ਮਾਨਤ ਮਿਲ ਗਈ। ਇਥੇ ਜਾਰੀ ਕੀਤੇ ਬਿਆਨ ਵਿਚ ਉਨ੍ਹਾਂ ਨੇ ਦੱਸਿਆ ਕਿ ਨਾਂਗਲੋਈ ਪੁਲਿਸ ਥਾਣੇ ’ਚ ਦਰਜ ਐੱਫ.ਆਈ.ਆਰ. ਤਹਿਤ ਗਿ੍ਰਫਤਾਰ ਕੀਤੇ ਗਏ ਰਣਜੀਤ ਸਿੰਘ, ਜਗਦੀਸ਼ ਸਿੰਘ, ਭਾਗ ਸਿੰਘ, ਨਵਨੀਤ ਸਿੰਘ, ਬਲਦੀਪ ਸਿੰਘ, ਹਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਅੰਮਿ੍ਰਤਪਾਲ ਸਿੰਘ, ਜਗਦੀਪ ਸਿੰਘ, ਜਸਵੰਤ ਸਿੰਘ, ਰਮਨਦੀਪ ਸਿੰਘ ਤੇ ਸ਼ਮਸ਼ੇਰ ਸਿੰਘ ਨੂੰ ਜ਼ਮਾਨਤ ਮਿਲ ਗਈ, ਜਦਕਿ ਨੱਜ਼ਫਗੜ੍ਹ ਪੁਲਿਸ ਥਾਣੇ ਵਿਚ ਦਰਜ ਕੇਸ ਵਿਚ ਦਯਾ ਕਿਸ਼ਨ ਅਨਿਲ ਕੁਮਾਰ ਪੁੱਤਰ ਧਰਮਪਾਲ ਤੇ ਜਗਬੀਰ ਸਿੰਘ ਦੀ ਜ਼ਮਾਨਤ ਮਨਜ਼ੂਰ ਹੋ ਗਈ ਤੇ ਹੁਣ ਇਹ ਲੋਕ ਤਿਹਾੜ ਜੇਲ੍ਹ ਵਿਚੋਂ ਬਾਹਰ ਆ ਸਕਣਗੇ।
ਉਨ੍ਹਾਂ ਨੇ ਇਨ੍ਹਾਂ ਦੀ ਜ਼ਮਾਨਤ ਕਰਵਾਉਣ ਲਈ ਚਾਰਾਜੋਈ ਕਰਨ ਲਈ ਐਡਵੋਕੇਟ ਸੰਜੀਵ ਨਿਸ਼ਿਆਰ, ਜਸਪ੍ਰੀਤ ਸਿੰਘ ਰਾਏ, ਕੁਨਾਲ ਮਦਾਨ, ਕਪਿਲ ਮਦਾਨ, ਗੁਰਮੁੱਖ ਸਿੰਘ ਅਰੋੜਾ, ਦਿਨੇਸ਼ ਮੋਦਗਿੱਲ, ਨਵਦੀਪ ਸਿੰਘ, ਨੇਹਾ, ਚਿਤਵਨ ਗੋਦਾਰਾ, ਰਾਜਿੰਦਰ ਸ਼ਹਿਰਾਵਤ, ਏ. ਐੱਸ. ਭੁੱਲਰ ਤੇ ਐਡਵੋਕੇਟ ਵਿਕਰਮ ਸਿੰਘ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਜਿਨ੍ਹਾਂ ਨੇ ਇਨ੍ਹਾਂ ਲੋਕਾਂ ਦੀ ਜ਼ਮਾਨਤ ਕਰਵਾਉਣ ਲਈ ਬਹੁਤ ਮਿਹਨਤ ਨਾਲ ਕੰਮ ਕੀਤਾ।
ਸਿਰਸਾ ਨੇ ਦੱਸਿਆ ਕਿ ਇਹ ਕਮੇਟੀ ਦੀ ਬਹੁਤ ਵੱਡੀ ਜਿੱਤ ਹੈ ਤੇ ਇਸ ਕਰ ਕੇ ਹਾਸਲ ਹੋ ਰਹੀ ਹੈ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਰਹਿਮਤ ਬਖਸ਼ਿਸ਼ ਹੈ ਤੇ ਅਦਾਲਤਾਂ ਵੀ ਮੰਨ ਰਹੀਆਂ ਹਨ ਕਿ ਪੁਲਿਸ ਨੇ ਧੱਕੇਸ਼ਾਹੀ ਕੀਤੀ ਸੀ ਤੇ 307 ਵਰਗੀਆਂ ਧਾਰਾਵਾਂ ਲਾਈਆਂ ਹਨ।

Share