ਦਿੱਲੀ ਸਰਕਾਰ ਨੇ ਪੁਲੀਸ ਨੂੰ ਕਨ੍ਹੱਈਆ ਖ਼ਿਲਾਫ਼ ਦੇਸ਼ਧ੍ਰੋਹ ਦਾ ਮੁਕੱਦਮਾ ਚਲਾਉਣ ਦੀ ਦਿੱਤੀ ਪ੍ਰਵਾਨਗੀ

765

ਨਵੀਂ ਦਿੱਲੀ, 29 ਫਰਵਰੀ (ਪੰਜਾਬ ਮੇਲ)- ਦਿੱਲੀ ਸਰਕਾਰ ਨੇ ਅੱਜ ਪੁਲੀਸ ਨੂੰ ਜੇਐੱਨਯੂ ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਕਨ੍ਹੱਈਆ ਕੁਮਾਰ ਤੇ ਹੋਰਨਾਂ ਖ਼ਿਲਾਫ਼ ਦੇਸ਼ਧ੍ਰੋਹ ਦਾ ਮੁਕੱਦਮਾ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸੂਤਰਾਂ ਮੁਤਾਬਕ ਪੁਲੀਸ ਨੇ 14 ਜਨਵਰੀ ਨੂੰ ਕਨ੍ਹੱਈਆ ਕੁਮਾਰ ਸਮੇਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਉਮਰ ਖ਼ਾਲਿਦ ਅਤੇ ਅਨਿਬਰਨ ਭੱਟਾਚਾਰੀਆ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਸੀ। ਪੁਲੀਸ ਨੇ ਕਿਹਾ ਸੀ ਕਿ ਇਨ੍ਹਾਂ ਨੇ 9 ਫਰਵਰੀ 2016 ਨੂੰ ਕਾਲਜ ਕੈਂਪਸ ’ਚ ਹੋਏ ਸਮਾਗਮ ਵਿੱਚ ਦੇਸ਼ ਵਿਰੋਧੀ ਨਾਅਰੇਬਾਜ਼ੀ ਕੀਤੀ ਸੀ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਸ਼ਧ੍ਰੋਹ ਦੇ ਮਾਮਲੇ ਵਿੱਚ ਦਿੱਲੀ ਸਰਕਾਰ ਵੱਲੋਂ ਕਨ੍ਹੱਈਆ ਕੁਮਾਰ ਤੇ ਹੋਰਨਾ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਮਿਲ ਗਈ ਹੈ। ਇਸ ਸਬੰਧੀ ਡਿਪਟੀ ਸੈਕਟਰੀ (ਗ੍ਰਹਿ) ਵੱਲੋਂ ਡਿਪਟੀ ਕਮਿਸ਼ਨਰ (ਸਪੈਸ਼ਲ ਸੈੱਲ) ਪ੍ਰਾਮੋਦ ਸਿੰਘ ਖੁਸ਼ਵਾਹਾ ਨੂੰ ਪੱਤਰ ਭੇਜਿਆ ਗਿਆ ਹੈ।
ਐਡੀਸ਼ਨਲ ਚੀਫ ਮੈਟਰੋਪੌਲੀਟਨ ਮੈਜਿਸਟ੍ਰੇਟ ਪੁਰਸ਼ੋਤਮ ਪਾਠਕ ਨੇ ਦਿੱਲੀ ਪੁਲੀਸ ਨੂੰ ਸਰਕਾਰ ਨੂੰ ਇਸ ਸਬੰਧੀ ਮੁੜ ਜਾਣੂ ਕਰਵਾਉਣ ਲਈ ਆਖਿਆ। ਜੱਜ ਨੇ ਕਿਹਾ ਕਿ ਨਵੀਂ ਸਰਕਾਰ ਹੋਂਦ ਵਿੱਚ ਆ ਗਈ ਹੈ, ਇਸ ਨੂੰ ਕੇਸ ਬਾਰੇ ਮੁੜ ਯਾਦ ਕਰਵਾਇਆ ਜਾਵੇ।