ਦਿੱਲੀ ਸਰਕਾਰ ਦੇ ਦੂਤ ਵਜੋਂ ਕਿਸਾਨਾਂ ਨਾਲ ਟਰਾਲੀ ‘ਚ ਹੀ ਰਾਤਾਂ ਕੱਟ ਰਹੇ ਹਨ ਪੰਜਾਬ ਮਾਮਲਿਆਂ ਦੇ ਇੰਚਾਰਜ ਵਿਧਾਇਕ ਜਰਨੈਲ ਸਿੰਘ

222
Share

..ਸਿੰਘੂ ਅਤੇ ਟਿਕਰੀ ਬਾਰਡਰ ‘ਤੇ ਅੰਦੋਲਨਕਾਰੀ ਕਿਸਾਨਾਂ ਨਾਲ ਦਿਨ-ਰਾਤ ਡਟੇ ਹੋਏ ਹਨ ‘ਆਪ’ ਆਗੂ ਤੇ ਵਿਧਾਇਕ
..ਧਰਨਾਕਾਰੀ ਕਿਸਾਨਾਂ ਦੀ ਮਦਦ ਲਈ ਕੇਜਰੀਵਾਲ ਸਰਕਾਰ ਤੇ ਕਿਸਾਨਾਂ ਵਿਚਕਾਰ ਪੁੱਲ ਦਾ ਕੰਮ ਕਰ ਰਹੀਆਂ ਹਨ ‘ਆਪ’ ਦੀਆਂ ਸੇਵਾਦਾਰ ਟੀਮਾਂ
ਚੰਡੀਗੜ੍ਹ, 8 ਦਸੰਬਰ (ਪੰਜਾਬ ਮੇਲ)- ਕੜਾਕੇ ਦੀ ਠੰਢ ਅਤੇ ਮੋਦੀ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਦਾ ਟਾਕਰਾ ਕਰਦੇ ਹੋਏ ਦਿੱਲੀ-ਹਰਿਆਣਾ ਦੀ ਸੀਮਾ ਉੱਤੇ ਆਪਣੀ ਹੋਂਦ ਦੀ ਲੜਾਈ ਲੜ ਰਹੇ ਕਿਸਾਨਾਂ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਆਗੂ ਵੀ ਦਿਨ-ਰਾਤ ਕਿਸਾਨਾਂ ਦੀ ਸੇਵਾ ਵਿਚ ਬਰਾਬਰ ਡਟੇ ਹੋਏ ਹਨ। ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਦੂਤ ਵਜੋਂ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਵਿਧਾਇਕ ਜਰਨੈਲ ਸਿੰਘ ਕਿਸਾਨਾਂ ਨਾਲ ਹੀ ਟਰਾਲੀਆਂ ਵਿਚ ਰਾਤਾਂ ਕੱਟ ਰਹੇ ਹਨ। ਇਸ ਮੌਕੇ ਗੱਲਬਾਤ ਕਰਦਿਆਂ ਜਰਨੈਲ ਸਿੰਘ ਨੇ ਦੱਸਿਆ ਕਿ ਉਹ ਇਕੱਲੇ ਨਹੀਂ ਦਿੱਲੀ ਸਮੇਤ ਪੰਜਾਬ, ਹਰਿਆਣਾ, ਉਤਰ ਪ੍ਰਦੇਸ਼ ਅਤੇ ਹੋਰ ਰਾਜਾਂ ਤੋਂ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਲੰਟੀਅਰ ਵੱਡੀ ਗਿਣਤੀ ਵਿਚ ਸਿੰਘੂ, ਟਿਕਰੀ, ਗਾਜ਼ੀਆਬਾਦ ਅਤੇ ਦੂਜੇ ਬਾਰਡਰਾਂ ਉੱਤੇ ਚੱਲ ਰਹੇ ਅੰਦੋਲਨ ਵਿਚ ਨਾ ਕੇਵਲ ਹਿੱਸਾ ਲੈ ਰਹੇ ਹਨ, ਬਲਕਿ ਸੇਵਾਦਾਰ ਵਜੋਂ ਸੇਵਾਵਾਂ ਦੇ ਰਹੇ ਹਨ।
ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਦੋਂ ਤੋਂ ਇਹ ਕਾਲੇ ਕਾਨੂੰਨ ਆਏ ਹਨ ਉਦੋਂ ਤੋਂ ਹੀ ਕਿਸਾਨ ਦੇ ਸਮਰਥਨ ਵਿਚ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਧਰਨਾ ਸਥਾਨ ਉੱਤੇ ਕਿਸਾਨਾਂ ਨੂੰ ਆ ਰਹੀਆਂ ਦਿੱਕਤਾਂ ਨੂੰ ਦੂਰ ਕਰਨ ਲਈ ਆਮ ਆਦਮੀ ਪਾਰਟੀਆਂ ਵੱਲੋਂ ਟੀਮਾਂ ਗਠਿਤ ਕੀਤੀਆਂ ਗਈਆਂ ਹਨ, ਜੋ ਦਿੱਲੀ ਦੀ ਕੇਜਰੀਵਾਲ ਸਰਕਾਰ ਨਾਲ ਰਾਬਤਾ ਬਣਾ ਕੇ ਇੱਕ ਪੁੱਲ ਦਾ ਕੰਮ ਕਰ ਰਹੀਆਂ ਹਨ।
ਜਰਨੈਲ ਸਿੰਘ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਸਿੰਘੂ ਅਤੇ ਟਿਕਰੀ ਬਾਰਡਰ ਉੱਤੇ ‘ਆਪ’ ਦੇ ਸੇਵਾਦਾਰਾਂ ਨੇ ਮੋਰਚਾ ਸੰਭਾਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਸਮਾਂ ਕਿਸੇ ਤਰਾਂ ਦੀ ਰਾਜਨੀਤੀ ਕਰਨ ਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡਾ ਪੇਟ ਭਰਨ ਲਈ ਅੰਨ ਪੈਦਾ ਕਰਨ ਵਾਲੇ ਅੰਨਦਾਤਾ ਉੱਤੇ ਕੇਂਦਰ ਸਰਕਾਰ ਵੱਲੋਂ ਖੋਟੀ ਨੀਅਤ ਨਾਲ ਪਾਈ ਮੁਸੀਬਤ ਸਮੇਂ ਨਾਲ ਖੜਨ ਦਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਅੰਦੋਲਨਕਾਰੀ ਕਿਸਾਨਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਵੱਲੋਂ ਕਿਸਾਨਾਂ ਲਈ ਲੰਗਰ, ਪੀਣ ਵਾਲੇ ਪਾਣੀ, ਸਿਹਤ ਸਹੂਲਤਾਵਾਂ, ਪਖਾਨੇ, ਸਾਫ ਸਫਾਈ, ਐਂਬੂਲੈਂਸ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਉਣ ਵਾਲੀਆਂ ਮੁਸੀਬਤਾਂ ਦਾ ਹੱਲ ਕਰਨ ਲਈ ਵਿਧਾਇਕ, ਆਗੂ ਤੇ ਵਲੰਟੀਅਰ ਸੇਵਾਦਾਰ ਵੱਲੋਂ ਕੰਮ ਵਿਚ ਲੱਗੇ ਹੋਏ ਹਨ।
ਜਰਨੈਲ ਸਿੰਘ ਨੇ ਦੱਸਿਆ ਕਿ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਉਪ ਨੇਤਾ ਅਤੇ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ, ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਯੂਥ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਮੀਤ ਹੇਅਰ, ਸਹਿ ਪ੍ਰਧਾਨ ਅਨਮੋਲ ਗਗਨ ਮਾਨ, ਵਿਧਾਇਕਾ ਰੁਪਿੰਦਰ ਕੌਰ ਰੂਬੀ, ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਵਿਧਾਇਕ ਮਾਸਟਰ ਬਲਦੇਵ ਸਿੰਘ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਵਿਧਾਇਕ ਜੈ ਸਿੰਘ ਰੌੜੀ ਅਤੇ ਹੋਰ ਆਗੂ ਤੇ ਵਿਧਾਇਕ ਵੀ ਕਿਸਾਨੀ ਸੰਘਰਸ਼ ਵਿਚ ਸ਼ਾਮਲ ਹੋ ਕੇ ਲੰਗਰ ਸੇਵਾ ਤੋਂ ਲੈ ਕੇ ਹਰ ਤਰਾਂ ਦਾ ਸਹਿਯੋਗ ਕਰਦੇ ਆਏ ਹਨ ਅਤੇ ਕਰਦੇ ਰਹਿਣਗੇ।


Share