ਦਿੱਲੀ ਵਿੱਚ ਜੈਸ਼-ਏ-ਮੁਹੰਮਦ ਤੇ ਲਸ਼ਕਰ-ਏ-ਤਾਇਬਾ ਦੇ ਅੱਤਵਾਦੀ ਹੋਏ ਦਾਖ਼ਲ!

683
Share

ਨਵੀਂ ਦਿੱਲੀ, 23 ਜੂਨ (ਪੰਜਾਬ ਮੇਲ) – ਦਿੱਲੀ ਵਿੱਚ ਜੈਸ਼-ਏ-ਮੁਹੰਮਦ ਤੇ ਲਸ਼ਕਰ-ਏ-ਤਾਇਬਾ ਦੇ 4-5 ਅੱਤਵਾਦੀ ਦਾਖ਼ਲ ਹੋਏ ਹਨ। ਇਸ ਦੀ ਸੂਹ ਮਿਲਣ ‘ਤੇ ਰਾਜਧਾਨੀ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਹ ਅੱਤਵਾਦੀ ਦਿੱਲੀ ‘ਚ ਕਿਸੇ ਵੱਡੇ ਹਮਲੇ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਹਨ।
ਅੱਤਵਾਦੀਆਂ ਦੇ ਦਿੱਲੀ ਵਿੱਚ ਦਾਖ਼ਲ ਹੋਣ ਸਬੰਧੀ ਸੂਹ ਮਿਲਣ ‘ਤੇ ਦਿੱਲੀ ਪੁਲਿਸ ਸਣੇ ਸਾਰੀਆਂ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ। ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਥਾਂ-ਥਾਂ ਚੈਕਿੰਗ ਕੀਤੀ ਜਾ ਰਹੀ ਹੈ। ਬੱਸ ਅੱਡੇ, ਰੇਲਵੇ ਸਟੇਸ਼ਨ ਤੇ ਬਾਜ਼ਾਰਾਂ ਵਿੱਚ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੇ ਇੱਕ ਸੀਨੀਅਰ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਜੰਮੂ-ਕਸ਼ਮੀਰ ਦੇ ਰਸਤੇ ਅੱਤਵਾਦੀਆਂ ਦਾ ਇੱਕ ਸਮੂਹ ਟਰੱਕ ਰਾਹੀਂ ਦਿੱਲੀ ਵਿੱਚ ਦਾਖ਼ਲ ਹੋ ਗਿਆ ਹੈ। ਅੱਤਵਾਦੀਆਂ ਦੀ ਗਿਣਤੀ 4 ਤੋਂ 5 ਤੱਕ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਕੋਲ ਘਾਤਕ ਹਥਿਆਰ ਹਨ ਅਤੇ ਇਹ ਦਿੱਲੀ-ਐਨਸੀਆਰ ਵਿੱਚ ਕਿਸੇ ਵੱਡੇ ਹਮਲੇ ਨੂੰ ਅੰਜਾਮ ਦੇ ਸਕਦੇ ਹਨ। ਸੂਚਨਾ ਮਿਲਣ ‘ਤੇ ਦਿੱਲੀ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਦਿੱਲੀ ਦੇ ਸਾਰੇ ਜ਼ਿਲ•ਾ ਡੀਸੀਪੀ, ਸਪੈਸ਼ਲ ਸੈੱਲ, ਕ੍ਰਾਈਮ ਬ੍ਰਾਂਚ, ਸਪੈਸ਼ਲ ਬ੍ਰਾਂਚ ਅਤੇ ਹੋਰ ਯੂਨਿਟ ਨੂੰ ਅਲਰਟ ‘ਤੇ ਰੱਖਿਆ ਗਿਆ ਹੈ। ਸਾਰੀਆਂ ਥਾਂਵਾਂ ‘ਤੇ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਗੈਸਟ ਹਾਊਸ, ਹੋਟਲਾਂ, ਤੇ ਸਰਾਵਾਂ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਜੰਮੂ-ਕਸ਼ਮੀਰ ਨੰਬਰ ਦੇ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਦਿੱਲੀ ਪੁਲਿਸ ਨੇ ਦਿੱਲੀ ਦੇ ਲੋਕਾਂ ਖਾਸ ਕਰ ਮਕਾਨ ਕਿਰਾਏ ‘ਤੇ ਦੇਣ ਵਾਲਿਆਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਹੈ। ਦਿੱਲੀ ਦੇ ਬਾਹਰੀ ਇਲਾਕਿਆਂ ਵਿੱਚ ਖਾਸ ਨਿਗਰਾਨੀ ਰੱਖਣ ਤੇ ਚੈਕਿੰਗ ਕਰਨ ਲਈ ਕਿਹਾ ਗਿਆ ਹੈ।
ਦਿੱਲੀ ਪੁਲਿਸ ਵੱਲੋਂ ਸਪੈਸ਼ਲ ਸੈੱਲ ਨੇ ਪਿਛਲੇ ਸਾਲ 11 ਜੂਨ ਨੂੰ ਦੱਖਣੀ ਭਾਰਤ ਮਾਡਿਊਲ ਦੇ ਤਿੰਨ ਅੱਤਵਾਦੀਆਂ ਖਵਾਜਾ ਮੋਈਨੂਦੀਨ, ਸਈਅਦ ਅਲੀ ਨਵਾਜ਼ ਅਤੇ ਅਬਦੁਲ ਸਮਦ ਨੂੰ ਫੜਿਆ ਸੀ। ਇਹ ਵਿਦੇਸ਼ੀ ਹੈਂਡਲਰ ਦੇ ਇਸ਼ਾਰੇ ‘ਤੇ ਹਮਲੇ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ। ਦੱਸਿਆ ਜਾ ਰਿਹਾ ਹੈ ਕਿ ਇਨ•ਾਂ ਦੇ ਤਿੰਨ ਸਾਥੀ ਅਜੇ ਫਰਾਰ ਹਨ। ਹੋ ਸਕਦਾ ਹੈ ਕਿ ਇਸ ਮਾਡਿਊਲ ਦੇ ਅੱਤਵਾਦੀਆਂ ਨੂੰ ਦਿੱਲੀ ਵਿੱਚ ਦਾਖ਼ਲ ਅੱਤਵਾਦੀਆਂ ਦਾ ਸਮਰਥਨ ਮਿਲਿਆ ਹੋਵੇ। ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੀਆਂ ਟੀਮਾਂ ਥਾਂ-ਥਾਂ ‘ਤੇ ਤੈਨਾਤ ਕਰ ਦਿੱਤੀਆਂ ਗਈਆਂ ਹਨ।


Share