ਦਿੱਲੀ ਮੋਰਚੇ ਦੇ 8 ਮਹੀਨੇ ਪੂਰੇ ਹੋਣ ਮੌਕੇ ਪੰਜਾਬ ‘ਚ ਵੀ ਕਿਸਾਨੀ-ਧਰਨਿਆਂ ਦੀ ਸਮੁੱਚੀ ਕਮਾਨ ਔਰਤਾਂ ਹੱਥ ਰਹੀ

338
Share

ਚਮਕੌਰ ਸਾਹਿਬ ਦੇ ਕਿਸਾਨਾਂ ਵਿਰੁੱਧ ਕੇਸ ਦਰਜ ਕਰਨ ਨਿਖੇਧੀ ਕੀਤੀ;  ਕੇਸ ਰੱਦ ਕਰਨ ਦੀ  ਕੀਤੀ ਮੰਗ । 
ਤੋਮਰ ਦੇ ਕਿਸਾਨ ਸੰਸਦ ਨੂੰ ਬੇਤੁਕੀ ਦੱਸਣ ਵਾਲੇ ਬਿਆਨ ਦੀ ਨਿਖੇਧੀ; ਇਹ ਬੌਖਲਾਹਟ ਦੀ ਨਿਸ਼ਾਨੀ ਹੈ: ਕਿਸਾਨ ਆਗੂ 
ਚੰਡੀਗੜ੍ਹ, 26 ਜੁਲਾਈ (ਪੰਜਾਬ ਮੇਲ)- ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਜਾਰੀ ਕਿਸਾਨੀ-ਧਰਨੇ 299ਵੇਂ ਦਿਨ ਵੀ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਜਾਰੀ ਰਿਹਾ। ਅੱਜ ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ ‘ਤੇ ਬੈਠਿਆਂ ਨੂੰ 8 ਮਹੀਨੇ ਪੂਰੇ ਹੋ ਚੁੱਕੇ ਹਨ। ਜਿੱਥੇ ਅੱਜ ਜੰਤਰ-ਮੰਤਰ ‘ਤੇ ਲੱਗਣ ਵਾਲੀ ਕਿਸਾਨ-ਸੰਸਦ ਦੀ ਕਮਾਨ ਔਰਤਾਂ ਦੇ ਹੱਥ ਦਿੱਤੀ ਗਈ।
ਇਸ ਤਰ੍ਹਾਂ ਪੰਜਾਬ ‘ਚ ਵੀ ਬਹੁਤੇ ਥਾਈਂ ਕਿਸਾਨੀ-ਧਰਨਿਆਂ ਦੀ ਕਮਾਨ ਔਰਤਾਂ ਹੱਥ ਰਹੀ। ਬਰਨਾਲਾ, ਜਗਰਾਉਂ, ਮਾਨਸਾ, ਬੁਢਲਾਡਾ, ਰਾਮਪੁਰਾ ਫੂਲ, ਮਹਿਲ ਕਲਾਂ ‘ਚ ਔਰਤਾਂ ਦੇ ਵੱਡੇ ਕਾਫ਼ਲਿਆਂ ਨੇ ਸ਼ਮੂਲੀਅਤ ਕੀਤੀ ਅਤੇ ਦਿੱਲੀ ‘ਚ ਚੱਲ ਰਹੀ ਔਰਤ ਕਿਸਾਨ-ਸੰਸਦ ਨਾਲ ਇੱਕਜੁੱਟਤਾ ਪ੍ਰਗਟ ਕੀਤੀ। ਇਸੇ ਤਰ੍ਹਾਂ ਕਿਲ੍ਹਾ ਰਾਏਪੁਰ(ਲੁਧਿਆਣਾ) ‘ਚ ਜਾਰੀ ਕਿਸਾਨੀ-ਧਰਨੇ ‘ਚ ਮਿੰਨ੍ਹੀ ਕਿਸਾਨ-ਸੰਸਦ ਚਲਾਈ ਗਈ।
ਧਰਨਿਆਂ ਨੂੰ ਸੰਬੋਧਨ ਕਰਦਿਆਂ ਔਰਤ ਆਗੂਆਂ ਨੇ ਕਿਹਾ ਕਿ ਔਰਤਾਂ ਦੇ ਇਕੱਠਾਂ ਨੇ ਸਾਬਿਤ ਕਰ ਦਿੱਤਾ ਕਿ ਉਹ ਕਿਸੇ ਵੀ ਤਰ੍ਹਾਂ ਮਾਨਸਿਕ ਅਤੇ ਸਰੀਰਕ ਲੜਾਈਆਂ ਵਿਚ ਪਿੱਛੇ ਰਹਿਣ ਵਾਲੀਆਂ ਨਹੀਂ, ਬਲਕਿ ਬਰਾਬਰ ਦੀ ਹੈਸੀਅਤ ਵਿਚ ਸ਼ਾਮਿਲ ਹੁੰਦੀਆਂ ਹਨ। ਉਹ ਆਪਣੀ ਜਗ੍ਹਾ ਹਾਸਿਲ ਕਰਨ ਲਈ ਜਾਗਰੂਕ ਵੀ ਹਨ ਅਤੇ ਸਟੇਜਾਂ ਤੋਂ ਵਿਚਾਰਧਾਰਕ ਤੇ ਜਥੇਬੰਦਕ ਜਵਾਬ ਦੇਣ ਦੇ ਸਮਰੱਥ ਵੀ। ਇਨ੍ਹਾਂ ਵੱਡੀਆਂ ਸਟੇਜਾਂ ਤੋਂ ਔਰਤਾਂ ਦੇ ਬੋਲਣ ਅਤੇ ਉਨ੍ਹਾਂ ਨੂੰ ਸੁਣਨ ਦੀ ਰਵਾਇਤ ਭਵਿੱਖ ਵਿਚ ਅੰਦੋਲਨਾਂ ਦੀ ਮਜ਼ਬੂਤੀ ਅਤੇ ਔਰਤਾਂ ਨੂੰ ਸੰਘਰਸ਼ਾਂ ਵਿਚ ਹੋਰ ਸਰਗਰਮ ਥਾਂ ਦੇਣ ਦਾ ਆਧਾਰ ਬਣੇਗੀ। ਔਰਤਾਂ ਨੇ ਆਪਣੇ ਨਾਲ ਹੋਣ ਵਾਲੇ ਸਮਾਜਿਕ ਵਿਤਕਰਿਆਂ ਨੂੰ ਵੀ ਉਭਾਰਿਆ ਹੈ ਅਤੇ ਅੰਦੋਲਨਾਂ ਰਾਹੀਂ ਹਰ ਤਰ੍ਹਾਂ ਦੀ ਬੇਇਨਸਾਫ਼ੀ ਖ਼ਿਲਾਫ਼ ਲੜਨ ਦੀ ਦ੍ਰਿੜ੍ਹਤਾ ਦਾ ਪ੍ਰਗਟਾਵਾ ਕੀਤਾ ਹੈ।
ਬਰਨਾਲਾ ਵਾਲੇ ਧਰਨੇ ਦੀ ਸਮੁੱਚੀ ਕਾਰਵਾਈ ਔਰਤਾਂ ਨੇ ਚਲਾਈ। ਅੱਜ ਸਟੇਜ ਤੋਂ ਸਿਰਫ ਔਰਤਾਂ ਨੇ ਹੀ ਸੰਬੋਧਨ ਕੀਤਾ ਅਤੇ ਉਨ੍ਹਾਂ ਨੇ ਹੀ ਬਾਕੀ ਸਬੰਧਤ ਕਾਰਜ ਨਿਭਾਏ। ਕਿਸਾਨ ਬੀਬੀਆਂ ਨੇ ਜਿਸ ਸਪੱਸ਼ਟਤਾ, ਬੇਬਾਕੀ ਤੇ ਬਾਰੀਕੀ ਨਾਲ ਖੇਤੀ ਕਾਨੂੰਨਾਂ ਦੇ ਪਰਖੜੇ ਉਧੇੜੇ, ਉਸ ਤੋਂ ਉਨ੍ਹਾਂ ਦੀ ਸਿਆਸੀ ਚੇਤਨਤਾ ਦੀ ਸਾਫ ਝਲਕ ਨਜ਼ਰੀਂ ਪਈ।
ਧਰਨੇ ਨੂੰ ਅਮਰਜੀਤ ਕੌਰ, ਚਰਨਜੀਤ ਕੌਰ, ਪ੍ਰੇਮਪਾਲ ਕੌਰ, ਗੁਰਮੀਤ ਕੌਰ ਨੱਤ, ਗੁਰਪ੍ਰੀਤ ਕੌਰ ਸਹਿਜੜਾ, ਸੁਰਜੀਤ ਕੌਰ, ਧਰਮਪਾਲ ਕੌਰ, ਜਸਲੀਨ ਕੌਰ, ਗਗਨਦੀਪ ਕੌਰ, ਜਸਪਾਲ ਕੌਰ ਕਰਮਗੜ੍ਹ, ਰਮਨਦੀਪ ਕੌਰ ਖੁੱਡੀ ਕਲਾਂ, ਜਸਵੰਤ ਕੌਰ, ਬਲਵਿੰਦਰ ਕੌਰ, ਗਮਦੂਰ ਕੌਰ ਕੁਲਰੀਆਂ,ਪਰਮਜੀਤ ਕੌਰ ਠੀਕਰੀਵਾਲਾ ਨੇ ਸੰਬੋਧਨ ਕੀਤਾ।
ਔਰਤ ਬੁਲਾਰਿਆਂ ਨੇ ਕਿਹਾ ਕਿ ਪਿਛਲੇ ਦਿਨੀਂ ਖੇਤੀ ਮੰਤਰੀ ਨੇ ਬਿਆਨ ਦਿੱਤਾ  ਹੈ ਕਿ ਕਿਸਾਨਾਂ ਵੱਲੋਂ ਜੰਤਰ ਮੰਤਰ ‘ਤੇ ਚਲਾਈ ਜਾ ਰਹੀ ‘ਕਿਸਾਨ ਸੰਸਦ’ ਬੇਤੁਕੀ ਕਾਰਵਾਈ ਹੈ। ਅਸਲ ਵਿੱਚ ਬੇਤੁਕਾ ਤਾਂ ਤੋਮਰ ਦਾ ਬਿਆਨ ਹੈ। ਦੁਨੀਆ ਭਰ ਦੇ ਲੋਕਾਂ ਦੀ ਨਜ਼ਰ ਕਿਸਾਨ ਸੰਸਦ ‘ ਤੇ ਟਿਕੀ ਹੋਈ ਹੈ ਅਤੇ  ਉਹ ਭਾਰਤ ਦੇ ਕਿਸਾਨਾਂ ਦੀ ਅੰਦੋਲਨ ਚਲਾਉਣ ਦੀ ਅਤੇ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਦੀ ਸੂਝ ਬੂਝ ਤੋਂ ਬਹੁਤ ਪ੍ਰਭਾਵਿਤ ਹੋਏ ਹਨ।
ਧਰਨਿਆਂ ‘ਚ ਕੇਂਦਰ-ਸਰਕਾਰ ਵੱਲੋਂ ਬਿਜਲੀ-ਸੋਧ ਬਿਲ-2020 ਨੂੰ ਮੁੜ ਸੰਸਦ ‘ਚ ਲਿਆਂਦੇ ਜਾਣ ਦੀਆਂ ਤਿਆਰੀਆਂ ਖ਼ਿਲਾਫ਼ ਵੀ ਆਵਾਜ਼ ਉੱਠੀ, ਆਗੂਆਂ ਨੇ ਕਿਹਾ ਕਿ ਕਿਸਾਨ-ਜਥੇਬੰਦੀਆਂ ਨਾਲ ਹੋਈਆਂ ਮੀਟਿੰਗਾਂ ਦੌਰਾਨ ਕੇਂਦਰੀ ਮੰਤਰੀਆਂ ਨੇ ਕਿਹਾ ਕਿ ਇਸ ਬਿਲ ਨੂੰ ਕਾਨੂੰਨ ਦਾ ਰੂਪ ਨਹੀਂਂ ਦਿੱਤਾ ਜਾਵੇਗਾ, ਪਰ ਹੁਣ ਸਰਕਾਰ ਵਾਅਦਾਖ਼ਿਲਾਫੀ ਕਰ ਰਹੀ ਹੈ। ਆਗੂਆਂ ਨੇ ਕਿਹਾ ਕਿ 3 ਖੇਤੀਬਾੜੀ ਕਾਨੂੰਨ, ਬਿਜ਼ਲੀ ਸੋਧ-ਬਿਲ-2020 ਅਤੇ ਪਰਾਲੀ ਆਰਡੀਨੈਂਸ ਨੂੰ ਰੱਦ ਕਰਵਾਉਣ ਦੇ ਨਾਲ-ਨਾਲ ਸਾਰੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਨੂੰ ਯਕੀਨੀ ਬਣਾਉਣ ਲਈ ਕਾਨੂੰਨ ਬਣਾਉਣ ਤੱਕ ਸੰਘਰਸ਼ ਜਾਰੀ ਰਹੇਗਾ।
ਅੱਜ ਧਰਨਿਆਂ ਵਿੱਚ ਚਮਕੌਰ ਸਾਹਿਬ ਦੀ ਪੁਲਿਸ ਵੱਲੋਂ ਕਿਸਾਨਾਂ ਵਿਰੁੱਧ ਕੇਸ ਦਰਜ ਕਰਨ ਦੀ ਸਖਤ ਨਿਖੇਧੀ ਕੀਤੀ।ਚੇਤੇ ਕਰਾਇਆ ਜਾਂਦਾ ਹੈ ਕਿ ਦੋ ਦਿਨ ਕਾਂਗਰਸ ਦੇ ਪ੍ਰਧਾਨ ਦੀ ਫੇਰੀ ਮੌਕੇ ਕਿਸਾਨਾਂ ਨੇ ਉਸ ਦਾ ਕਾਲੇ ਝੰਡੇ ਦਿਖਾ ਕੇ ਵਿਰੋਧ ਕੀਤਾ ਸੀ ਕਿਉਂਕਿ ਉਸ ਨੇ ਤਾਜਪੋਸ਼ੀ ਮੌਕੇ ਕਿਸਾਨਾਂ ਨੂੰ ਪਿਆਸੇ ਤੇ ਖੁਦ ਨੂੰ ਖੂਹ ਕਹਿਣ ਦਾ ਹੰਕਾਰ ਦਰਸਾਇਆ ਹੈ। ਧਰਨਾਕਾਰੀਆਂ ਨੇ ਤੁਰੰਤ ਇਹ ਕੇਸ ਰੱਦ ਕਰਨ ਦੀ ਮੰਗ ਕੀਤੀ।

Share