ਪਟਿਆਲਾ, 1 ਫਰਵਰੀ (ਪੰਜਾਬ ਮੇਲ)- ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਵਿੱਚ ਜਾਰੀ ਕਿਸਾਨ ਮੋਰਚੇ ਵਿੱਚ ਕਈ ਵਾਰ ਸ਼ਿਰਕਤ ਕਰ ਚੁੱਕੇ ਨੇੜਲੇ ਪਿੰਡ ਦੌਣ ਕਲਾਂ ਦੇ ਨੌਜਵਾਨ ਵਰੁਣ ਅੱਤਰੀ ਪੁੱਤਰ ਸੰਜੀਵ ਅੱਤਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਅਜੇ ਅਣਵਿਆਹਿਆ ਸੀ ਤੇ ਆਪਣੇ ਪਿੱਛੇ ਮਾਤਾ ਅਤੇ ਅਣਵਿਆਹੀ ਭੈਣ ਛੱਡ ਗਿਆ ਹੈ। ਉਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਵਰੁਣ ਨੇ ਆਪਣੇ ਜਨਮ ਦਿਨ ਵਾਲੇ ਦਿਨ ਹੀ ਸਵਾਸ ਤਿਆਗੇ। ਵਰੁਣ ਵੱਲੋਂ ਦਿੱਲੀ ਵਿਚਲੇ ਕਿਸਾਨ ਮੋਰਚੇ ਵਿਚਲੀਆ ਵਾਇਰਲ ਕੀਤੀਆਂ ਵੀਡੀਓ ਕਲਿਪਸ ਅਤੇ ਫੋਟੋਆਂ ਨੂੰ ਵੇਖ ਵੇਖ ਉਸ ਦੀ ਮਾਤਾ ਅਤੇ ਭੈਣ ਵਿਰਲਾਪ ਕਰ ਰਹੀਆਂ ਹਨ। ਪਿੰਡ ਦੌਣ ਕਲਾਂ ਦੇ ਸਰਪੰਚ ਬਲਵੀਰ ਸਿੰਘ ਢੀਂਡਸਾ ਨੇ ਪੰਜਾਬ ਸਰਕਾਰ ਤੋਂ ਉਸ ਦੇ ਪਰਿਵਾਰ ਲਈ ਬਣਦੀਆਂ ਸਹੂਲਤਾਂ ਦੇਣ ਦੀ ਮੰਗ ਕੀਤੀ ਹੈ।