ਦਿੱਲੀ ਬਾਰਡਰ ‘ਤੇ ਚੌਥੇ ਦਿਨ ਵੀ ਕਿਸਾਨ ਅੰਦੋਲਨ ਜਾਰੀ

492
Share

ਨਵੀਂ ਦਿੱਲੀ, 29 ਨਵੰਬਰ (ਪੰਜਾਬ ਮੇਲ)- ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ ਅੱਜ ਚੌਥੇ ਦਿਨ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਦਿੱਲੀ ‘ਚ ਵਿਰੋਧ ਪ੍ਰਦਰਸ਼ਨ ਦੀ ਮੰਗ ਤੇ ਅੜੇ ਕਿਸਾਨਾਂ ਨੂੰ ਬੁਰਾੜੀ ਸਥਿਤ ਨਿਰੰਕਾਰੀ ਗ੍ਰਾਊਂਡ ‘ਚ ਪ੍ਰਦਰਸ਼ਨ ਦੀ ਇਜਾਜ਼ਤ ਦੇ ਦਿੱਤੀ ਗਈ ਪਰ ਕਿਸਾਨ ਹੁਣ ਵੀ ਸਿੰਘੂ ਬਾਰਡਰ ‘ਤੇ ਅੜੇ ਹੋਏ ਹਨ। ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਰਾਮਲੀਲਾ ਮੈਦਾਨ ਜਾਂ ਜੰਤਰ ਮੰਤਰ ‘ਤੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਜਾਵੇ।

ਸ਼ਨੀਵਾਰ ਸ਼ਾਮ ਦਿੱਲੀ-ਹਰਿਆਣਾ ਸਿੰਘੂ ਬਾਰਡਰ ‘ਤੇ ਕਿਸਾਨਾਂ ਦੀ ਬੈਠਕ ਹੋਈ ਤੇ ਬੈਠਕ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਫੈਸਲਾ ਲਿਆ ਹੈ ਅਸੀਂ ਇੱਥੋਂ ਕਿਤੇ ਨਹੀਂ ਜਾਵਾਂਗੇ ਤੇ ਆਪਣਾ ਵਿਰੋਧ ਪ੍ਰਦਰਸ਼ਨ ਇੱਥੋਂ ਕਰਾਂਗੇ।

ਪ੍ਰਦਰਸ਼ਨ ‘ਚ ਵੱਡੀ ਗਿਣਤੀ ਕਿਸਾਨ ਮਹਿਲਾਵਾਂ ਵੀ ਸ਼ਾਮਲ ਹਨ। ਟਿਕਰੀ ਬਾਰਡਰ ‘ਤੇ ਕਿਸਾਨ ਗੱਡੀਆਂ ਭਰ ਕੇ ਪਾਸ਼ਨ ਲਿਆਏ ਹਨ। ਕਿਸਾਨਾਂ ਨੇ ਦਿੱਲੀ ਦੀਆਂ ਸੜਕਾਂ ਨੂੰ ਹੀ ਫਿਲਹਾਲ ਘਰ ਬਣਾ ਲਿਆ ਹੈ। ਇੱਥੇ ਹੀ ਉਹ ਰੋਟੀ-ਟੁੱਕ ਕਰ ਰਹੇ ਹਨ ਤੇ ਇੱਥੇ ਹੀ ਤਾਰਾਂ ਬੰਨ੍ਹ ਕੇ ਕੱਪੜੇ ਸੁੱਕਣੇ ਪਾ ਰਹੇ ਹਨ।

ਅਮਿਤ ਸ਼ਾਹ ਨੇ ਸ਼ਨੀਵਾਰ ਕਿਹਾ ਕਿ ਦਿੱਲੀ-ਹਰਿਆਣਾ ਬਾਰਡਰ ‘ਤੇ ਜੋ ਕਿਸਾਨ ਭਰਾ ਆਪਣਾ ਅੰਦੋਲਨ ਕਰ ਰਹੇ ਹਨ ਉਨ੍ਹਾਂ ਨੂੰ ਅਪੀਲ ਹੈ ਕਿ ਭਾਰਤ ਸਰਕਾਰ ਤੁਹਾਡੇ ਨਾਲ ਚਰਚਾ ਕਰਨ ਲਈ ਤਿਆਰ ਹੈ। ਤਿੰਨ ਦਸੰਬਰ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਨੇ ਗੱਲਬਾਤ ਲਈ ਬੁਲਾਇਆ ਹੈ। ਕਿਸਾਨ ਭਰਾ ਐਨੀ ਠੰਡ ‘ਚ ਟਰੈਕਟਰ-ਟਰਾਲੀਆਂ ਸਮੇਤ ਬੈਠੇ ਹੋਏ ਹਨ।

ਸ਼ਾਹ ਨੇ ਕਿਹਾ ਹਾਨੂੰ ਇਕ ਮਿੱਥੇ ਸਥਾਨ ‘ਤੇ ਸ਼ਿਫਟ ਕਰਨ ਲਈ ਤਿਆਰ ਹੈ। ਤੁਸੀਂ ਉੱਥੇ ਜਾਉ, ਆਪਣਾ ਮੰਚ ਵੀ ਲਾ ਸਕਦੇ ਹੋ। ਟੌਇਲਟਸ ਦਾ ਪ੍ਰਬੰਧ ਹੈ, ਪਾਣੀ ਦਾ ਪ੍ਰਬੰਧ ਹੈ ਤੇ ਸੁਰੱਖਿਆ ਦਾ ਵੀ ਵਿਸ਼ੇਸ਼ ਪ੍ਰਬੰਧ ਦਿੱਤਾ ਗਿਆ ਹੈ। ਜੇਕਰ ਕਿਸਾਨ ਸੜਕਾਂ ਦੀ ਥਾਂ ‘ਤੇ ਨਿਸਚਿਤ ਥਾਂ ‘ਤੇ ਧਰਨਾ ਪ੍ਰਦਰਸ਼ਨ ਕਰਨਗੇ ਤਾਂ ਉਹ ਕਿਸਾਨਾਂ ਲਈ ਵੀ ਠੀਕ ਰਹੇਗਾ ਤੇ ਆਵਾਜਾਈ ਕਰ ਰਹੀ ਆਮ ਜਨਤੀ ਲਈ ਵੀ ਪਰੇਸ਼ਾਨੀ ਘੱਟ ਹੋਵੇਗੀ।

 

ਉਨ੍ਹਾਂ ਕਿਹਾ ਜੇਕਰ ਕਿਸਾਨ ਜਥੇਬੰਦੀਆਂ ਚਾਹੁੰਦੀਆਂ ਹਨ ਕਿ ਭਾਰਤ ਸਰਕਾਰ ਜਲਦ ਗੱਲਬਾਤ ਕਰੇ, ਤਿੰਨ ਤਾਰੀਖ ਤੋਂ ਵੀ ਪਹਿਲਾਂ ਗੱਲਬਾਤ ਕਰੇ ਤਾਂ ਨਿਸਚਿਤ ਜਗ੍ਹਾ ‘ਤੇ ਸ਼ਿਫਟ ਹੋ ਜਾਣ ਤਾਂ ਉਸ ਦੇ ਦੂਜੇ ਦਿਨ ਹੀ ਭਾਰਤ ਸਰਕਾਰ ਗੱਲਬਾਤ ਕਰੇਗੀ। ਉਨ੍ਹਾਂ ਵਾਰ-ਵਾਰ ਅਪੀਲ ਕੀਤੀ ਕਿ ਕਿਸਾਨ ਮਿੱਥੇ ਸਥਾਨ ‘ਤੇ ਲੋਕਤੰਤਰਿਕ ਤਰੀਕੇ ਨਾਲ ਆਪਣਾ ਧਰਨਾ ਪ੍ਰਦਰਸ਼ਨ ਜਾਰੀ ਰੱਖ ਸਕਦੇ ਹਨ।

 

ਮੀਟਿੰਗ ‘ਚ ਕਿਸਾਨ ਬਣਾਉਣਗੇ ਅਗਲੀ ਰਣਨੀਤੀ

 

ਐਤਵਾਰ 11 ਵਜੇ ਤੇ ਫਿਰ ਦੋ ਵਜੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਵੇਗੀ। ਉਸ ਤੋਂ ਬਾਅਦ ਹੀ ਅਮਿਤ ਸ਼ਾਹ ਦੇ ਪ੍ਰਸਤਾਵ ‘ਤੇ ਫੈਸਲਾ ਹੋਵੇਗਾ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਣਰਿੰਦਰ ਸਿੰਘ ਨੇ ਅਮਿਤ ਸ਼ਾਹ ਦੇ ਪ੍ਰਸਤਾਵ ਦਾ ਸੁਆਗਤ ਕੀਤਾ ਹੈ ਤੇ ਕਿਸਾਨਾਂ ਨੂੰ ਉਨ੍ਹਾਂ ਦੀ ਗੱਲ ਮੰਨਣ ਦੀ ਅਪੀਲ ਕੀਤੀ ਹੈ।


Share