ਦਿੱਲੀ ਪੁਲਿਸ ਵੱਲੋਂ ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ 6 ਸ਼ੂਟਰਾਂ ਦੀ ਪਛਾਣ

147

ਨਵੀਂ ਦਿੱਲੀ, 10 ਜੂਨ (ਪੰਜਾਬ ਮੇਲ)- ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਸਬੰਧ ਵਿਚ ਦਿੱਲੀ ਪੁਲਿਸ ਨੇ ਛੇ ਸ਼ੂਟਰਾਂ ਦੀ ਪਛਾਣ ਕੀਤੀ ਹੈ। ਇਹ ਜਾਣਕਾਰੀ ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦਿੱਤੀ। ਸਪੈਸ਼ਲ ਪੁਲਿਸ ਕਮਿਸ਼ਨਰ (ਵਿਸ਼ੇਸ਼ ਸੈੱਲ) ਐੱਚ.ਐੱਸ. ਧਾਲੀਵਾਲ ਨੇ ਦੱਸਿਆ ਕਿ ਗਾਇਕ ਦੀ ਹੱਤਿਆ ਯੋਜਨਾਬੱਧ ਤਰੀਕੇ ਨਾਲ ਕੀਤੀ ਗਈ ਸੀ। ਮੀਡੀਆ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੁਲਿਸ ਨੇ ਅੱਠ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਹਾਲ ਹੀ ਵਿਚ ਜਾਰੀ ਕੀਤੀਆਂ ਸਨ ਤੇ ਹੁਣ ਛੇ ਸ਼ੂਟਰਾਂ ਦੀ ਪਛਾਣ ਕਰ ਲਈ ਗਈ ਹੈ। ਜ਼ਿਕਰਯੋਗ ਹੈ ਕਿ ਦਿੱਲੀ ਪੁਲਿਸ ਨੇ ਬੀਤੇ ਬੁੱਧਵਾਰ ਨੂੰ ਦੱਸਿਆ ਸੀ ਕਿ ਮੂਸੇਵਾਲਾ ਹੱਤਿਆ ਕਾਂਡ ਦਾ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਹੈ। ਇਸ ਹੱਤਿਆ ਕਾਂਡ ਦੇ ਸਬੰਧ ਵਿਚ ਸਿਦੇਸ਼ ਹੀਰਾਮਨ ਕਾਮਲੇ ਉਰਫ ਮਹਾਕਾਲ ਨੂੰ ਮਹਾਰਾਸ਼ਟਰ ਪੁਲਿਸ ਨੇ ਇਸ ਹਫਤੇ ਦੇ ਸ਼ੁਰੂ ਵਿਚ ਪੁਣੇ ਤੋਂ ਗ੍ਰਿਫ਼ਤਾਰ ਕੀਤਾ ਸੀ। ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਦੀ ਹੱਤਿਆ 29 ਮਈ ਨੂੰ ਮਾਨਸਾ ਜ਼ਿਲ੍ਹੇ ਵਿਚ ਹੋਈ ਸੀ।