ਨਵੀਂ ਦਿੱਲੀ, 4 ਫਰਵਰੀ (ਪੰਜਾਬ ਮੇਲ)- ਦਿੱਲੀ ਪੁਲਿਸ ਨੇ ਵਾਤਾਵਰਣ ਕਾਰਕੁੰਨ ਗ੍ਰੇਟਾ ਥਨਬਰਗ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਹੈ। ਗ੍ਰੇਟਾ ਥਨਬਰਗ ਨੇ ਅੰਦੋਲਨ ਕਰ ਰਹੇ ਕਿਸਾਨਾਂ ਦੇ ਹੱਕ ਵਿਚ ਟਵੀਟ ਕੀਤਾ ਸੀ। ਇਸ ਮਗਰੋਂ ਇਹ ਮਾਮਲਾ ਕੌਮਾਂਤਰੀ ਪੱਧਰ ’ਤੇ ਛਾ ਗਿਆ ਸੀ। ਗ੍ਰੇਟਾ ਥਨਬਰਗ ਨੇ ਕਿਹਾ ਸੀ ਕਿ ਅਸੀਂ ਭਾਰਤ ਵਿਚ ਕਿਸਾਨਾਂ ਦੇ ਸਮਰਥਨ ਵਿਚ ਇਕਜੁੱਟ ਖੜ੍ਹੇ ਹਾਂ। ਗ੍ਰੇਟਾ ਥਨਬਰਗ ਨੂੰ ਅਮਰੀਕੀ ਮੈਗਜ਼ੀਨ ਟਾਈਮ ਨੇ ਸਾਲ 2019 ਵਿਚ ‘ਪਰਸਨ ਆਫ ਦਿ ਈਅਰ’ ਐਲਾਨਿਆ ਸੀ।
ਦੱਸ ਦਈਏ ਕਿ ਕਿਸਾਨਾਂ ਦੇ ਹੱਕ ਵਿਚ ਖੜ੍ਹਨ ਦੀ ਸ਼ੁਰੂਆਤ ਇੰਟਰਨੈਸ਼ਨਲ ਪੌਪ ਸਟਾਰ ਰਿਹਾਨਾ ਨੇ ਕੀਤੀ ਸੀ। ਰਿਹਾਨਾ ਨੇ ਕਿਸਾਨਾਂ ਦੇ ਸਮਰਥਨ ’ਚ ਇਕ ਟਵੀਟ ਕੀਤਾ ਸੀ। ਰਿਹਾਨਾ ਨੇ ਆਪਣੇ ਟਵੀਟ ’ਚ ਕਿਸਾਨ ਅੰਦੋਲਨ ਨਾਲ ਜੁੜੀ ਖ਼ਬਰ ਸ਼ੇਅਰ ਕਰਦਿਆਂ ਕਿਹਾ ਸੀ ਕਿ ਅਸੀਂ ਇਸ ਬਾਰੇ ਗੱਲ ਕਿਉਂ ਨਹੀਂ ਕਰ ਰਹੇ।
ਇਸ ਤੋਂ ਬਾਅਦ ਪ੍ਰਦੂਸ਼ਣ ਖ਼ਿਲਾਫ਼ ਰਾਜਧਾਨੀ ਦਿੱਲੀ ਦੀਆਂ ਸੜਕਾਂ ’ਤੇ ਰੋਸ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਕਾਰਕੁਨ ਲਿਸਿਪੀਰੀਆ ਕਾਂਗੁਜਮ ਨੇ ਵੀ ਕਿਸਾਨਾਂ ਦੇ ਸਮਰਥਨ ਵਿਚ ਟਵੀਟ ਕੀਤਾ। ਆਪਣੇ ਟਵੀਟ ਵਿਚ ਉਸ ਨੇ ਲੋਕਾਂ ਨੂੰ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਫਿਰ ਇਹ ਸਿਲਸਿਲਾ ਲੰਬਾ ਹੋ ਗਿਆ।