ਦਿੱਲੀ ਪੁਲਿਸ ਵੱਲੋਂ ਕੰਸਨਟਰੇਟਰ ਦੀ ਕਾਲਾਬਾਜ਼ਾਰੀ ਦੇ ਕੇਸ ’ਚ ਨਵਨੀਤ ਕਾਲੜਾ ਗਿ੍ਰਫ਼ਤਾਰ

87
Share

ਨਵੀਂ ਦਿੱਲੀ, 18 ਮਈ (ਪੰਜਾਬ ਮੇਲ)- ਦਿੱਲੀ ਦੇ ਕਾਰੋਬਾਰੀ ਨਵਨੀਤ ਕਾਲੜਾ ਨੂੰ ਪੁਲਿਸ ਨੇ ਐਤਵਾਰ ਰਾਤ ਆਕਸੀਜਨ ਕੰਸਨਟਰੇਟਰਾਂ ਦੀ ਕਾਲਾਬਾਜ਼ਾਰੀ ਦੇ ਕੇਸ ’ਚ ਗਿ੍ਰਫ਼ਤਾਰ ਕਰ ਲਿਆ ਹੈ। ਕਾਲੜਾ ਖ਼ਿਲਾਫ਼ ਕੋਵਿਡ-19 ਮਹਾਮਾਰੀ ਦੌਰਾਨ ਮਰੀਜ਼ਾਂ ਦੇ ਇਲਾਜ ਲਈ ਅਹਿਮ ਉਪਕਰਨ ਆਕਸੀਜਨ ਕੰਸਨਟਰੇਟਰ ਦੀ ਕਾਲਾਬਾਜ਼ਾਰੀ ਤੇ ਜ਼ਖੀਰੇਬਾਜ਼ੀ ਕਰਨ ਦੇ ਦੋਸ਼ਾਂ ਹੇਠ ਖ਼ਾਨ ਮਾਰਕੀਟ ਥਾਣਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ। ਮਾਮਲੇ ਦੀ ਅਹਿਮੀਅਤ ਸਮਝਦੇ ਹੋਏ ਦਿੱਲੀ ਅਪਰਾਧ ਸ਼ਾਖਾ ਨੂੰ ਇਹ ਕੇਸ ਤਬਦੀਲ ਕਰ ਦਿੱਤਾ ਗਿਆ ਸੀ। ਦਿੱਲੀ ਪੁਲਿਸ ਵੱਲੋਂ ਜ਼ਿਲ੍ਹਾ ਅਦਾਲਤ ਵਿਚ ਕਾਲੜਾ ਦਾ 5 ਦਿਨਾਂ ਦਾ ਪੁਲਿਸ ਰਿਮਾਂਡ ਮੰਗਿਆ ਗਿਆ, ਤਾਂ ਜੋ ਉਸ ਦੇ ਸੰਪਰਕਾਂ ਆਦਿ ਦਾ ਪਤਾ ਲਾਇਆ ਜਾ ਸਕੇ। ਅਦਾਲਤ ਨੇ ਕਾਲੜਾ ਨੂੰ ਤਿੰਨ ਦਿਨਾਂ ਲਈ ਪੁਲਿਸ ਹਿਰਾਸਤ ’ਚ ਭੇਜ ਦਿੱਤਾ ਹੈ। ਹੁਣ ਉਸ ਨੂੰ 20 ਮਈ ਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕਾਲੜਾ ਦੀ ਮਾਲਕੀ ਵਾਲੇ ਰੈਸਤਰਾਂ ਖ਼ਾਨ ਮਾਰਕੀਟ ਸਥਿਤ ‘ਖ਼ਾਨ ਚਾਚਾ’, ‘ਨੇਗੇ ਯੂ’ ਤੇ ‘ਟਾਊਨ ਹਾਲ’ ਵਿਚੋਂ ਵੱਖ-ਵੱਖ ਛਾਪਿਆਂ ਦੌਰਾਨ 524 ਆਕਸੀਜਨ ਕੰਸਨਟਰੇਟਰ ਬਰਾਮਦ ਕੀਤੇ ਗਏ ਸਨ। ਉਸ ਨੇ ਇਹ ਕੰਸਨਟਰੇਟਰ ਗੁਰੂਗ੍ਰਾਮ ਦੀ ਕੰਪਨੀ ਰਾਹੀਂ ਚੀਨ ਤੋਂ ਦਰਾਮਦ ਕੀਤੇ ਸਨ, ਜੋ ਅੱਗੇ 70-70 ਹਜ਼ਾਰ ਰੁਪਏ ਨੂੰ ਵੇਚੇ ਜਾਣੇ ਸਨ, ਹਾਲਾਂਕਿ ਮੁੱਢਲੀ ਕੀਮਤ 16 ਤੋਂ 20 ਹਜ਼ਾਰ ਹੀ ਸੀ। ਬੀਤੇ ਸ਼ੁੱਕਰਵਾਰ ਨੂੰ ਦਿੱਲੀ ਹਾਈ ਕੋਰਟ ਨੇ ਕਾਲੜਾ ਨੂੰ ਇਸ ਮਾਮਲੇ ਵਿਚ ਗਿ੍ਰਫ਼ਤਾਰੀ ਤੋਂ ਅੰਤਿ੍ਰਮ ਸੁਰੱਖਿਆ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਉਸ ਦੇ ਵਕੀਲਾਂ ਨੇ ਸੈਸ਼ਨ ਕੋਰਟ ਅੱਗੇ ਅਗਾਊਂ ਜ਼ਮਾਨਤ ਦੀ ਅਰਜ਼ੀ ਦਿੱਤੀ ਸੀ ਪਰ ਅਦਾਲਤ ਨੇ ਜ਼ਮਾਨਤ ਤੋਂ ਮਨ੍ਹਾਂ ਕਰ ਦਿੱਤਾ ਸੀ।

Share