ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਵੱਲੋਂ ਮੁੰਬਈ ’ਚੋਂ 1725 ਕਰੋੜ ਦੀ 350 ਕਿਲੋ ਹੈਰੋਇਨ ਬਰਾਮਦ

28
Share

ਨਵੀਂ ਦਿੱਲੀ, 22 ਸਤੰਬਰ (ਪੰਜਾਬ ਮੇਲ)-ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਤੋਂ 350 ਕਿਲੋ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ ’ਚ ਕੀਮਤ 1725 ਕਰੋੜ ਰੁਪਏ ਦੱਸੀ ਜਾਂਦੀ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਹੈਰੋਇਨ ਮੁੰਬਈ ਦੇ ਨਹਾਵਾ ਸ਼ੇਵਾ ਬੰਦਰਗਾਹ ਤੋਂ ਇਕ ਕੰਟੇਨਰ ’ਚੋਂ ਬਰਾਮਦ ਕੀਤੀ ਗਈ ਹੈ। ਅਧਿਕਾਰੀ ਮੁਤਾਬਕ ਕੰਟੇਨਰ ਵਿਚ 22 ਟਨ ਲੀਕੋਰਾਈਸ (ਮਲੱਠੀ) ਲੱਦੀ ਹੋਈ ਸੀ, ਜਿਸ ਵਿਚੋਂ 345 ਕਿਲੋ ’ਤੇ ਹੈਰੋਇਨ ਦੀ ਪਰਤ ਚੜ੍ਹੀ ਸੀ। ਨਸ਼ੇ ਦੀ ਇਹ ਵੱਡੀ ਖੇਪ ਅਜਿਹੇ ਮੌਕੇ ਹੱਥ ਲੱਗੀ ਹੈ, ਜਦੋਂ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਨੇ ਠੀਕ ਸਾਲ ਪਹਿਲਾਂ ਗੁਜਰਾਤ ਦੀ ਮੁੰਦਰਾ ਬੰਦਰਗਾਹ ਤੋਂ 21,000 ਕਰੋੜ ਰੁਪਏ ਮੁੱਲ ਦੀ 3000 ਕਿਲੋ ਹੈਰੋਇਨ ਤੋਂ ਫੜੀ ਸੀ। ਇਹ ਦੇਸ਼ ਦੇ ਇਤਿਹਾਸ ਵਿਚ ਏਜੰਸੀਆਂ ਵੱਲੋਂ ਬਰਾਮਦ ਕੀਤੀ ਗਈ ਹੁਣ ਤੱਕ ਦੀ ਨਸ਼ਿਆਂ ਦੀ ਸਭ ਤੋਂ ਵੱਡੀ ਖੇਪ ਸੀ। ਪਿਛਲੇ ਸਾਲ 17 ਤੋਂ 19 ਸਤੰਬਰ ਦਰਮਿਆਨ ਮੁੰਦਰਾ ਬੰਦਰਗਾਹ ਦੇ ਕੰਨਟੇਨਰ ਫਰਾਈਟ ਸਟੇਸ਼ਨ ਤੋਂ ਬਰਾਮਦ ਹੈਰੋਇਨ ਸੈਮੀ-ਪ੍ਰੋਸੈਸਡ ਟੈਲਕ ਸਟੋਨ (ਬੇਬੀ ਪਾਊਡਰ) ਦੀ ਖੇਪ ’ਚ ਲੁਕਾ ਕੇ ਰੱਖੀ ਹੋਈ ਸੀ। ਦਿੱਲੀ ਪੁਲਿਸ ਮੁੰਬਈ ਤੋਂ ਫੜੀ ਹੈਰੋਇਨ ਬਾਰੇ ਹੋਰ ਤਫ਼ਸੀਲ ਜਲਦੀ ਦੇਵੇਗੀ।

Share