ਦਿੱਲੀ ਪੁਲਿਸ ਦੇ ਗਾਜ਼ੀਪੁਰ ਬਾਰਡਰ ’ਤੇ ਪੁਲਿਸ ਦੀ ਸਖਤੀ

251
Share

-ਕਿਸਾਨ ਮੁਜ਼ਾਹਰਾਕਾਰੀਆਂ ਨੂੰ ਭੇਜੇ ਜਾ ਰਹੇ ਨੇ ਨੋਟਿਸ
– ਕਿਸਾਨ ਬੋਲੇ ਤਾਨਾਸ਼ਾਹੀ ਦੀਆਂ ਸਾਰੀਆਂ ਹੱਦਾਂ ਪਾਰ
ਨਵੀਂ ਦਿੱਲੀ, 25 ਫਰਵਰੀ (ਪੰਜਾਬ ਮੇਲ)-ਦਿੱਲੀ ਪੁਲਿਸ ਦੇ ਗ਼ਾਜ਼ੀਪੁਰ ਬਾਰਡਰ ਉੱਤੇ ਕਿਸਾਨਾਂ ਦੀ ਬੇਚੈਨੀ ਤੇ ਰੋਹ ਹੁਣ ਵਧਦੇ ਜਾ ਰਹੇ ਹਨ ਕਿਉਂਕਿ ਸਰਕਾਰ ਤੇ ਪੁਲਿਸ ਨੇ ਜਿੱਥੇ ਮੁੱਖ ਸੜਕਾਂ ਬੰਦ ਕਰ ਦਿੱਤੇ ਹਨ, ਉੱਥੇ ਕਈ ਕਿਸਾਨ ਮੁਜ਼ਾਹਰਾਕਾਰੀਆਂ ਨੂੰ ਨੋਟਿਸ ਭੇਜੇ ਜਾ ਰਹੇ ਹਨ। ਕਿਸਾਨ ਆਗੂਆਂ ਨੇ ਗ਼ਾਜ਼ੀਪੁਰ ਬਾਰਡਰ ’ਤੇ ਇਸ ਸਬੰਧੀ ਪ੍ਰੈੱਸ ਕਾਨਫ਼ਰੰਸ ਕਰਕੇ ਸਰਕਾਰ ਵੱਲੋਂ ਭੇਜੇ ਨੋਟਿਸਾਂ ’ਤੇ ਨਾਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ। ਇਹ ਨੋਟਿਸ 26 ਜਨਵਰੀ ਦੀ ਹਿੰਸਾ ’ਚ ਉਨ੍ਹਾਂ ਦੀ ਕਥਿਤ ਸ਼ਮੂਲੀਅਤ ਦੇ ਨਾਂ ਹੇਠ ਭੇਜੇ ਗਏ ਹਨ।
ਕਿਸਾਨ ਆਗੂ ਜਗਤਾਰ ਸਿੰਘ ਬਾਜਵਾ ਨੇ ਕਿਹਾ ਕਿ ਪੁਲਿਸ ਤੇ ਕੇਂਦਰ ਸਰਕਾਰ ਨੇ ਤਾਨਾਸ਼ਾਹੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਸਰਕਾਰ ਹਰ ਹਾਲਤ ’ਚ ਕਿਸਾਨ ਅੰਦੋਲਨ ਨੂੰ ਦਬਾਉਣਾ ਚਾਹੁੰਦੀ ਹੈ। ਇਸ ਕਾਰਨ ਅੰਦੋਲਨਕਾਰੀ ਕਿਸਾਨਾਂ ’ਚ ਡਾਢਾ ਰੋਹ ਤੇ ਰੋਸ ਹੈ।
ਆਈ.ਏ.ਐੱਨ.ਐੱਸ. ਦੀ ਰਿਪੋਰਟ ’ਚ ਕਿਸਾਨ ਆਗੂ ਜਗਤਾਰ ਸਿੰਘ ਬਾਜਵਾ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਇਕ ਔਰਤ ਨੂੰ ਵੀ ਨੋਟਿਸ ਮਿਲਿਆ ਹੈ, ਜੋ ਦਿੱਲੀ ’ਚ ਕੰਮ ਕਰਦੀ ਹੈ। ਅਜਿਹਾ ਸਿਰਫ਼ ਇਸ ਲਈ ਹੋਇਆ ਹੈ ਕਿਉਂਕਿ ਗਣਤੰਤਰ ਦਿਵਸ ਮੌਕੇ ਉਸ ਦਾ ਮੋਬਾਈਲ ਉਸੇ ਟਾਵਰ ਦੀ ਰੇਂਜ ’ਚ ਆਉਂਦਾ ਹੈ, ਜਿੱਥੇ ਕਿਸਾਨ ਅੰਦੋਲਨ ਕਰ ਰਹੇ ਸਨ। ਕਿਸਾਨ ਆਗੂਆਂ ਨੇ ਇਹ ਸਪੱਸ਼ਟ ਆਖ ਦਿੱਤਾ ਹੈ ਕਿ ਜਿਹੜੇ ਵੀ ਲੋਕਾਂ ਨੂੰ ਅਜਿਹੇ ਨੋਟਿਸ ਮਿਲੇ ਹਨ, ਉਨ੍ਹਾਂ ਨੂੰ ਗਿ੍ਰਫ਼ਤਾਰੀ ਦੇਣ ਤੋਂ ਇਨਕਾਰ ਕਰਨਾ ਚਾਹੀਦਾ ਹੈ। ਕਿਸਾਨਾਂ ਵੱਲੋਂ ਤੈਅ ਕੀਤਾ ਕਾਨੁੰਨੀ ਪੈਨਲ ਇਨ੍ਹਾਂ ਨੋਟਿਸਾਂ ਦਾ ਜਵਾਬ ਦੇਵੇਗਾ।
ਜਿਨ੍ਹਾਂ ਨੂੰ ਨੋਟਿਸ ਮਿਲੇ ਹਨ, ਉਨ੍ਹਾਂ ਨੂੰ ਇਹ ਅਪੀਲ ਵੀ ਕੀਤੀ ਗਈ ਹੈ ਕਿ ਉਹ ਕਿਸੇ ਵਕੀਲ ਦੀ ਮੌਜੂਦਗੀ ਤੋਂ ਬਗ਼ੈਰ ਕਦੇ ਵੀ ਕਿਸੇ ਜਾਂਚ ਵਿਚ ਸ਼ਾਮਲ ਨਾ ਹੋਣ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅਜਿਹੇ ਨੋਟਿਸ 100 ਤੋਂ ਵੱਧ ਕਿਸਾਨਾਂ ਨੂੰ ਮਿਲੇ ਹਨ। ਉਂਝ ਪੂਰੇ ਦੇਸ਼ ਦੇ 1,700 ਕਿਸਾਨਾਂ ਵਿਰੁੱਧ ਹਿੰਸਾ ਭੜਕਾਉਣ ਦੇ ਨੋਟਿਸ ਘੱਲੇ ਗਏ ਹਨ। ਕਿਸਾਨਾਂ ਨੇ ਦੱਸਿਆ ਕਿ ਪੰਜਾਬ ਤੋਂ 10 ਵਕੀਲਾਂ ਦਾ ਇਕ ਪੈਨਲ ਗ਼ਾਜ਼ੀਪੁਰ ਬਾਰਡਰ ’ਤੇ ਵੀਰਵਾਰ ਸ਼ਾਮ ਤੱਕ ਪੁੱਜ ਜਾਵੇਗਾ। ਕਿਸਾਨਾਂ ਨੇ ਗ਼ਾਜ਼ੀਪੁਰ ਬਾਰਡਰ ਦੀਆਂ ਸੜਕਾਂ ਖੋਲ੍ਹਣ ਦੀ ਅਪੀਲ ਵੀ ਕੀਤੀ ਹੈ।
ਦਿੱਲੀ ਪੁਲਿਸ ਵੱਲੋਂ ਤਲਬ ਕੀਤੇ ਕਈ ਲੋਕਾਂ ਦਾ 26 ਜਨਵਰੀ ਦੀ ਹਿੰਸਾ ਨਾਲ ਕੋਈ ਸਬੰਧ ਨਹੀਂ : ਸਿਰਸਾ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਜਿੱਥੇ ਦਿੱਲੀ ਗੁਰਦੁਆਰਾ ਕਮੇਟੀ ਗਿ੍ਰਫ਼ਤਾਰ ਕੀਤੇ ਗਏ ਨੌਜਵਾਨਾਂ ਨੂੰ ਜ਼ਮਾਨਤਾਂ ’ਤੇ ਰਿਹਾਅ ਕਰਵਾਉਣ ਲਈ ਪੱਬਾਂ ਭਾਰ ਹੈ, ਉਥੇ ਹੀ ਉਹ ਉਨ੍ਹਾਂ ਲੋਕਾਂ ਦੀਆਂ ਅਗਾਊਂ ਜ਼ਮਾਨਤਾਂ ਵੀ ਕਰਵਾ ਰਹੀ ਹੈ, ਜਿਨ੍ਹਾਂ ਖ਼ਿਲਾਫ਼ ਦਿੱਲੀ ਪੁਲਿਸ ਨੇ ਨੋਟਿਸ ਕੱਢੇ ਹਨ, ਕੇਸ ਦਰਜ ਕੀਤੇ ਹਨ, ਜਦਕਿ ਇਨ੍ਹਾਂ ਦਾ 26 ਜਨਵਰੀ ਦੀ ਕਥਿਤ ਹਿੰਸਾ ਨਾਲ ਕੋਈ ਸਬੰਧ ਨਹੀਂ ਹੈ।
ਸਿਰਸਾ ਨੇ ਦੱਸਿਆ ਕਿ ਜੋ ਨੌਜਵਾਨ ਜੇਲ੍ਹ ’ਚੋਂ ਰਿਹਾਅ ਹੋ ਰਹੇ ਹਨ, ਉਨ੍ਹਾਂ ’ਚ ਜਸਦੇਵ ਸਿੰਘ ਪੁੱਤਰ ਸੁਖਦੇਵ ਸਿੰਘ ਬੰਗੀ ਨਿਹਾਲ ਸਿੰਘ ਵਾਲਾ, ਮੱਖਣ ਸਿੰਘ ਪੁੱਤਰ ਬਲਵਿੰਦਰ ਸਿੰਘ, ਬਲਜਿੰਦਰ ਸਿੰਘ ਪੁੱਤਰ ਰਾਜਿੰਦਰ ਸਿੰਘ, ਗੁਰਪਿੰਦਰ ਸਿੰਘ ਪੁੱਤਰ ਬੂਟਾ ਸਿੰਘ, ਪਰਦੀਪ ਸਿੰਘ ਪੁੱਤਰ ਮੂਲ ਸਿੰਘ ਵਾਸੀ ਜਗਰਾਓਂ ਜ਼ਿਲਾ ਲੁਧਿਆਣਾ, ਹਰਪ੍ਰੀਤ ਸਿੰਘ ਪੁੱਤਰ ਇਕਬਾਲ ਸਿੰਘ ਫਿਰੋਜ਼ਪੁਰ, ਯਾਦਵਿੰਦਰ ਸਿੰਘ ਪੁੱਤਰ ਸਰਦੂਲ ਸਿੰਘ ਫਾਜ਼ਿਲਕਾ, ਗੁਰਪ੍ਰੀਤ ਸਿੰਘ ਪੁੱਤਰ ਜਸਪਾਲ ਸਿੰਘ ਫਾਜ਼ਿਲਕਾ ਅਤੇ ਵਿੱਕੀ ਪੁੱਤਰ ਠਾਕੁਰ ਸਿੰਘ ਮਾਨਸਾ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਉਪਰੋਕਤ ਵਿਅਕਤੀਆਂ ਤੋਂ ਇਲਾਵਾ ਦਿੱਲੀ ਗੁਰਦੁਆਰਾ ਕਮੇਟੀ ਉਨ੍ਹਾਂ ਲੋਕਾਂ ਲਈ ਵੀ ਅਗਾਊਂ ਜ਼ਮਾਨਤਾਂ ਹਾਸਲ ਕਰਨ ਵਾਸਤੇ ਕੇਸ ਲੜ ਰਹੀ ਹੈ, ਜਿਨ੍ਹਾਂ ਦਾ 26 ਜਨਵਰੀ ਦੇ ਮਾਮਲੇ ਨਾਲ ਕੋਈ ਸੰਬੰਧ ਨਹੀਂ ਪਰ ਪੁਲਿਸ ਉਨ੍ਹਾਂ ਨੂੰ ਨੋਟਿਸ ਭੇਜ ਕੇ ਤਲਬ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਵੀਰਵਾਰ ਨੂੰ ਵੀ ਇਕ ਕੇਸ ਵਿਚ ਅੰਮਿ੍ਰਤਪਾਲ ਸਿੰਘ ਨੂੰ ਮਾਣਯੋਗ ਜੱਜ ਨੇ ਅਗਾਊਂ ਜ਼ਮਾਨਤ ਦੇ ਦਿੱਤੀ, ਜਦਕਿ ਕੱਲ ਵੀ ਜੱਜ ਨੇ ਇਹ ਮੰਨਿਆ ਸੀ ਕਿ ਇਨ੍ਹਾਂ ਦੀ ਗਿ੍ਰਫ਼ਤਾਰੀ ਦੀ ਕੋਈ ਜ਼ਰੂਰਤ ਨਹੀਂ ਅਤੇ ਖੁਦ ਦਿੱਲੀ ਪੁਲਸ ਨੇ ਵੀ ਮੰਨਿਆ ਸੀ ਕਿ ਇਨ੍ਹਾਂ ਦੀ ਗਿ੍ਰਫ਼ਤਾਰੀ ਦੀ ਜ਼ਰੂਰਤ ਨਹੀਂ ਹੈ।
ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਮਾਮਲਿਆਂ ਤੋਂ ਇਲਾਵਾ ਪਹਿਲਾਂ ਗਿ੍ਰਫ਼ਤਾਰ ਕੀਤੇ ਗਏ ਵਿਅਕਤੀਆਂ ਵਿਚੋਂ ਵੀਰਵਾਰ ਨੂੰ 11 ਹੋਰ ਵਿਅਕਤੀਆਂ ਦੀਆਂ ਜ਼ਮਾਨਤਾਂ ਦੀਆਂ ਅਰਜ਼ੀਆਂ ਲੱਗ ਗਈਆਂ ਹਨ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਵੱਧ ਤੋਂ ਵੱਧ ਅਗਲੇ ਹਫ਼ਤੇ ਤੱਕ ਗਿ੍ਰਫ਼ਤਾਰ ਕੀਤੇ ਗਏ ਸਾਰੇ 120 ਵਿਅਕਤੀ ਜ਼ਮਾਨਤ ’ਤੇ ਰਿਹਾਅ ਹੋ ਜਾਣਗੇ ਅਤੇ ਦਿੱਲੀ ਗੁਰਦੁਆਰਾ ਕਮੇਟੀ ਆਪਣੇ ਇਸ ਮਿਸ਼ਨ ’ਚ ਸਫ਼ਲ ਹੋਵੇਗੀ।

Share