ਦਿੱਲੀ ਪੁਲਿਸ ਦੀਪ ਸਿੱਧੂ ਤੇ ਇਕਬਾਲ ਸਿੰਘ ਨੂੰ ਲੈ ਕੇ ਗਈ ਲਾਲ ਕਿਲ੍ਹੇ

416
ਇਕਬਾਲ ਸਿੰਘ ਨੂੰ ਲਾਲ ਕਿਲੇ ਲੈ ਕੇ ਪਹੁੰਚੀ ਹੋਈ ਦਿੱਲੀ ਪੁਲੀਸ।
Share

ਨਵੀਂ ਦਿੱਲੀ, 14 ਫਰਵਰੀ (ਪੰਜਾਬ ਮੇਲ)- ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਅਦਾਕਾਰ ਦੀਪ ਸਿੱਧੂ ਤੇ ਬੀਤੇ ਦਿਨੀਂ ਗਿ੍ਰਫ਼ਤਾਰ ਕੀਤੇ ਗਏ ਇਕਬਾਲ ਸਿੰਘ ਨੂੰ ਲਾਲ ਕਿਲੇ ਲੈ ਕੇ ਗਈ। ਪੁਲੀਸ ਨੇ 26 ਜਨਵਰੀ ਨੂੰ ਵਾਪਰੀ ਹਿੰਸਾ ਤੇ ਲਾਲ ਕਿਲ੍ਹੇ ਦੀ ਘਟਨਾ ਦੇ ਮਾਮਲੇ ’ਚ ਦੀਪ ਸਿੱਧੂ ਤੇ ਇਕਬਾਲ ਸਿੰਘ ਨੂੰ ਗਿ੍ਰਫ਼ਤਾਰ ਕੀਤਾ ਹੈ ਅਤੇ ਅਪਰਾਧ ਸ਼ਾਖਾ ਤੇ ਵਿਸ਼ੇਸ਼ ਸੈੱਲ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਿੱਧੂ ਤੇ ਇਕਬਾਲ ਸਿੰਘ ਨੂੰ ਉਸ ਥਾਂ ਲਿਜਾਇਆ ਗਿਆ ਜਿੱਥੇ ਲਾਲ ਕਿਲੇ ਦੀ ਫਸੀਲ ਉੱਪਰ ਝੰਡਾ ਝੁਲਾਇਆ ਗਿਆ ਸੀ ਤੇ ਮੌਕਾ-ਏ-ਵਾਰਦਾਤ ਦਾ ਦਿ੍ਰਸ਼ ਮੁੜ ਸਿਰਜ ਕੇ ਸ਼ਾਖਾ ਵੱਲੋਂ ਸਾਰੇ ਘਟਨਾਕ੍ਰਮ ਸਮਝਣ ਦੀ ਕੋਸ਼ਿਸ਼ ਕੀਤੀ ਗਈ। ਅਧਿਕਾਰੀ ਮੁਤਾਬਕ ਮਾਮਲੇ ਦੀ ਜਾਂਚ ਕਰਨ ਵਾਲੀ ਟੀਮ ਵੱਲੋਂ ਮਾਮਲੇ ਨਾਲ ਜੁੜੇ ਕੁਝ ਪਹਿਲੂਆਂ ਤੇ ਇਸ ਇਤਿਹਾਸਕ ਕਿਲ੍ਹੇ ’ਚ ਸਾਰਾ ਘਟਨਾਕ੍ਰਮ ਵਾਪਰਨ ਬਾਰੇ ਤੇ ਹਾਲਤਾਂ ਦਾ ਪਤਾ ਲਾਉਣ ਅਤੇ ਉਨ੍ਹਾਂ ਦੀ ਪੁਸ਼ਟੀ ਕਰਨ ਲਈ ਮੌਕੇ ਦਾ ਮੁਆਇਨਾ ਕੀਤਾ। ਦਿੱਲੀ ਪੁਲਿਸ ਨੇ ਦੀਪ ਸਿੱਧੂ ਨੂੰ ਗਿ੍ਰਫ਼ਤਾਰ ਕਰਨ ਮਗਰੋਂ ਕਿਹਾ ਸੀ ਕਿ ਲਾਲ ਕਿਲ੍ਹੇ ਦੀਆਂ ਘਟਨਾਵਾਂ ਵਿਚ ਦੀਪ ਦੀ ਅਹਿਮ ਭੂਮਿਕਾ ਸੀ ਤੇ ਉਸ ਦੀਆਂ ਵੀਡੀਓਜ਼ ਜਨਤਕ ਹਨ। ਉਹ 7 ਦਿਨਾਂ ਦੇ ਰਿਮਾਂਡ ’ਤੇ ਹੈ। ਪੁਲਿਸ ਨੇ ਦੱਸਿਆ ਕਿ ਸਿੱਧੂ ਇਸ ਘਟਨਾ ਪਿੱਛੇ ਮੁੱਖ ਚਿਹਰਾ ਸੀ। ਉਨ੍ਹਾਂ ਕਿਹਾ ਕਿ ਪੁਲਿਸ ਸਿੱਧੂ ਕੋਲੋਂ ਉਨ੍ਹਾਂ ਦੇ ਇੱਥੇ ਪਹੁੰਚਣ ਵਾਲੇ ਰਸਤੇ ਤੇ ਲਾਲ ਕਿਲ੍ਹੇ ’ਤੇ ਵਾਪਰੀ ਹਿੰਸਾ ਬਾਰੇ ਜਾਣਕਾਰੀ ਹਾਸਲ ਕਰ ਰਹੀ ਹੈ।
ਦਿੱਲੀ ਪੁਲਿਸ ਨੇ 26 ਜਨਵਰੀ ਨੂੰ ਦਿੱਲੀ ਦੇ ਬਾਹਰੀ ਇਲਾਕੇ ਬੁਰਾੜੀ ’ਚ ਵਾਪਰੀਆਂ ਘਟਨਾਵਾਂ ਦੇ ਸਿਲਸਿਲੇ ’ਚ 3 ਹੋਰ ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਗਿ੍ਰਫ਼ਤਾਰ ਕੀਤੇ ਗਏ ਲੋਕਾਂ ਦੀ ਪਛਾਣ ਸੁਖਮੀਤ ਸਿੰਘ (35), ਗੁਣਦੀਪ ਸਿੰਘ (33) ਤੇ ਹਰਵਿੰਦਰ ਸਿੰਘ (32) ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਗਣਤੰਤਰ ਦਿਵਸ ਹਿੰਸਾ ਦੇ ਮਾਮਲੇ ’ਚ ਹੁਣ ਤੱਕ 14 ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਜਾ ਚੁੱਕਾ ਹੈ।

Share