ਦਿੱਲੀ ਨਗਰ ਨਿਗਮ ਵਿੱਚ ‘ਆਪ’ ਦੀ ਵੱਡੀ ਜਿੱਤ

55
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ। ਉਨ੍ਹਾਂ ਨਾਲ ‘ਆਪ’ ਆਗੂ ਭਗਵੰਤ ਮਾਨ ਵੀ ਹਨ।

ਨਵੀਂ ਦਿੱਲੀ,  8 ਦਸੰਬਰ (ਪੰਜਾਬ ਮੇਲ)-  ਆਮ ਆਦਮੀ ਪਾਰਟੀ (ਆਪ) ਨੇ ਦਿੱਲੀ ਨਗਰ ਨਿਗਮ ਵਿੱਚ ਭਾਜਪਾ ਦੀ 15 ਸਾਲ ਦੀ ਸੱਤਾ ਨੂੰ ਖ਼ਤਮ ਕਰਦੇ ਹੋਏ ਕੁੱਲ 250 ਵਾਰਡਾਂ ਵਿੱਚੋਂ 134 ਵਿੱਚ ਜਿੱਤ ਦੇ ਝੰਡੇ ਗੱਡੇ ਹਨ। ਭਾਜਪਾ ਨੂੰ 104 ਵਾਰਡਾਂ ਵਿੱਚ ਜਿੱਤ ਮਿਲੀ ਹੈ ਤੇ ਕਾਂਗਰਸ ਸਿਰਫ਼ 9 ਵਾਰਡਾਂ ’ਚ ਸਿਮਟ ਕੇ ਰਹਿ ਗਈ ਹੈ ਜਦੋਂ ਕਿ 3 ਆਜ਼ਾਦ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ, ਜਿਨ੍ਹਾਂ ਵਿੱਚ ਉੱਤਰ-ਪੂਰਬੀ ਦਿੱਲੀ ਦੇ ਸੀਲਮਪੁਰ ਤੋਂ ਸ਼ਕੀਲਾ ਬੇਗ਼ਮ ਵੀ ਸ਼ਾਮਲ ਹੈ। ਨਿਗਮ ਚੋਣਾਂ ਲਈ 42 ਕੇਂਦਰਾਂ ਵਿੱਚ ਹੋਈ ਗਿਣਤੀ ਦੌਰਾਨ ‘ਆਪ’ ਨੇ ਬਹੁਮਤ ਲਈ ਲੋੜੀਂਦਾ 126 ਦਾ ਅੰਕੜਾ ਬਾਅਦ ਦੁਪਹਿਰ ਪਾਰ ਕਰ ਲਿਆ ਸੀ। ਹਾਲਾਂਕਿ ਵੋਟਾਂ ਦੀ ਗਿਣਤੀ ਦੌਰਾਨ ਸ਼ੁਰੂਆਤੀ ਰੁਝਾਨਾਂ ਵਿੱਚ ਭਾਜਪਾ ਅੱਗੇ ਨਿਕਲਦੀ ਦਿਖਾਈ ਦਿੱਤੀ ਸੀ। ਚੋਣ ਸਰਵੇਖਣਾਂ ਵਿੱਚ ਦਿੱਲੀ ਐੱਮਸੀਡੀ ਚੋਣਾਂ ’ਚ ਭਾਜਪਾ ਨੂੰ ਵੱਡੀ ਹਾਰ ਮਿਲਣ ਦੀ ਸੰਭਾਵਨਾ ਜਤਾਈ ਗਈ ਸੀ, ਪਰ ਭਗਵਾਂ ਪਾਰਟੀ 104 ਵਾਰਡਾਂ ’ਤੇ ਜਿੱਤ ਦਰਜ ਕਰਨ ਵਿੱਚ ਕਾਮਯਾਬ ਰਹੀ। ਐੱਮਸੀਡੀ ਚੋਣਾਂ ਵਿੱਚ 50.48 ਫੀਸਦੀ ਵੋਟਿੰਗ ਹੋਈ ਸੀ। ਇਸ ਸਾਲ ਦੇ ਸ਼ੁਰੂ ਵਿੱਚ ਦਿੱਲੀ ਨਗਰ ਨਿਗਮ ਦੇ ਮੁੜ ਏਕੀਕਰਨ ਤੋਂ ਬਾਅਦ ਇਹ ਪਹਿਲੀ ਚੋਣ ਸੀ। ਪੰਜ ਸਾਲ ਪਹਿਲਾਂ ਭਾਜਪਾ ਨੇ 270 ਮਿਉਂਸਿਪਲ ਵਾਰਡਾਂ ਵਿੱਚੋਂ 181 ਜਿੱਤੇ ਸਨ, ਜਦੋਂ ਕਿ ‘ਆਪ’ ਦੇ ਹਿੱਸੇ 48 ਵਾਰਡ ਆੲੇ ਸਨ। ਕਾਂਗਰਸ ਉਦੋਂ 30 ਵਾਰਡਾਂ ਨਾਲ ਤੀਜੇ ਸਥਾਨ ’ਤੇ ਰਹੀ ਸੀ।

ਸਰਕਾਰ ਮਗਰੋਂ ਹੁਣ ਨਗਰ ਨਿਗਮ ਦੀ ਕਮਾਨ ਸੰਭਾਲਣ ਜਾ ਰਹੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੋਣ ਨਤੀਜਿਆਂ ਮਗਰੋਂ ਪਾਰਟੀ ਹੈੱਡਕੁਆਟਰ ਦੀ ਛੱਤ ਤੋਂ ‘ਆਪ’ ਕਾਰਕੁਨਾਂ ਤੇ ਆਗੂਆਂ ਨੂੰ ਸੰਬੋਧਨ ਕੀਤਾ। ਸ੍ਰੀ ਕੇਜਰੀਵਾਲ ਨੇ ਭਾਜਪਾ ਤੇ ਕੇਂਦਰ ਸਰਕਾਰ ਖ਼ਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਲੀ ਠੀਕ ਕਰਨ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ‘‘ਮੈਂ ਨਿਗਮ ਚੋਣਾਂ ਵਿੱਚ ਮਿਲੀ ਜਿੱਤ ਲਈ ਦਿੱਲੀ ਦੇ ਲੋਕਾਂ ਨੂੰ ਵਧਾਈ ਦਿੰਦਾ ਹਾਂ ਤੇ ਬਦਲਾਅ ਲਿਆਉਣ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਅਸੀਂ ਦਿੱਲੀ ਦੇ ਲੋਕਾਂ ਵੱਲੋਂ ਦਿੱਤੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕੀਤਾ ਹੈ। ਮੈਂ ਹੁਣ ਦਿੱਲੀ ਲਈ ਕੰਮ ਕਰਨ ਲਈ ਭਾਜਪਾ ਤੇ ਕਾਂਗਰਸ ਦਾ ਸਹਿਯੋਗ ਚਾਹੁੰਦਾ ਹਾਂ। ਮੈਂ ਕੇਂਦਰ ਨੂੰ ਅਪੀਲ ਕਰਦਾ ਹਾਂ ਅਤੇ ਦਿੱਲੀ ਨੂੰ ਬਿਹਤਰ ਬਣਾਉਣ ਲਈ ਪ੍ਰਧਾਨ ਮੰਤਰੀ ਦਾ ਆਸ਼ੀਰਵਾਦ ਮੰਗਦਾ ਹਾਂ। ਅਸੀਂ ਐੱਮਸੀਡੀ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣਾ ਹੈ। ਅੱਜ ਦਿੱਲੀ ਦੇ ਲੋਕਾਂ ਨੇ ਸਾਰੀ ਕੌਮ ਨੂੰ ਇੱਕ ਸੰਦੇਸ਼ ਦਿੱਤਾ ਹੈ।’’ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਚ ਸਕੂਲਾਂ ਅਤੇ ਹਸਪਤਾਲਾਂ ਦੇ ਮੁੱਦਿਆਂ ’ਤੇ ‘ਆਪ’ ਦੀ ਇਹ ਚੌਥੀ ਜਿੱਤ ਹੈ। ਪਾਰਟੀ ਨੇ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਸਕਾਰਾਤਮਕ ਮੁਹਿੰਮ ਚਲਾਈ ਹੈ, ਸਾਨੂੰ ਇਸ ‘ਸਕਾਰਾਤਮਕ’ ਰਾਜਨੀਤੀ ਨੂੰ ਅੱਗੇ ਵਧਾਉਣਾ ਹੋਵੇਗਾ।’’ ਇਸ ਮੌਕੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸਨ। ਸਿਸੋਦੀਆ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਫ਼ਤਵਾ ਦਿੱਤਾ ਹੈ। ਉਨ੍ਹਾਂ ਕਿਹਾ, ‘‘ਦਿੱਲੀ ਦੇ ਲੋਕਾਂ ਨੇ ਕੇਜਰੀਵਾਲ ਨੂੰ ਜਿਤਾਉਣ ਦਾ ਹੀ ਨਹੀਂ ਬਲਕਿ ਭਾਜਪਾ ਨੂੰ ਐੱਮਸੀਡੀ ਤੋਂ ਬਾਹਰ ਕਰਨ ਦਾ ਫ਼ਤਵਾ ਦਿੱਤਾ ਹੈ। ਇਹ ਸਿਰਫ਼ ਵੱਡੀ ਜਿੱਤ ਨਹੀਂ ਬਲਕਿ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਦੀ ਵੱਡੀ ਜ਼ਿੰਮੇਵਾਰੀ ਹੈ।’’ ਉਧਰ ‘ਆਪ’ ਦੇ ਰਾਊਸ ਐਵੇਨਿਊ ਸਥਿਤ ਦਫ਼ਤਰ ਦੇ ਬਾਹਰ ਇਕੱਠੇ ਹੋਏ ਪਾਰਟੀ ਵਰਕਰਾਂ ਨੇ ਢੋਲ ਦੇ ਡਗੇ ’ਤੇ ਨੱਚ ਟੱਪ ਕੇ ਪਾਰਟੀ ਦੀ ਜਿੱਤ ਦਾ ਜਸ਼ਨ ਮਨਾਇਆ ਤੇ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਦੇ ਹੱਕ ਵਿੱਚ ਨਾਅਰੇ ਲਾਏ। ਪਾਰਟੀ ਦਾ ਝੰਡਾ ਚੁੱਕੀ ਹਮਾਇਤੀਆਂ ਨੇ ਮਠਿਆਈਆਂ ਵੀ ਵੰਡੀਆਂ। ਇਸ ਮੌਕੇ ਪਾਰਟੀ ਦਫ਼ਤਰ ਵਿੱਚ ਆਪ ਆਗੂ ਤੇ ਮੰਤਰੀ ਗੋਪਾਲ ਰਾਏ, ਆਤਿਸ਼ੀ ਤੇ ਦੁਰਗੇਸ਼ ਪਾਠਕ ਮੌਜੂਦ ਸਨ। ਕਾਬਿਲੇਗੌਰ ਹੈ ਕਿ ਵੋਟਾਂ ਦੀ ਗਿਣਤੀ ਮੌਕੇ ਸ਼ੁਰੂਆਤੀ ਰੁਝਾਨਾਂ ਵਿੱਚ ਲਗਪਗ ਇਕ-ਡੇਢ ਘੰਟੇ ਤੱਕ ਭਾਜਪਾ ਕਿਤੇ ਅੱਗੇ ਸੀ, ਪਰ ਹੌਲੀ ਹੌਲੀ ਰੁਝਾਨਾਂ ਵਿੱਚ ‘ਆਪ’ ਉਮੀਦਵਾਰਾਂ ਨੂੰ ਲੀਡ ਮਿਲਣ ਲੱਗੀ, ਜੋ ਆਖਰੀ ਨਤੀਜੇ ਐਲਾਨੇ ਜਾਣ ਤੱਕ ਜਾਰੀ ਰਹੀ। ‘ਆਪ’ ਆਗੂ ਰਾਘਵ ਚੱਢਾ ਨੇ ਕਿਹਾ, ‘‘ਭਾਜਪਾ ਨੂੰ ਅੱਜ ਜਵਾਬ ਮਿਲ ਗਿਆ ਹੈ ਕਿ ਦਿੱਲੀ ਦੇ ਲੋਕ ਕੰਮ ਕਰਨ ਵਾਲਿਆਂ ਨੂੰ ਵੋਟ ਪਾਉਂਦੇ ਹਨ, ਨਾ ਕਿ ਉਨ੍ਹਾਂ ਨੂੰ ਜੋ ਬਦਨਾਮ ਕਰਦੇ ਹਨ। ਭਾਜਪਾ ਨੇ ਆਪਣੇ ਸੰਸਦ ਮੈਂਬਰਾਂ, ਮੰਤਰੀਆਂ, ਸੀਬੀਆਈ ਤੇ ਈਡੀ ਨੂੰ ਮੈਦਾਨ ਵਿੱਚ ਉਤਾਰਿਆ, ਪਰ ਦਿੱਲੀ ਦੇ ਲੋਕਾਂ ਨੇ ਫਿਰ ਵੀ ‘ਆਪ’ ਨੂੰ ਵੋਟ ਪਾਈ। ਲੋਕਾਂ ਨੇ ਭਾਜਪਾ ਵੱਲੋਂ ਕੇਜਰੀਵਾਲ ’ਤੇ ਲਾਏ ਦੋਸ਼ਾਂ ਦਾ ਢੁੱਕਵਾਂ ਜਵਾਬ ਦਿੱਤਾ ਹੈ। ਅਸੀਂ ਦਿੱਲੀ ਨੂੰ ਵਿਸ਼ਵ ਦਾ ਸਭ ਤੋਂ ਖ਼ੂਬਸੂਰਤ ਸ਼ਹਿਰ ਬਣਾਵਾਂਗੇ।’’ ਉਧਰ ‘ਆਪ’ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਕਿਹਾ ਕਿ ਦਸ ਸਾਲ ਪੁਰਾਣੀ ਪਾਰਟੀ ਵੱਲੋਂ ਦੇਸ਼ ਦੀ ਸਭ ਤੋਂ ਵੱਡੀ ਪਾਰਟੀ (ਭਾਜਪਾ) ਨੂੰ ਉਨ੍ਹਾਂ ਦੇ ਗੜ੍ਹ ਵਿੱਚ ਦਿੱਤੀ ‘ਹਾਰ’ ਤੋਂ ਸਾਫ਼ ਹੈ ਕਿ ‘‘ਆਪ ਕੱਟੜ ਈਮਾਨਦਾਰ ਪਾਰਟੀ ਹੈ।’’