ਦਿੱਲੀ ਦੰਗੇ : ਨਾਲਿਆਂ ‘ਚੋਂ ਮਿਲ ਰਹੀਆਂ ਲਾਸ਼ਾਂ

744

ਹੁਣ ਤੱਕ 46 ਲੋਕਾਂ ਨੇ ਗਵਾਈ ਜਾਨ

ਨਵੀਂ ਦਿੱਲੀ, 2 ਮਾਰਚ (ਪੰਜਾਬ ਮੇਲ)-  ਦਿੱਲੀ ‘ਚ ਹਿੰਸਾ ਦਾ ਦੌਰ ਰੁਕ ਗਿਆ ਹੈ ਪਰ ਹੁਣ ਕਾਰਵਾਈ ਦਾ ਦੌਰ ਜਾਰੀ ਹੈ। ਉੱਤਰ-ਪੂਰਬੀ ਦਿੱਲੀ ‘ਚ ਹੋਈ ਹਿੰਸਾ ਦੇ ਮਾਮਲੇ ‘ਚ ਹੁਣ ਤੱਕ 334 ਐੱਫ.ਆਈ.ਆਰ. ਦਰਜ ਕੀਤੇ ਜਾ ਚੁਕੇ ਹਨ। ਇਸ ਦੇ ਨਾਲ ਹੀ ਹਾਲੇ ਤੱਕ 33 ਲੋਕਾਂ ਨੂੰ ਗ੍ਰਿਫਤਾਰ ਅਤੇ 903 ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ‘ਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ। ਅਫਵਾਹ ਫੈਲਾਉਣ ਦੇ ਮਾਮਲੇ ‘ਚ 13 ਕੇਸ ਦਰਜ ਕੀਤੇ ਗਏ ਹਨ। ਆਰਮਜ਼ ਐਕਟ ਦੇ 44 ਕੇਸ ਦਰਜ ਕੀਤੇ ਗਏ। ਹਿੰਸਾ ਦੀ ਲਪੇਟ ‘ਚ ਆਉਣ ਨਾਲ ਹੁਣ ਤੱਕ 46 ਲੋਕਾਂ ਦੀ ਮੌਤ ਹੋ ਚੁਕੀ ਹੈ। ਹਾਲੇ ਵੀ ਕਈ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਇਸ ‘ਚ ਗੁਰੂ ਤੇਗ ਬਹਾਦਰ ਹਸਪਤਾਲ ‘ਚ 38, ਲੋਕ ਨਾਇਕ ਹਸਪਤਾਲ ‘ਚ 3, ਜਗ ਪਰਵੇਸ਼ ਚੰਦਰ ਹਸਪਤਾਲ ‘ਚ ਇਕ ਅਤੇ ਡਾਕਟਰ ਰਾਮ ਮਨੋਹਰ ਲੋਹੀਆ ਹਸਪਤਾਲ ‘ਚ 4 ਲੋਕਾਂ ਦੀ ਮੌਤ ਹੋਈ ਹੈ।

ਇਸ ਦਰਮਿਆਨ ਦਿੱਲੀ ਵਾਲਿਆਂ ਨੇ ਐਤਵਾਰ ਦੀ ਰਾਤ ਬੇਚੈਨੀ ਅਤੇ ਡਰ ‘ਚ ਕੱਟੀ। ਦੇਰ ਸ਼ਾਮ ਅਚਾਨਕ ਦਿੱਲੀ ਦੇ ਕੁਝ ਇਲਾਕਿਆਂ ‘ਚ ਹਿੰਸਾ ਦੀ ਅਫਵਾਹ ਉੱਡੀ, ਜਿਸ ਨੇ ਦੇਖਦੇ ਹੀ ਦੇਖਦੇ ਕਈ ਇਲਾਕਿਆਂ ਨੂੰ ਆਪਣੀ ਲਪੇਟ ‘ਚ ਲੈ ਲਿਆ। ਖਾਸ ਤੌਰ ‘ਤੇ ਪੱਛਮੀ ਦਿੱਲੀ ਦੇ ਇਲਾਕਿਆਂ ‘ਚ ਇਸ ਅਫਵਾਹ ਨਾਲ ਭੱਜ-ਦੌੜ ਮਚ ਗਈ। ਤਿਲਕ ਨਗਰ, ਸੁਭਾਸ਼ ਨਗਰ ਤੋਂ ਲੈ ਕੇ ਸਰਿਤਾ ਵਿਹਾਰ ਅਤੇ ਬਦਰਪੁਰ ਤੱਕ ਝੂਠੀ ਖਬਰ ਫੈਲ ਗਈ ਕਿ ਦਿੱਲੀ ਦੇ ਕਈ ਇਲਾਕਿਆਂ ‘ਚ 2 ਧਿਰਾਂ ਦਰਮਿਆਨ ਹਿੰਸਾ ਹੋਈ ਹੈ।