ਦਿੱਲੀ ਦੰਗਿਆਂ ਦੇ ਮਾਮਲੇ ’ਚ ਪਹਿਲੀ ਸਜ਼ਾ: ਅਦਾਲਤ ਵੱਲੋਂ ਘਰ ਸਾੜਨ ਤੇ ਲੁੱਟਣ ਵਾਲੇ ਨੂੰ 5 ਸਾਲ ਦੀ ਕੈਦ

281
Share

ਨਵੀਂ ਦਿੱਲੀ, 21 ਜਨਵਰੀ (ਪੰਜਾਬ ਮੇਲ)- ਦਿੱਲੀ ਦੀ ਅਦਾਲਤ ਨੇ ਫਰਵਰੀ 2020 ਦੇ ਦੰਗਿਆਂ ਦੇ ਸਬੰਧ ਵਿਚ ਦੋਸ਼ੀ ਕਰਾਰ ਦਿੱਤੇ ਦਿਨੇਸ਼ ਯਾਦਵ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ। ਪਿਛਲੇ ਮਹੀਨੇ ਵਧੀਕ ਸੈਸ਼ਨ ਜੱਜ ਵਰਿੰਦਰ ਭੱਟ ਨੇ ਉਸ ਨੂੰ ਘਰ ਨੂੰ ਅੱਗ ਲਾਉਣ ਵਾਲੀ ਦੰਗਾਕਾਰੀ ਭੀੜ ਦਾ ਹਿੱਸਾ ਹੋਣ ਦਾ ਦੋਸ਼ੀ ਠਹਿਰਾਇਆ ਸੀ। ਦੰਗਿਆਂ ਦੇ ਮਾਮਲਿਆਂ ਵਿਚ ਇਹ ਪਹਿਲੀ ਸਜ਼ਾ ਹੈ। ਮੁਕੱਦਮੇ ਦੌਰਾਨ ਉਸ ਦੀ ਵਕੀਲ ਸ਼ਿਖਾ ਗਰਗ ਨੇ ਦੱਸਿਆ ਕਿ ਯਾਦਵ ਨੂੰ 12,000 ਰੁਪਏ ਦਾ ਜੁਰਮਾਨਾ ਅਦਾ ਕਰਨ ਦਾ ਵੀ ਨਿਰਦੇਸ਼ ਦਿੱਤਾ ਗਿਆ ਹੈ। ਸਜ਼ਾ ਬਾਰੇ ਵਿਸਥਾਰਿਤ ਹੁਕਮ ਦੀ ਉਡੀਕ ਹੈ। ਇਸਤਗਾਸਾ ਪੱਖ ਅਨੁਸਾਰ ਯਾਦਵ ਦੰਗਾਕਾਰੀ ਭੀੜ ਦਾ ਹਿੱਸਾ ਸੀ ਅਤੇ ਉਸ ਨੇ 25 ਫਰਵਰੀ ਦੀ ਰਾਤ ਨੂੰ ਮਨੋਰੀ ਨਾਮ ਦੀ 73 ਸਾਲਾ ਔਰਤ ਦੇ ਘਰ ਨੂੰ ਭੰਨਤੋੜ ਕਰਨ ਅਤੇ ਅੱਗ ਲਗਾਉਣ ਵਿਚ ਹਿੱਸਾ ਲਿਆ ਸੀ। ਮਨੋਰੀ ਨੇ ਦੋਸ਼ ਲਾਇਆ ਸੀ ਕਿ ਕਰੀਬ 150-200 ਦੰਗਾਕਾਰੀਆਂ ਦੀ ਭੀੜ ਨੇ ਉਸ ਦੇ ਘਰ ’ਤੇ ਹਮਲਾ ਕਰ ਦਿੱਤਾ, ਜਦੋਂ ਉਸ ਦਾ ਪਰਿਵਾਰ ਮੌਜੂਦ ਨਹੀਂ ਸੀ ਅਤੇ ਸਾਰਾ ਸਾਮਾਨ ਅਤੇ ਇਥੋਂ ਤੱਕ ਕਿ ਮੱਝਾਂ ਵੀ ਲੁੱਟ ਲਈਆਂ। 25 ਸਾਲਾ ਯਾਦਵ ਨੂੰ 8 ਜੂਨ 2020 ਨੂੰ ਗਿ੍ਰਫਤਾਰ ਕੀਤਾ ਗਿਆ ਸੀ। ਫਰਵਰੀ 2020 ਵਿਚ ਉੱਤਰ-ਪੂਰਬੀ ਦਿੱਲੀ ਵਿਚ ਫਿਰਕੂ ਝੜਪਾਂ ਵਿਚ ਘੱਟੋ-ਘੱਟ 53 ਲੋਕ ਮਾਰੇ ਗਏ ਸਨ ਅਤੇ 700 ਤੋਂ ਵੱਧ ਜ਼ਖਮੀ ਹੋ ਗਏ ਸਨ।

Share