ਦਿੱਲੀ ਦੀ ਕਿਸਾਨ ਪਰੇਡ ਲਈ ਜ਼ੋਰਦਾਰ ਤਿਆਰੀਆਂ; ਦੇਸ਼-ਵਿਦੇਸ਼ ਦੇ ਲੋਕਾਂ ‘ਚ ਦਿਲਚਸਪੀ

499
Share

ਨਵੀਂ ਦਿੱਲੀ, 25 ਜਨਵਰੀ (ਪੰਜਾਬ ਮੇਲ)- 26 ਜਨਵਰੀ ਨੂੰ ਇਤਿਹਾਸ ਰਚਣ ਜਾ ਰਹੀ ਟਰੈਕਟਰ ਪਰੇਡ ‘ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ। ਦਿੱਲੀ ਦੀ ਆਊਟਰ ਰਿੰਗ ਰੋਡ ‘ਤੇ ਹੋਣ ਵਾਲੀ ਕਿਸਾਨ ਟਰੈਕਟਰ ਪਰੇਡ ਨੂੰ ਲੈ ਕੇ ਦੇਸ਼-ਵਿਦੇਸ਼ ਦੇ ਲੋਕਾਂ ਦੀ ਦਿਲਚਸਪੀ ਦੱਸੀ ਜਾ ਰਹੀ ਹੈ। ਕਿਸਾਨ ਆਗੂਆਂ ਦਾ ਦਾਅਵਾ ਹੈ ਕਿ ਪੰਜਾਬ ਤੇ ਹਰਿਆਣਾ ਸਮੇਤ ਹੋਰਨਾਂ ਰਾਜਾਂ ਦੇ ਕਿਸਾਨਾਂ ‘ਚ ਟਰੈਕਟਰ ਪਰੇਡ ਨੂੰ ਲੈ ਕੇ ਜਿਸ ਤਰ੍ਹਾਂ ਦਾ ਜੋਸ਼ ਉਬਾਲੇ ਮਾਰ ਰਿਹਾ ਹੈ ਤੇ ਲੰਬੇ-ਲੰਬੇ ਜਾਮ ਲੱਗ ਰਹੇ ਹਨ ਉਸ ਤੋਂ ਲੱਗਦਾ ਹੈ ਕਿ ਵੱਡੀ ਗਿਣਤੀ ਕਿਸਾਨਾਂ ਦਾ ਟਰੈਕਟਰ ਪਰੇਡ ‘ਚ ਪੁੱਜਣਾ ਮੁਸ਼ਕਿਲ ਹੈ ਤੇ ਉਨ੍ਹਾਂ ਵਲੋਂ ਜੀ. ਟੀ. ਰੋਡ ‘ਤੇ ਹੀ ਪਰੇਡ ਕੀਤੀ ਜਾਵੇਗੀ ਪਰ ਇਸ ਦੇ ਬਾਵਜੂਦ ਲੱਖਾਂ ਦੀ ਗਿਣਤੀ ‘ਚ ਟਰੈਕਟਰ ਦਿੱਲੀ ਦੇ ਬਾਰਡਰਾਂ ‘ਤੇ ਪੁੱਜ ਚੁੱਕੇ ਹਨ। ਸੰਘਣੀ ਧੁੰਦ ਅਤੇ ਕੋਹਰੇ ਨੂੰ ਚੀਰਦੇ ਹੋਏ ਟਰੈਕਟਰ ਹਾਈਵੇ ‘ਤੇ ਲਗਾਤਾਰ ਦਿੱਲੀ ਵੱਲ ਵਧ ਰਹੇ ਹਨ। ਇਕੱਠ ‘ਚ ਨੌਜਵਾਨਾਂ ਦਾ ਜੋਸ਼ ਜਿੱਥੇ ਕਿਸਾਨਾਂ ਦਾ ਹੌਸਲਾ ਵਧਾ ਰਿਹਾ ਹੈ, ਉੱਥੇ ਵੱਡੀ ਗਿਣਤੀ ‘ਚ ਬੱਚਿਆਂ ਸਮੇਤ ਪੁੱਜੀਆਂ ਬੀਬੀਆਂ ਵੀ ਇਸ ਸੰਘਰਸ਼ ‘ਚ ਕਿਸਾਨਾਂ ਦਾ ਡੱਟ ਕੇ ਸਾਥ ਦੇ ਰਹੀਆਂ ਹਨ। ਅੰਦੋਲਨ ‘ਚ ਹਰ ਉਮਰ ਵਰਗ ਦੇ ਕਿਸਾਨਾਂ ਤੋਂ ਇਲਾਵਾ ਸਮਾਜ ਦੇ ਹਰ ਵਰਗ ਦੇ ਲੋਕਾਂ ਦੀ ਸ਼ਮੂਲੀਅਤ ਨੇ ਵੀ ਇਸ ਅੰਦੋਲਨ ਨੂੰ ਵਿਲੱਖਣ ਬਣਾ ਦਿੱਤਾ ਹੈ।
ਗਣਤੰਤਰ ਦਿਵਸ ਮੌਕੇ ਦਿੱਲੀ ‘ਚ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਨੂੰ ਲੈ ਕੇ ਕਿਸਾਨਾਂ ਨੇ ਜ਼ੋਰਦਾਰ ਤਿਆਰੀ ਖਿੱਚੀ ਹੋਈ ਹੈ ਤੇ ਪਰੇਡ ਦੇ ਰਸਤਿਆਂ ਦੀ ਨਿਸ਼ਾਨਦੇਹੀ ਤੋਂ ਬਾਅਦ ਪਰੇਡ ਦੀ ਪੂਰੀ ਰੂਪ-ਰੇਖਾ ਤਿਆਰ ਕੀਤੀ ਜਾ ਰਹੀ ਹੈ। ਪਰੇਡ ਨੂੰ ਸ਼ਾਂਤਮਈ ਅਤੇ ਜ਼ਾਬਤੇ ‘ਚ ਰੱਖਣ ਲਈ ਕਰੀਬ ਤਿੰਨ ਹਜ਼ਾਰ ਦੇ ਕਰੀਬ ਵਿਸ਼ੇਸ਼ ਵਰਦੀਧਾਰੀ ਵਲੰਟੀਅਰ ਤਾਇਨਾਤ ਕੀਤੇ ਜਾਣ ਦੀ ਯੋਜਨਾ ਹੈ। ਪਰੇਡ ‘ਚ ਸ਼ਾਮਿਲ ਹੋਣ ਵਾਲੇ ਟਰੈਕਟਰ ਦੋ ਜਾਂ ਤਿੰਨ ਲਾਈਨਾਂ ‘ਚ ਚੱਲਣਗੇ ਅਤੇ ਇਕ ਲਾਈਨ ਐਮਰਜੈਂਸੀ ਸੇਵਾਵਾਂ ਲਈ ਖਾਲੀ ਛੱਡੀ ਜਾਵੇਗੀ | ਇਸ ਦੌਰਾਨ ਪਰੇਡ ਦੇ ਨਾਲ 20 ਦੇ ਕਰੀਬ ਐਾਬੂਲੈਂਸਾਂ ਤੇ ਡਾਕਟਰਾਂ ਦੀਆਂ ਟੀਮਾਂ ਵੀ ਚੱਲਣਗੀਆਂ। ਪਰੇਡ ‘ਚ ਕਿਸਾਨੀ ਨੂੰ ਦਰਸਾਉਂਦੀਆਂ ਝਾਕੀਆਂ ਤੋਂ ਇਲਾਵਾ ਪੰਜਾਬ ਤੇ ਦੇਸ਼ ਦੇ ਹੋਰਨਾਂ ਸੂਬਿਆਂ ਵਲੋਂ ਆਪੋ-ਆਪਣੇ ਰਾਜਾਂ ਦੇ ਵਿਰਸੇ ਤੇ ਸੱਭਿਆਚਾਰ ਨੂੰ ਦਰਸਾਉਂਦੀਆਂ ਝਾਕੀਆਂ ਸ਼ਾਮਿਲ ਹੋਣਗੀਆਂ। ਗਣਤੰਤਰ ਦਿਵਸ ਮੌਕੇ ਰਾਜਪਥ ‘ਤੇ ਹੋਣ ਵਾਲੀ ਸਰਕਾਰੀ ਪਰੇਡ ਦੇ ਬਰਾਬਰ ਹੋਣ ਜਾ ਰਹੀ ਇਸ ਟਰੈਕਟਰ ਪਰੇਡ ‘ਤੇ ਇਕ ਤਰ੍ਹਾਂ ਨਾਲ ਪੂਰੀ ਦੁਨੀਆ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ ਤੇ ਦੇਸ਼-ਵਿਦੇਸ਼ ਦਾ ਮੀਡੀਆ ਵੀ ਵਿਸ਼ੇਸ਼ ਤੌਰ ‘ਤੇ ਦਿੱਲੀ ਦੇ ਬਾਰਡਰਾਂ ‘ਤੇ ਪੁੱਜ ਚੁੱਕਾ ਹੈ। ਹਾਲਾਂਕਿ ਟਰੈਕਟਰ ਮਾਰਚ ਨੂੰ ਸ਼ਾਂਤਮਈ ਅਤੇ ਜ਼ਾਬਤੇ ‘ਚ ਰੱਖਣਾ ਕਿਸਾਨ ਆਗੂਆਂ ਲਈ ਵੱਡੀ ਚਿੰਤਾ ਬਣੀ ਹੋਈ ਹੈ ਤੇ ਉਨ੍ਹਾਂ ਵਲੋਂ ਵਾਰ-ਵਾਰ ਕਿਸਾਨਾਂ ਨੂੰ ਪਰੇਡ ਸ਼ਾਂਤਮਈ ਰੱਖਣ ਅਤੇ ਪੂਰੀ ਤਰ੍ਹਾਂ ਨਾਲ ਅਨੁਸ਼ਾਸਨ ‘ਚ ਰਹਿਣ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ। ਉੱਧਰ ਟਰੈਕਟਰ ਪਰੇਡ ਨੂੰ ਲੈ ਕੇ ਕਿਸਾਨਾਂ ‘ਚ ਭਾਰੀ ਜੋਸ਼ ਤੇ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਵੱਡੀ ਗਿਣਤੀ ‘ਚ ਕਿਸਾਨ ਟਰੈਕਟਰ ਲੈ ਕੇ ਦਿੱਲੀ ਦੇ ਬਾਰਡਰਾਂ ‘ਤੇ ਪੁੱਜ ਚੁੱਕੇ ਹਨ। ਜਦਕਿ ਟਰੈਕਟਰ ਪਰੇਡ ਦਾ ਹਿੱਸਾ ਬਣਨ ਲਈ ਦੇਸ਼ ਦੇ ਕੋਨੇ-ਕੋਨੇ ਤੋਂ ਕਿਸਾਨਾਂ ਦਾ ਟਰੈਕਟਰ-ਟਰਾਲੀਆਂ ਲੈ ਕੇ ਦਿੱਲੀ ਦੇ ਵੱਖ-ਵੱਖ ਬਾਰਡਰਾਂ ‘ਤੇ ਆਪ ਮੁਹਾਰੇ ਪੁੱਜਣਾ ਲਗਾਤਾਰ ਜਾਰੀ ਹੈ। ਦਿੱਲੀ ਦੇ ਬਾਰਡਰਾਂ ‘ਤੇ ਕਿਸਾਨਾਂ ਦੇ ਇਕੱਠ ਨੇ ਇਕ ਤਰ੍ਹਾਂ ਨਾਲ ਸਾਰੇ ਰਿਕਾਰਡ ਤੋੜ ਦਿੱਤੇ ਹਨ ਤੇ ਕਿਧਰੇ ਵੀ ਪੈਰ ਧਰਨ ਨੂੰ ਵੀ ਥਾਂ ਨਹੀਂ ਮਿਲ ਰਹੀ | ਸਿੰਘੂ ਬਾਰਡਰ ‘ਤੇ ਕਈ-ਕਈ ਕਿੱਲੋਮੀਟਰ ਲੰਬਾ ਜਾਮ ਲੱਗ ਗਿਆ ਹੈ ਤੇ ਟਰੈਕਟਰਾਂ-ਟਰਾਲੀਆਂ ਦੀਆਂ ਕਤਾਰਾਂ ਰਾਜਪੁਰਾ ਤੱਕ ਲੱਗੀਆਂ ਹੋਈਆਂ ਹਨ।

ਉੱਧਰ ਹਾਲਾਂਕਿ ਐਤਵਾਰ ਨੂੰ ਸਵੇਰ ਤੋਂ ਹੀ ਦਿੱਲੀ ਦੇ ਬਾਰਡਰਾਂ ‘ਤੇ ਸੰਘਣੀ ਧੁੰਦ ਛਾਈ ਰਹੀ ਤੇ ਠੰਢ ਵੀ ਆਪਣਾ ਕਹਿਰ ਢਾਹ ਰਹੀ ਸੀ ਪਰ ਇਸ ਦੇ ਬਾਵਜੂਦ ਅੰਦੋਲਨ ਕਰ ਰਹੇ ਕਿਸਾਨਾਂ ਦਾ ਹੌਸਲਾ ਅਤੇ ਜਜ਼ਬਾ ਕਿਸੇ ਵੀ ਤਰ੍ਹਾਂ ਮੱਠਾ ਨਹੀਂ ਪਿਆ ਤੇ ਕਿਸਾਨੀ ਅੰਦੋਲਨ ਦਾ ਪਾਰਾ ਪਹਿਲਾਂ ਵਾਂਗ ਹੀ ਸਿਖਰਾਂ ‘ਤੇ ਹੈ। ਟਰੈਕਟਰ ਪਰੇਡ ‘ਚ ਲੱਖਾਂ ਦੀ ਗਿਣਤੀ ‘ਚ ਕਿਸਾਨ ਟਰੈਕਟਰ-ਟਰਾਲੀਆਂ ਲੈ ਕੇ ਸ਼ਾਮਿਲ ਹੋਣਗੇ | ਇਹ ਅੰਦੋਲਨ ਕਿਸਾਨਾਂ ਦੇ ਬੇਮਿਸਾਲ ਇਕੱਠ ਅਤੇ ਦੇਸ਼ ਦੀ ਰਾਜਧਾਨੀ ‘ਚ ਪਹਿਲੀ ਵਾਰ ਹੋਣ ਵਾਲੀ ਟਰੈਕਟਰ ਪਰੇਡ ਕਾਰਨ ਇਤਿਹਾਸਕ ਹੋਣ ਜਾ ਰਿਹਾ ਹੈ।

ਦਿੱਲੀ ਪੁਲਿਸ ਵਲੋਂ ਕਿਹਾ ਗਿਆ ਹੈ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਪ੍ਰਸਤਾਵਿਤ ਟਰੈਕਟਰ ਰੈਲੀ ਗਣਤੰਤਰ ਦਿਵਸ ਸਮਾਰੋਹ ਦੀ ਸਮਾਪਤੀ ਬਾਅਦ ਸਖ਼ਤ ਸੁਰੱਖਿਆ ਪ੍ਰਬੰਧਾਂ ‘ਚ 3 ਰੂਟਾਂ ‘ਤੇ ਹੋਵੇਗੀ, ਇਨ੍ਹਾਂ ਰੂਟਾਂ ਦੀ ਯੋਜਨਾ ਤੈਅ ਕਰ ਕੇ ਕਿਸਾਨਾਂ ਨਾਲ ਸਾਂਝੀ ਕਰ ਲਈ ਗਈ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਦੀਪੇਂਦਰ ਪਾਠਕ ਵਿਸ਼ੇਸ਼ ਪੁਲਿਸ ਕਮਿਸ਼ਨਰ (ਇੰਟੈਲੀਜੈਂਸ) ਨੇ ਦੱਸਿਆ ਕਿ ਇਨ੍ਹਾਂ 3 ਰੂਟਾਂ ਵਿਚਕਾਰ ਟਰੈਕਟਰ ਪਰੇਡ (ਰੈਲੀ) ਹੋਵੇਗੀ। ਉਨ੍ਹਾਂ ਇਸ ਯੋਜਨਾ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਟਿਕਰੀ ਬਾਰਡਰ ‘ਤੇ 63 ਕਿਲੋਮੀਟਰ ਦੇ ਰੂਟ ‘ਤੇ ਜਦਕਿ ਸਿੰਘੂ ਬਾਰਡਰ ‘ਤੇ 62 ਕਿਲੋਮੀਟਰ ਅਤੇ ਗਾਜ਼ੀਪੁਰ ਬਾਰਡਰ ‘ਤੇ 46 ਕਿਲੋਮੀਟਰ ਤੱਕ ਮੰਗਲਵਾਰ ਨੂੰ ਟਰੈਕਟਰ ਰੈਲੀ ਹੋਵੇਗੀ। ਪੁਲਿਸ ਅਧਿਕਾਰੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ 13 ਜਨਵਰੀ ਤੋਂ 18 ਜਨਵਰੀ ਦਰਮਿਆਨ ਪਾਕਿਸਤਾਨ ਵਲੋਂ ਸਿਰਫ ਲੋਕਾਂ ਨੂੰ ਗੁੰਮਰਾਹ ਕਰਕੇ ਟਰੈਕਟਰ ਰੈਲੀ ‘ਚ ਵਿਘਨ ਪਾਉਣ ਲਈ 300 ਤੋਂ ਵਧੇਰੇ ਟਵਿੱਟਰ ਹੈਾਡਲ ਤਿਆਰ ਕੀਤੇ ਗਏ ਹਨ, ਇਸ ਸਬੰਧੀ ਵੱਖ-ਵੱਖ ਏਜੰਸੀਆਂ ਤੇ ਪੁਲਿਸ ਚੌਕਸ ਹੈ।


Share