ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਕਿਸਾਨਾਂ ਦੀ ਸਿਹਤ ਬਾਰੇ ਚਿੰਤਤ ਹਾਂ: ਵਿਜ

99
Share

ਪੰਚਕੂਲਾ, 9 ਅਪ੍ਰੈਲ (ਪੰਜਾਬ ਮੇਲ)- ਹਰਿਆਣਾ ’ਚ ਕੋਵਿਡ-19 ਮਾਮਲਿਆਂ ’ਚ ਵਾਧੇ ਦੇ ਮੱਦੇਨਜ਼ਰ ਰਾਜ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਦਿੱਲੀ ਦੇ ਨਾਲ ਲੱਗਦੀ ਰਾਜ ਦੀਆਂ ਸਰਹੱਦਾਂ ’ਤੇ ਬੈਠੇ ਕਿਸਾਨਾਂ ਦੀ ਸਿਹਤ ਬਾਰੇ ਉਹ ਚਿੰਤਤ ਹਨ ਤੇ ਗੱਲਬਾਤ ਨੂੰ ਫਿਰ ਤੋਂ ਸ਼ੁਰੂ ਕਰਨ ਤੇ ਮਾਮਲਾ ਸੁਲਝਾਉਣ ਲਈ ਉਹ ਕੇਂਦਰੀ ਖੇਤੀ ਮੰਤਰੀ ਨੂੰ ਚਿੱਠੀ ਭੇਜਣਗੇ। ਸ਼੍ਰੀ ਵਿਜ ਹਰਿਆਣਾ ਦੇ ਸਿਹਤ ਮੰਤਰੀ ਵੀ ਹਨ। ਉਨ੍ਹਾਂ ਕਿਹਾ, ‘ਮੇਰੀ ਚਿੰਤਾ ਇਹ ਹੈ ਕਿ ਵੱਡੀ ਗਿਣਤੀ ’ਚ ਕਿਸਾਨ ਹਰਿਆਣਾ ਦੀਆਂ ਸਰਹੱਦਾਂ ’ਤੇ ਬੈਠੇ ਹਨ। ਕਰੋਨਾ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਤੇ ਮੈਂ ਉਨ੍ਹਾਂ ਨੂੰ ਵੀ ਕਰੋਨਾ ਤੋਂ ਬਚਾਉਣਾ ਹੈ। ਮੈਂ ਛੇਤੀ ਗੱਲਬਾਤ ਸ਼ੁਰੂ ਕਰਨ ਲਈ ਕੇਂਦਰੀ ਮੰਤਰੀ ਨੂੰ ਚਿੱਠੀ ਭੇਜ ਰਿਹਾ ਹਾਂ ਤਾਂ ਜੋ ਇਸ ਮਸਲੇ ਦਾ ਹੱਲ ਨਿਕਲੇ ਤੇ ਵੱਡੀ ਗਿਣਤੀ ਵਿਚ ਬੈਠੇ ਕਿਸਾਨਾਂ ਦੀ ਘਰ ਵਾਪਸੀ ਹੋਵੇ। ਮੈਂ ਮੰਨਦਾ ਹਾਂ ਕਿ ਕਿਸੇ ਵੀ ਸਮੱਸਿਆ ਦਾ ਹੱਲ ਗੱਲਬਾਤ ਰਾਹੀਂ ਕੱਢਿਆ ਜਾ ਸਕਦਾ ਹੈ।’’

Share