ਦਿੱਲੀ ਦੀਆਂ ਬਰੂਹਾਂ ’ਤੇ ਕਿਸਾਨ ਅੰਦੋਲਨ ਨੂੰ ਮਜ਼ਬੂਤ ਬਣਾ ਰਹੇ ‘ਬੱਚੇ’

210
Share

ਚੰਡੀਗੜ੍ਹ/ਨਵੀਂ ਦਿੱਲੀ, 17 ਜਨਵਰੀ (ਪੰਜਾਬ ਮੇਲ)- ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਹੁਣ ਬੱਚੇ ਵੀ ਅੜ ਗਏ ਹਨ। ਸਿੰਘੂ ਬਾਰਡਰ ਹੋਵੇ ਜਾਂ ਟਿਕਰੀ ਬਾਰਡਰ, ਕਿਸਾਨਾਂ ਦੀ ਲਾਈਨ ਅਤੇ ਹਰ ਟਰੈਕਟਰ ਵਿਚ ਬੈਠੇ ਬੱਚੇ ਵੀ ਕਾਨੂੰਨ ਰੱਦ ਕਰਵਾਵਾਂਗੇ, ਉਦੋਂ ਹੀ ਘਰ ਜਾਵਾਂਗੇ ਦਾ ਨਾਅਰਾ ਲਗਾ ਰਹੇ ਹਨ। ਇਹ ਬੱਚੇ ਬਾਰਡਰ ’ਤੇ ਬੈਠੇ ਕਦੇ ਆਪਣੇ ਮਾਂ-ਬਾਪ ਦੇ ਭਾਸ਼ਣ ਸੁਣਦੇ ਹਨ ਅਤੇ ਕਦੇ ਸਾਥੀ ਬੱਚਿਆਂ ਦੇ ਨਾਲ ਖੇਡਣਾ ਸ਼ੁਰੂ ਕਰ ਦਿੰਦੇ ਹਨ। ਬੱਚੇ ਇਹ ਵੀ ਸਿੱਖ ਚੁੱਕੇ ਹਨ ਕਿ ਤਿੰਨੇ ਕਾਨੂੰਨ ਅਜਿਹੇ ਹਨ, ਜਿਨ੍ਹਾਂ ਨਾਲ ਬਹੁਤ ਨੁਕਸਾਨ ਹੋਣ ਵਾਲਾ ਹੈ। ਮਾਂ, ਦਾਦੀ ਤੇ ਨਾਨੀ ਬੱਚਿਆਂ ਨੂੰ ਕੜਾਕੇ ਦੀ ਠੰਢ ਤੋਂ ਬਚਾਉਣ ਲਈ ਕਦੇ ਕੰਬਲਾਂ ਨਾਲ ਉਨ੍ਹਾਂ ਨੂੰ ਢਕ ਦਿੰਦੇ ਹਨ ਅਤੇ ਕਦੇ ਅੱਗ ਸਿਕਾਉਂਦੇ, ਬੱਚੇ ਵੀ ਪੂਰਾ ਸਾਥ ਦੇ ਰਹੇ ਹਨ। ਕਿਸਾਨ ਨੇਤਾ ਪਰਮਜੀਤ ਪੰਮੀ ਦਾ ਕਹਿਣਾ ਹੈ ਕਿ ਛੋਟੇ ਬੱਚੇ ਅੰਦੋਲਨ ਨੂੰ ਨਵੀਂ ਦਿਸ਼ਾ ਦੇ ਰਹੇ ਹਨ। ਉਹ ਵੀ ਜਾਣ ਚੁੱਕੇ ਹਨ ਕਿ ਨਵੇਂ ਖੇਤੀ ਕਾਨੂੰਨ ਸਭ ਦਾ ਨੁਕਸਾਨ ਕਰ ਦੇਣਗੇ। ਭਾਸ਼ਣਾਂ ਦੌਰਾਨ ਉਹ ਮੰਚ ’ਤੇ ਜਾਂਦੇ ਹਨ ਅਤੇ ਜੈ ਕਿਸਾਨ ਦਾ ਨਾਅਰਾ ਵੀ ਲਗਾਉਂਦੇ ਹਨ। ਛੋਟੇ ਬੱਚੇ ਤਾਂ ਬਜ਼ੁਰਗਾਂ ਵਿਚ ਵੀ ਜੋਸ਼ ਭਰ ਰਹੇ ਹਨ। ਪੰਮੀ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਨਾਲ-ਨਾਲ ਬੱਚਿਆਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਜਦੋਂ ਬੱਚੇ, ਔਰਤਾਂ, ਬਜ਼ੁਰਗ ਅਤੇ ਕਿਸਾਨ ਮਿਲ ਕੇ ਅੰਦੋਲਨ ਕਰ ਰਹੇ ਹਨ ਤਾਂ ਸਰਕਾਰ ਨੂੰ ਕਾਨੂੰਨ ਵਾਪਸ ਲੈਣੇ ਹੀ ਪੈਣਗੇ।

ਫਾਜ਼ਿਲਕਾ ਤੋਂ ਆਈ 8 ਸਾਲਾ ਮਨਪ੍ਰੀਤ ਬਾਰਡਰ ’ਤੇ ਮਾਂ ਨੀਲਮ ਦੀ ਗੋਦ ਵਿਚ ਬੈਠੀ ਕਹਿੰਦੀ ਹੈ ਕਿ ਤਿੰਨੇ ਕਾਲੇ ਕਾਨੂੰਨ ਰੱਦ ਕਰਵਾਉਣੇ ਹਨ। 6 ਸਾਲ ਦਾ ਉਸ ਦਾ ਭਰਾ ਕਾਨੂੰਨ ਤਾਂ ਨਹੀਂ ਬੋਲ ਪਾ ਰਿਹਾ ਪਰ ਕਰਵਾਉਣੇ ਹਨ, ਕਰਵਾਉਣੇ ਹਨ ਕਹਿ ਕੇ ਵੱਡਿਆਂ ’ਚ ਅੰਦੋਲਨ ਲਈ ਜੋਸ਼ ਨਾਲ ਭਰ ਰਿਹਾ ਹੈ। ਨੀਲਮ ਦਾ ਕਹਿਣਾ ਹੈ ਕਿ ਉਹ ਕਿਸਾਨ ਪਰਿਵਾਰ ਤੋਂ ਹਨ। ਤਿੰਨੇ ਕਾਨੂੰਨ ਰੱਦ ਨਾ ਹੋਏ ਤਾਂ ਗੁਜਰ-ਬਸਰ ਮੁਸ਼ਕਲ ਹੋ ਜਾਵੇਗਾ। ਕਾਲੇ ਕਾਨੂੰਨਾਂ ਖਿਲਾਫ਼ ਆਵਾਜ਼ ਨਾ ਚੁੱਕੀ ਗਈ ਤਾਂ ਬੱਚਿਆਂ ਦਾ ਭਵਿੱਖ ਹਨ੍ਹੇਰੇ ਵਿਚ ਚਲਾ ਜਾਵੇਗਾ। ਇਹ ਬੱਚੇ ਵੱਡੀਆਂ-ਵੱਡੀਆਂ ਕੰਪਨੀਆਂ ਦੇ ਅੱਗੇ ਦਿਹਾੜੀਦਾਰ, ਮਜਦੂਰ ਬਣ ਕੇ ਰਹਿ ਜਾਣਗੇ। ਬੱਚਿਆਂ ਦਾ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਣਾ ਬੇਹੱਦ ਹੀ ਜ਼ਰੂਰੀ ਹੈ।


Share