ਦਿੱਲੀ ਤੋਂ ਕੈਨੇਡਾ ਪੁੱਜਣ ਵਾਲੀਆਂ ਅੰਤਰਰਾਸ਼ਟਰੀ ਉਡਾਣਾਂ ’ਚੋਂ ਇਕ-ਤਿਹਾਈ ਉਡਾਣਾਂ ਦੇ ਯਾਤਰੀ ਨਿਕਲ ਰਹੇ ਨੇ ਕੋਰੋਨਾ-ਪਾਜ਼ੀਟਿਵ

161
Share

ਓਟਵਾ, 25 ਮਾਰਚ (ਪੰਜਾਬ ਮੇਲ)- ਹੋਰਨਾਂ ਦੇਸ਼ਾਂ ਤੋਂ ਕੈਨੇਡਾ ਆਉਣ ਵਾਲੀਆਂ ਉਡਾਣਾਂ ਦੇ ਹਰੇਕ ਯਾਤਰੀ ਦਾ ਕੋਰੋਨਾ ਟੈਸਟ ਜ਼ਰੂਰ ਹੁੰਦਾ ਹੈ ਤੇ ਬਹੁਤ ਸਾਰੇ ਯਾਤਰੀ ਪਾਜ਼ੀਟਿਵ ਪਾਏ ਜਾ ਰਹੇ ਹਨ। ਜੇ ਇਕੱਲੇ ਮਾਰਚ ਮਹੀਨੇ ਦੇ ਹੀ ਅੰਕੜਿਆਂ ’ਤੇ ਹੀ ਇਕ ਝਾਤ ਪਾਈਏ, ਤਾਂ ਇਹ ਪਤਾ ਲੱਗਦਾ ਹੈ ਕਿ ਦਿੱਲੀ ਤੋਂ ਕੈਨੇਡਾ ਪੁੱਜਣ ਵਾਲੀਆਂ ਅੰਤਰਰਾਸ਼ਟਰੀ ਉਡਾਣਾਂ ’ਚੋਂ ਇਕ-ਤਿਹਾਈ ਉਡਾਣਾਂ ਦੇ ਯਾਤਰੀ ਕੋਰੋਨਾ-ਪਾਜ਼ੀਟਿਵ ਨਿਕਲ ਰਹੇ ਹਨ।
‘ਹੈਲਥ ਕੈਨੇਡਾ’ ਦੇ ਅੰਕੜਿਆਂ ਅਨੁਸਾਰ ਬੀਤੀ 3 ਮਾਰਚ ਤੋਂ ਲੈ ਕੇ 19 ਮਾਰਚ ਤੱਕ ਕੁੱਲ 98 ਅੰਤਰਰਾਸ਼ਟਰੀ ਉਡਾਣਾਂ ਕੋਰੋਨਾ ਪਾਜ਼ੀਟਿਵ ਯਾਤਰੀਆਂ ਨੂੰ ਲੈ ਕੇ ਕੈਨੇਡਾ ਪੁੱਜੀਆਂ ਸਨ; ਜਿਨ੍ਹਾਂ ਵਿਚੋਂ 30 ਇਕੱਲੇ ਭਾਰਤ ਦੀ ਰਾਜਧਾਨੀ ਦਿੱਲੀ ਤੋਂ ਅੱਪੜੀਆਂ ਸਨ।
ਇਨ੍ਹਾਂ ਵਿਚੋਂ 21 ਉਡਾਣਾਂ ਏਅਰ ਇੰਡੀਆ ਦੀਆਂ ਸਨ ਤੇ 9 ਏਅਰ ਕੈਨੇਡਾ ਦੀਆਂ ਸਨ। ਬਾਕੀ ਦੀਆਂ ਉਡਾਣਾਂ ਫਰੈਂਕਫ਼ਰਟ, ਦੁਬਈ, ਇਸਲਾਮਾਬਾਦ, ਦੋਹਾ, ਆਬੂਧਾਬੀ, ਪੈਰਿਸ ਤੇ ਲਾਹੌਰ ਜਿਹੇ ਸ਼ਹਿਰਾਂ ਤੋਂ ਆਈਆਂ ਸਨ।
‘ਇੰਡੀਅਨ ਐਕਸਪ੍ਰੈੱਸ’ ਦੀ ਇਕ ਬੇਹੱਦ ਦਿਲਚਸਪ ਰਿਪੋਰਟ ਮੁਤਾਬਕ ਬੀਤੀ 11 ਮਾਰਚ ਨੂੰ ਏਅਰ ਇੰਡੀਆ ਦੀ ਉਡਾਣ ਅੀ-187 ’ਚ 41 ਤੋਂ 53 ਨੰਬਰ ਤੱਕ ਦੀਆਂ ਕਤਾਰਾਂ ਦੇ ਯਾਤਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਉਸ ਉਡਾਣ ਦੇ ਬੋਇੰਗ 777-300 ਜਹਾਜ਼ ਵਿਚ ਕੁੱਲ 101 ਸੀਟਾਂ ਸਨ।
ਜੇ ਸਿਰਫ਼ 17 ਦਿਨਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕਰੀਏ, ਤਾਂ ਦਿੱਲੀ ਤੋਂ ਕੈਨੇਡਾ ਅੱਪੜਨ ਵਾਲੀਆਂ ਕੁੱਲ 30 ਉਡਾਣਾਂ ਵਿਚੋਂ 21 ਨੇ ਟੋਰਾਂਟੋ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਅਤੇ 9 ਨੇ ਵੈਨਕੂਵਰ ਹਵਾਈ ਅੱਡੇ ’ਤੇ ਲੈਂਡ ਕੀਤਾ ਸੀ। ਇਨ੍ਹਾਂ ਉਡਾਣਾਂ ਰਾਹੀਂ ਕੈਨੇਡਾ ਪੁੱਜਣ ਵਾਲੇ ਯਾਤਰੀਆਂ ਵਿਚ ਵੱਡੀ ਗਿਣਤੀ ਪੰਜਾਬੀਆਂ ਦੀ ਹੀ ਹੈ।
ਉਂਝ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੇ ਇਹ ਨਿਯਮ ਬਣਾਇਆ ਹੋਇਆ ਹੈ ਕਿ ਕੈਨੇਡਾ ਲਈ ਕੋਈ ਉਡਾਣ ਫੜਨ ਵਾਲੇ ਹਰੇਕ ਹਵਾਈ ਯਾਤਰੀ ਕੋਲ ਕੋਵਿਡ-19 ਨੈਗੇਟਿਵ ਮੌਲੀਕਿਊਲਰ ਟੈਸਟ ਸਰਟੀਫ਼ਿਕੇਟ ਹੋਣਾ ਜ਼ਰੂਰੀ ਹੈ। ਪਰ ਫਿਰ ਵੀ ਕੈਨੇਡਾ ਪੁੱਜਣ ਵਾਲੇ ਕੋਰੋਨਾ ਪਾਜ਼ੀਟਿਵ ਯਾਤਰੀਆਂ ਦੀ ਵਧਦੀ ਜਾ ਰਹੀ ਗਿਣਤੀ ਤੋਂ ਕੈਨੇਡਾ ਸਰਕਾਰ ਦਾ ਸਿਹਤ ਮੰਤਰਾਲਾ ਤੇ ਸਿਹਤ ਵਿਭਾਗ ਡਾਢੇ ਚਿੰਤਤ ਹਨ। ਏਅਰ ਇੰਡੀਆ ਦਾ ਇਸ ਮਾਮਲੇ ’ਚ ਕਹਿਣਾ ਹੈ ਕਿ ਉਸ ਵੱਲੋਂ ਕਿਸੇ ਵੀ ਨਿਯਮ ਵਿਚ ਕੋਈ ਢਿੱਲ ਨਹੀਂ ਵਰਤੀ ਜਾ ਰਹੀ।

Share