ਦਿੱਲੀ ਤੋਂ ਇਲਾਵਾ ਪੂਰੇ ਦੇਸ਼ ‘ਚ ਹੋਵੇਗਾ ਚੱਕਾ ਜਾਮ : ਰਾਕੇਸ਼ ਟਿਕੈਤ

491
Share

ਨਵੀਂ ਦਿੱਲੀ, 5 ਫਰਵਰੀ (ਪੰਜਾਬ ਮੇਲ)- – ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਪਿਛਲੇ 72 ਦਿਨਾਂ ਤੋਂ ਜਾਰੀ ਹੈ। ਸਰਕਾਰ ਅਤੇ ਕਿਸਾਨਾਂ ਵਿਚਾਲੇ ਕਈ ਦੌਰ ਦੀ ਗੱਲਬਾਤ ਹੋਈ ਪਰ ਸਾਰੀਆਂ ਬੇਸਿੱਟਾ ਰਹੀਆਂ। ਅਜਿਹੇ ‘ਚ ਹੁਣ ਕਿਸਾਨਾਂ ਨੇ ਕੱਲ ਯਾਨੀ 6 ਫਰਵਰੀ ਨੂੰ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਦੇਸ਼ ਭਰ ‘ਚ ਕਿਸਾਨ ਹਾਈਵੇਅ ਜਾਮ ਕਰ ਕੇ ਆਪਣਾ ਵਿਰੋਧ ਪ੍ਰਦਰਸ਼ਨ ਕਰਨਗੇ। ਇਸ ਵਿਚ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਦਿੱਲੀ ‘ਚ ਇਹ ਚੱਕਾ ਜਾਮ ਨਹੀਂ ਹੋਵੇਗਾ। ਟਿਕੈਤ ਨੇ ਇਕ ਨਿਊਜ਼ ਏਜੰਸੀ ਨਾਲ ਗੱਲ ਕਰਦੇ ਹੋਏ ਦੱਸਿਆ ਕਿ 6 ਫਰਵਰੀ ਨੂੰ ਦਿੱਲੀ ‘ਚ ਚੱਕਾ ਜਾਮ ਨਹੀਂ ਹੋਵੇਗਾ। ਵੱਖ-ਵੱਖ ਥਾਂਵਾਂ ‘ਚ ਗੱਡੀਆਂ ‘ਚ ਸਵਾਰ ਲੋਕਾਂ ਦੇ ਖਾਣ-ਪੀਣ ਦੀ ਵਿਵਸਥਾ ਹੋਵੇਗੀ। ਇਸ ਦੇ ਨਾਲ ਹੀ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਖੇਤੀ ਕਾਨੂੰਨਾਂ ‘ਤੇ ਸਰਕਾਰ ਕਿਸਾਨਾਂ ਨਾਲ ਕੀ ਰੁਖ ਅਪਣਾ ਰਹੀ ਹੈ। ਉੱਥੇ ਹੀ ਉਨ੍ਹਾਂ ਨੇ ਅੰਦੋਲਨ ਦਾ ਸਮਰਥਨ ਕਰ ਰਹੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੋ ਲੋਕ ਪ੍ਰਦਰਸ਼ਨ ਵਾਲੀ ਜਗ੍ਹਾ ‘ਤੇ ਨਹੀਂ ਆ ਸਕੇ ਹਨ, ਉਹ ਆਪਣੀਆਂ-ਆਪਣੀਆਂ ਥਾਂਵਾਂ ‘ਤੇ ਸ਼ਾਂਤੀਪੂਰਨ ਤਰੀਕੇ ਨਾਲ ਆਪਣਾ ਵਿਰੋਧ ਜਤਾਉਣਗੇ। ਕਿਸਾਨ ਸ਼ਨੀਵਾਰ ਨੂੰ ਦੇਸ਼ ਭਰ ‘ਚ ਤਿੰਨ ਘੰਟਿਆਂ ਲਈ ਚੱਕਾ ਜਾਮ ਕਰਨਗੇ। ਇਸ ਦੌਰਾਨ ਨੈਸ਼ਨਲ ਅਤੇ ਸਟੇਟ ਹਾਈਵੇਅ ‘ਤੇ ਵਾਹਨਾਂ ਦੀ ਆਵਾਜਾਈ ਰੋਕ ਰੱਖਣਗੇ। ਕਿਸਾਨਾਂ ਨੂੰ ਬਜਟ ‘ਚ ਨਜ਼ਰਅੰਦਾਜ ਕਰਨਾ, ਪ੍ਰਦਰਸ਼ਨ ਵਾਲੀ ਜਗ੍ਹਾ ‘ਤੇ ਇੰਟਰਨੈੱਟ ਬੰਦ ਕਰਨ ਸਮੇਤ ਕਈ ਮੁੱਦਿਆਂ ਦੇ ਵਿਰੋਧ ‘ਚ ਚੱਕਾ ਜਾਮ ਦਾ ਐਲਾਨ ਕੀਤਾ ਗਿਆ ਹੈ। ਕਿਸਾਨ ਯੂਨੀਅਨ ਦੇ ਆਗੂਆਂ ਅਨੁਸਾਰ ਸ਼ਨੀਵਾਰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਸੜਕਾਂ ਨੂੰ ਜਾਮ ਕਰਦੇ ਹੋਏ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣਗੇ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਬਜਟ ਤੋਂ ਕਾਫ਼ੀ ਉਮੀਦਾਂ ਸੀ ਪਰ ਸਰਕਾਰ ਨੇ ਉਨ੍ਹਾਂ ਲਈ ਕੁਝ ਨਹੀਂ ਕੀਤਾ। ਸਰਕਾਰ ਨਾ ਸਾਡੀ ਮੰਗ ਮੰਨ ਰਹੀ ਹੈ ਅਤੇ ਨਾ ਕਿਸਾਨਾਂ ਲਈ ਕੰਮ ਕਰ ਰਹੀ ਹੈ।


Share