ਦਿੱਲੀ ‘ਚ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਦੀ ਮਾਂ ਦਾ ਦੇਹਾਂਤ

626

-ਇੱਛਾ ਮੁਤਾਬਕ ਅੱਖਾਂ ‘ਏਮਸ’ ਅਤੇ ਦੇਹ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਨੂੰ ਦਾਨ
ਨਵੀਂ ਦਿੱਲੀ, 6 ਅਗਸਤ (ਪੰਜਾਬ ਮੇਲ)- ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਦੀ ਮਾਂ ਸਨੇਹ ਲਤਾ ਗੋਇਲ (89) ਦਾ ਅੱਜ ਦਿੱਲੀ ਵਿੱਚ ਦੇਹਾਂਤ ਹੋ ਗਿਆ। ਡਾ. ਹਰਸ਼ਵਰਧਨ ਨੇ ਇਕ ਭਾਵੁਕ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਸਨੇਹ ਲਤਾ ਗੋਇਲ ਨੂੰ ਅੱਜ ਸਵੇਰੇ ਦਿਲ ਦਾ ਦੌਰਾ ਪਿਆ। ਸਿਹਤ ਮੰਤਰੀ ਨੇ ਕਿਹਾ ਕਿ ‘ਮਾਂ ਦੇ ਜਾਣ ਨਾਲ ਜ਼ਿੰਦਗੀ ਵਿਚ ਜੋ ਖ਼ਲਾਅ ਪੈਦਾ ਹੋ ਗਿਆ ਹੈ, ਉਸ ਨੂੰ ਕੋਈ ਨਹੀਂ ਭਰ ਸਕੇਗਾ, ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।’ ਡਾ. ਹਰਸ਼ਵਰਧਨ ਨੇ ਟਵੀਟ ਰਾਹੀਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਮਾਂ ਦੀ ਇੱਛਾ ਅਨੁਸਾਰ ਉਨ੍ਹਾਂ ਦੀਆਂ ਅੱਖਾਂ ‘ਏਮਸ’ ਨੂੰ ਦਾਨ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਦੇਹ ਨੂੰ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਨੂੰ ਸੌਂਪਿਆ ਗਿਆ ਹੈ।