ਦਿੱਲੀ ਘੱਟ ਗਿਣਤੀ ਕਮਿਸ਼ਨ ਨੇ ਦਿੱਲੀ ਦੰਗਿਆਂ ਬਾਰੇ ਭਾਜਪਾ ਦੇ ਵੱਡੇ ਆਗੂਆਂ ‘ਤੇ ਚੁੱਕੀ ਉਂਗਲ

583
Share

ਨਵੀਂ ਦਿੱਲੀ, 21 ਜੁਲਾਈ (ਪੰਜਾਬ ਮੇਲ)- ਦਿੱਲੀ ਘੱਟ ਗਿਣਤੀ ਕਮਿਸ਼ਨ ਨੇ ਫਰਵਰੀ ‘ਚ ਉੱਤਰ-ਪੂਰਬੀ ਦਿੱਲੀ ‘ਚ ਹੋਏ ਦੰਗਿਆਂ ਬਾਰੇ 130 ਸਫ਼ਿਆਂ ਦੀ ਆਪਣੀ ਰਿਪੋਰਟ ‘ਚ ਭਾਜਪਾ ਦੇ ਵੱਡੇ ਆਗੂਆਂ ਵੱਲ ਉਂਗਲ ਚੁੱਕੀ ਹੈ। ਕਮਿਸ਼ਨ ਨੇ ਦਿੱਲੀ ਪੁਲਿਸ ਦੀ ਭੂਮਿਕਾ ਨੂੰ ਵੀ ਤੱਥਾਂ ਸਮੇਤ ਨਿਖੇੜਿਆ ਹੈ। ਕਮਿਸ਼ਨ ਦੀ ਚੇਅਰਮੈਨੀ ਤੋਂ ਲਾਂਭੇ ਹੋਏ ਡਾ. ਜ਼ਫ਼ਰੁਲ ਇਸਲਾਮ ਖ਼ਾਂ ਨੇ ਦਿੱਲੀ ਸਰਕਾਰ ਨੂੰ ਸੌਂਪੀ ਰਿਪੋਰਟ ‘ਚ ਭਾਜਪਾ ਆਗੂਆਂ ਦੀ ਭੂਮਿਕਾ ਤੇ ਪੁਲਿਸ ਰਵੱਈਏ ਦੀ ਨਿੰਦਾ ਕੀਤੀ ਹੈ। ਕਮਿਸ਼ਨ ਨੇ ਢੁੱਕਵੇਂ ਮੁਆਵਜ਼ੇ ਤੇ ਨਿਰਪੱਚ ਜਾਂਚ ਸਮੇਤ ਕੁਝ ਸਿਫ਼ਾਰਿਸ਼ਾਂ ਕੀਤੀਆਂ ਹਨ, ਜਿਨ੍ਹਾਂ ‘ਤੇ ਦਿੱਲੀ ਸਰਕਾਰ ਭਵਿੱਖ ‘ਚ ਵਿਚਾਰ ਕਰ ਸਕਦੀ ਹੈ। ਉਧਰ ਭਾਜਪਾ ਨੇ ਇਸ ਰਿਪੋਰਟ ਨੂੰ ਰੱਦ ਕਰ ਦਿੱਤਾ ਹੈ।
ਰਿਪੋਰਟ ਦੰਗਿਆਂ ਦੌਰਾਨ ਪੁਲਿਸ ਦੀ ਨਾਕਾਮੀ ਅਤੇ ਅਮਿਤ ਸ਼ਾਹ ਤੇ ਯੋਗੀ ਆਦਿੱਤਿਆਨਾਥ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਆਪਣੇ ਭਾਸ਼ਣਾਂ ਨਾਲ ਲੋਕਾਂ ਨੂੰ ਭੜਕਾਉਣ ਵੱਲ ਇਸ਼ਾਰਾ ਕਰਦੀ ਹੈ। ਰਿਪੋਰਟ ਮੁਤਾਬਕ 23 ਫਰਵਰੀ ਨੂੰ ਭਾਜਪਾ ਆਗੂ ਕਪਿਲ ਮਿਸ਼ਰਾ ਦੇ ਭਾਸ਼ਣ ਮਗਰੋਂ ਕਈ ਇਲਾਕਿਆਂ ਵਿਚ ਹਿੰਸਾ ਭੜਕੀ। ਰਿਪੋਰਟ ਮੁਤਾਬਕ ਕਪਿਲ ਮਿਸ਼ਰਾ ਵੱਲੋਂ ਕੀਤੀ ਭਾਸ਼ਣਬਾਜ਼ੀ ਮੌਕੇ ਇਲਾਕੇ ਦਾ ਪੁਲਿਸ ਅਧਿਕਾਰੀ ਵੇਦ ਪ੍ਰਕਾਸ਼ ਉੱਥੇ ਮੌਜੂਦ ਸੀ। ਰਿਪੋਰਟ ਵਿਚ ਤੱਥ ਪੇਸ਼ ਕੀਤੇ ਗਏ ਕਿ ਹਿੰਸਾ ਖੁਦ-ਬ-ਖ਼ੁਦ ਨਹੀਂ, ਬਲਕਿ ਯੋਜਨਾਬੱਧ, ਸੰਗਠਿਤ ਤੇ ਨਿਸ਼ਾਨਾ ਬਣਾਉਣ ਲਈ ਸੀ। ਕਮਿਸ਼ਨ ਨੇ ਰਿਪੋਰਟ ‘ਚ 22 ਫਰਵਰੀ ਤੋਂ 25 ਫਰਵਰੀ ਦੇ ਸਾਰੇ ਘਟਨਾਕ੍ਰਮ ਦਾ ਜ਼ਿਕਰ ਕੀਤਾ ਹੈ। ਸੁਪਰੀਮ ਕੋਰਟ ਦੇ ਵਕੀਲ ਐੱਮ.ਆਰ. ਸ਼ਮਸ਼ਾਦ ਦੀ ਪ੍ਰਧਾਨਗੀ ਵਾਲੀ 9 ਮੈਂਬਰੀ ਕਮੇਟੀ ਵਿਚ ਹਸੀਨਾ, ਤਹਿਮੀਨਾ ਅਰੋੜਾ, ਗੁਰਮਿੰਦਰ ਸਿੰਘ ਮਠਾਰੂ, ਸਲੀਮ ਬੇਗ, ਆਦਿਤੀ ਦੱਤਾ, ਤਨਵੀਰ ਕਾਜ਼ੀ, ਅਬੂ ਬਕਰ ਸਾਬਬਾਕ ਅਤੇ ਦੇਵਿਕਾ ਪ੍ਰਸਾਦ ਸ਼ਾਮਲ ਸਨ।


Share