ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਦੀ ਕੋ-ਆਪਸ਼ਨ 9 ਸਿਤੰਬਰ ਨੂੰ – ਇੰਦਰ ਮੋਹਨ ਸਿੰਘ

623
Share

9 ਮੈਂਬਰ ਨਾਮਜਦ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ !
ਦਿੱਲੀ, 31 ਅਗਸਤ (ਪੰਜਾਬ ਮੇਲ)-  ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਡਾਇਰੈਕਟਰ ਵਲੋਂ 9 ਸਿਤੰਬਰ 2021 ਨੂੰ ਦਿੱਲੀ ਦੇ ਵੱਖ-ਵੱਖ ਵਾਰਡਾਂ ਤੋਂ ਨਵੇਂ ਚੁਣੇ 46 ਮੈਂਬਰਾਂ ਦੀ ਮੀਟਿੰਗ ਸੱਦੀ ਗਈ ਹੈ, ਜਿਸ ‘ਚ ਦਿੱਲੀ ਸਿੱਖ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੇ 9 ਮੈਂਬਰਾਂ ਨੂੰ ਕੋ-ਆਪਟ ਅਰਥਾਤ ਨਾਮਜਦ ਕੀਤਾ ਜਾਵੇਗਾ । ਇਸ ਸਬੰਧ ‘ਚ ਜਾਣਕਾਰੀ ਦਿੰਦਿਆਂ ਦਿੱਲੀ ਗੁਰੂਦੁਆਰਾ ਚੋਣਾਂ ਮਾਮਲਿਆਂ ਦੇ ਮਾਹਿਰ ਸ. ਇੰਦਰ ਮੋਹਨ ਸਿੰਘ ਨੇ ਦਸਿਆ ਹੈ ਕਿ ਇਸ ਮੀਟਿੰਗ ‘ਚ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅਮਿ੍ਰਤਸਰ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸ੍ਰੀ ਅੰਨਦਪੁਰ ਸਾਹਿਬ, ਤਖਤ ਸ੍ਰੀ ਪਟਨਾ ਸਾਹਿਬ, ਤਖਤ ਸ੍ਰੀ ਹਜੂਰ ਸਾਹਿਬ ਨਾਂਦੇੜ੍ਹ ਦੇ ਜੱਥੇਦਾਰ ਸਾਹਿਬਾਨਾਂ, ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮਿ੍ਰਤਸਰ ਸਾਹਿਬ ਦਾ 1 ਨੁਮਾਇੰਦਾ, ਦਿੱਲੀ ਦੀਆਂ ਤਕਰੀਬਨ 300 ਰਜਿਸਟਰਡ ਸਿੰਘ ਸਭਾ ਗੁਰੂਦੁਆਰਿਆਂ ‘ਚੋਂ 2 ਪ੍ਰਧਾਨ ਲਾਟਰੀ ਰਾਹੀ ਅਤੇ ਦਿੱਲੀ ਦੇ 2 ਸਿੱਖ ਨੁਮਾਇੰਦੇ ਨਵੇਂ ਚੁਣੇ 46 ਮੈਂਬਰਾਂ ਦੀ ਵੋਟਾਂ ਰਾਹੀ ਨਾਮਜਦ ਕੀਤੇ ਜਾਣਗੇ। ਉਨ੍ਹਾਂ ਦਸਿਆ ਕਿ ਦਿੱਲੀ ਦੇ 2 ਸਿੱਖ ਨੁਮਾਇੰਦਿਆਂ ਦੀ ਚੋਣ ਲਈ ਦਿੱਲੀ ਸਰਕਾਰ ਦੇ ਗੁਰੁਦੁਆਰਾ ਚੋਣ ਵਿਭਾਗ ਵਲੌਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ, ਜਿਸ ਮੁਤਾਬਿਕ ਨਾਮਜਦਗੀ ਪਤਰ 4 ਸਿਤੰਬਰ ਤਕ ਗੁਰੂਦੁਆਰਾ ਚੋਣ ਡਾਇਰੈਕਟਰ ਦੇ ਸਨਮੁਖ ਦਾਖਿਲ ਕੀਤੇ ਜਾ ਸਕਦੇ ਹਨ । ਇਨ੍ਹਾਂ ਨਾਮਜਦਗੀ ਪਤਰਾਂ ਦੀ ਪੜ੍ਹਤਾਲ 6 ਸਿਤੰਬਰ ‘ਤੇ ਨਾਮ ਵਾਪਿਸ ਲੈਣ ਦੀ ਤਾਰੀਖ 8 ਸਿਤੰਬਰ 2021 ਮਿਥੀ ਗਈ ਹੈ। ਸ. ਇੰਦਰ ਮੋਹਨ ਸਿੰਘ ਨੇ ਦਸਿਆ ਕਿ ਗੁਰੁਦੁਆਰਾ ਨਿਯਮਾਂ ਮੁਤਾਬਿਕ ਇਕ ਉਮੀਦਵਾਰ ਵੱਧ ਤੋਂ ਵੱਧ 4 ਨਾਮਜਦਗੀ ਪਤਰ ਦਾਖਿਲ ਕਰ ਸਕਦਾ ਹੈ ਪਰੰਤੂ ਉਸ ਉਮੀਦਵਾਰ ਦੇ ਨਾਮ ਦੀ ਸਿਫਾਰਿਸ਼ ਦਿੱਲੀ ਕਮੇਟੀ ਦੇ ਕਿਸੇ ਨਵੇਂ ਚੁਣੇ ਮੈਂਬਰ ਵਲੋਂ ਕਰਨੀ ਲਾਜਮੀ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਹਾਲਾਂਕਿ ਘਟ ਤੋਂ ਘਟ 16 ਵੋਟਾਂ ਹਾਸਿਲ ਕਰਨ ਵਾਲੇ ਉਮੀਦਵਾਰ ਨੂੰ ਜੇਤੂ ਕਰਾਰ ਦਿਤਾ ਜਾਵੇਗਾ ਪਰੰਤੂ ਕੁੱਝ ਮੈਂਬਰਾਂ ਦੀ ਇਸ ਮੀਟਿੰਗ ‘ਚ ਗੈਰ-ਹਾਜਰੀ ਹੋਣ ਦੀ ਸੂਰਤ ‘ਚ ਇਹ ਵੋਟਾਂ ਦੀ ਗਿਣਤੀ ਘਟ ਵੀ ਸਕਦੀ ਹੈ। ਸ. ਇੰਦਰ ਮੋਹਨ ਸਿੰਘ ਨੇ ਕਿਹਾ ਕਿ ਇਹ ਚੋਣਾਂ ਰਾਜ-ਸਭਾ ਦੀ ਚੋਣਾਂ ਦੀ ਤਰਜ ‘ਤੇ ਕਰਵਾਈਆਂ ਜਾਂਦੀਆਂ ਹਨ ਜਿਸ ‘ਚ ਹਰ ਮੈਂਬਰ ਆਪਣੇ ਪਸੰਦ ਦੇ ਆਧਾਰ ‘ਤੇ ਇਕ ਤੋਂ ਵੱਧ ਉਮੀਦਵਾਰ ਨੂੰ ਇਕ ਤੋਂ ਵੱਧ ਵੋਟ ਪਾ ਸਕਦਾ ਹੈ, ਜਦਕਿ ਵੋਟਾਂ ਦੀ ਗਿਣਤੀ ਭਾਰਤ ਦੇ ਚੋਣ ਕਮੀਸ਼ਨ ਵਲੋਂ ਕੀਤੀ ਜਾਂਦੀ ਕੋਟਾ ਸਿਸਟਮ ਮੁਤਾਬਿਕ ਹੁੰਦੀ ਹੈ। ਉਨ੍ਹਾਂ ਦਸਿਆ ਕਿ ਮੋਜੂਦਾ ਚੋਣਾਂ ਦੀ ਪ੍ਰਕਿਰਿਆ ਸਿੰਤਬਰ ਮਹੀਨੇ ਦੇ ਆਖਿਰ ਤਕ ਕਾਰਜਕਾਰੀ ਬੋਰਡ ਦੀ ਚੋਣਾਂ ਤੋਂ ਉਪਰੰਤ ਸਮਾਪਤ ਹੋ ਜਾਵੇਗੀ।

Share